ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਗੂੰਜਣਗੇ ਖ਼ਾਲਸਾਈ ਜੈਕਾਰੇ: 14 ਦਸੰਬਰ ਨੂੰ ਰਵਾਨਾ ਹੋਵੇਗਾ ਇਤਿਹਾਸਕ ‘ਸੀਸ ਭੇਟ ਨਗਰ ਕੀਰਤਨ’
ਅੰਮ੍ਰਿਤਸਰ/ਦਿੱਲੀ
(ਰਣਜੀਤ ਸਿੰਘ ਮਸੌਣ):
“ਰੰਘਰੇਟੇ ਗੁਰੂ ਕੇ ਬੇਟੇ” ਦਾ ਮਹਾਨ ਵਰਦਾਨ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਇਤਿਹਾਸਕ ‘ਸੀਸ ਭੇਟ ਨਗਰ ਕੀਰਤਨ’ ਦੀਆਂ ਤਿਆਰੀਆਂ ਸਿਖਰਾਂ ‘ਤੇ ਪਹੁੰਚ ਗਈਆਂ ਹਨ। 14 ਤੋਂ 18 ਦਸੰਬਰ ਤੱਕ ਕੱਢੇ ਜਾ ਰਹੇ ਇਸ ਵਿਸ਼ਾਲ ਨਗਰ ਕੀਰਤਨ ਸਬੰਧੀ ਸੰਗਤਾਂ ਨੂੰ ਲਾਮਬੰਦ ਕਰਨ ਲਈ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦੱਸਿਆ ਕਿ ਨਗਰ ਕੀਰਤਨ ਨੂੰ ਲੈ ਕੇ ਸਿੱਖ ਸੰਗਤਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਤਿੰਨ ਸੂਬਿਆਂ ਦੀ ਪੁਲਿਸ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਪੂਰਨ ਸਹਿਯੋਗ ਸੀਸ ਭੇਟ ਨਗਰ ਕੀਰਤਨ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਪ੍ਰਧਾਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਅਤੇ ਖ਼ਜ਼ਾਨਚੀ ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਇਹ ਨਗਰ ਕੀਰਤਨ 14 ਦਸੰਬਰ ਨੂੰ ਸਵੇਰੇ ਠੀਕ 10 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ (ਦਿੱਲੀ) ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਖ਼ਾਲਸਾਈ ਜਾਹੋ-ਜਲਾਲ ਨਾਲ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮਹਾਨ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ), ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦਿੱਲੀ, ਹਰਿਆਣਾ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਨਾਲ ਉੱਚ-ਪੱਧਰੀ ਗੱਲਬਾਤ ਮੁਕੰਮਲ ਹੋ ਚੁੱਕੀ ਹੈ, ਜਿਨ੍ਹਾਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ।
ਸੰਗਤਾਂ ਲਈ ਰਿਹਾਇਸ਼ ਅਤੇ ਲੰਗਰ ਦੇ ਪੁਖ਼ਤਾ ਪ੍ਰਬੰਧ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਵਿੱਚ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਪੈਦਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਮਹਾਨ ਯੋਧੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਇਸ ਨਗਰ ਕੀਰਤਨ ਵਿੱਚ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ। ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ 14 ਤੋਂ 18 ਦਸੰਬਰ ਤੱਕ ਨਗਰ ਕੀਰਤਨ ਦੇ ਨਾਲ ਚੱਲਣ ਵਾਲੀਆਂ ਸਮੂਹ ਸੰਗਤਾਂ ਦੇ ਰਹਿਣ-ਸਹਿਣ ਅਤੇ ਗੁਰੂ ਕੇ ਲੰਗਰਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗਾ ਸ਼ਾਨਦਾਰ ਸਵਾਗਤ ਤੇ ਵਿਸ਼ਾਲ ਦੀਵਾਨ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 18 ਦਸੰਬਰ ਨੂੰ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰਾਂ, ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਹੋਰ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ਾਲ ਧਾਰਮਿਕ ਦੀਵਾਨ ਵੀ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ।
ਹਜ਼ਾਰਾਂ ਨਿਹੰਗ ਸਿੰਘ ਫ਼ੌਜਾਂ ਤੇ ਸੈਂਕੜੇ ਜਥੇਦਾਰ ਭਰਨਗੇ ਹਾਜ਼ਰੀ ਇਸ ਇਤਿਹਾਸਕ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨਿਹੰਗ ਸਿੰਘ ਫ਼ੌਜਾਂ ਅਤੇ ਸੈਂਕੜੇ ਜਥੇਦਾਰ ਸਾਹਿਬਾਨ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਜਥੇਦਾਰ ਸ਼ਮਸ਼ੇਰ ਸਿੰਘ ਬਾਲੇਵਾਲ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਦਿਲਬਾਗ਼ ਸਿੰਘ ਬਾਲੇਵਾਲ, ਜਥੇਦਾਰ ਹੀਰਾ ਸਿੰਘ ਕੋਟ ਖ਼ਾਲਸਾ, ਜਥੇਦਾਰ ਦਲਬੀਰ ਸਿੰਘ ਸੋਢੀ, ਜਥੇਦਾਰ ਰਣਜੀਤ ਸਿੰਘ ਸੋਢੀ ਲੰਗਲੇ ਵਾਲੇ, ਜਥੇਦਾਰ ਮਨਪ੍ਰੀਤ ਸਿੰਘ ਬਾਲੇਵਾਲ, ਜਥੇਦਾਰ ਬਲਬੀਰ ਸਿੰਘ ਖਾਪੜਖੇੜੀ, ਬਾਬਾ ਗੁਰਦਿੱਤ ਸਿੰਘ, ਭਾਈ ਅਰਸ਼ਦੀਪ ਸਿੰਘ ਸੋਢੀ, ਬਾਬਾ ਸਤਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਜਥੇਦਾਰ ਅਮਰੀਕ ਸਿੰਘ ਜ਼ੀਰਾ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਆਗੂ ਸ਼ਾਮਲ ਹੋਣਗੇ।