ਇਨਸਾਫ ਮਾਰਚ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ-21 ਨਵੰਬਰ ਨੂੰ ਦੁਪਹਿਰ 2 ਵਜੇ ਘੰਟਾ ਘਰ ਚੌਂਕ ਨੇੜੇ ਰੇਲਵੇ ਗੋਦਾਮ ਤੋਂ ਸ਼ੁਰੂ ਹੋਵੇਗਾ ਇਨਸਾਫ ਮਾਰਚ: ਦੀਵਾਨ
ਲੁਧਿਆਣਾ
( ਜਸਟਿਸ ਨਿਊਜ਼ )
ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ 21 ਨਵੰਬਰ ਦਿਨ ਸ਼ਨੀਵਾਰ ਨੂੰ ਕੱਢੇ ਜਾ ਰਹੇ ਇਨਸਾਫ ਮਾਰਚ ਦੀਆਂ ਤਿਆਰੀਆਂ ਸਬੰਧੀ ਇੱਕ ਮੀਟਿੰਗ ਲੁਧਿਆਣਾ ਸ਼ਹਿਰੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਸਥਾਨਕ ਸਰਾਭਾ ਨਗਰ ਵਿਖੇ ਹੋਈ।
ਇਸ ਮੌਕੇ ਪਵਨ ਦੀਵਾਨ ਨੇ ਕਿਹਾ ਕਿ ਵਿਰੋਧੀ ਦੇ ਲੀਡਰ ਅਤੇ ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਵੱਲੋਂ ਚਾਰ ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਗਈ ਇਨਸਾਫ ਰੈਲੀ ਦੌਰਾਨ ਸੂਬੇ ਦੀ ਨਾਕਾਮ ਸਰਕਾਰ ਤੋਂ ਲੋਕਾਂ ਨੂੰ ਇਨਸਾਫ ਦਿਲਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਕਾਨੂੰਨ ਅਤੇ ਵਿਵਸਥਾ ਦੀ ਮਾੜੀ ਹਾਲਤ, ਨਸ਼ਾ, ਮਾਫੀਆ ਰਾਜ ਅਤੇ ਸਰਕਾਰੀ ਸੰਸਾਧਨਾਂ ਦੀ ਹੋ ਰਹੀ ਲੁੱਟ ਤੋਂ ਲੋਕਾਂ ਨੂੰ ਇਨਸਾਫ ਦਲਾਉਣ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ਵਿੱਚ 21 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਘੰਟਾ ਘਰ ਚੌਕ ਨੇੜੇ ਰੇਲਵੇ ਗੋਦਾਮ ਤੋਂ ਇਹ ਮਾਰਚ ਸ਼ੁਰੂ ਹੋਵੇਗਾ ਅਤੇ ਚੌੜਾ ਬਜ਼ਾਰ ਹੁੰਦਿਆਂ 3 ਨੰਬਰ ਡਵੀਜਨ ਚੌਂਕ ਵਿੱਚ ਜਾ ਕੇ ਸੰਪੂਰਨ ਹੋਵੇਗਾ। ਇਸ ਦੌਰਾਨ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਉਹਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਨਸਾਫ ਮਾਰਚ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਦੀਵਾਨ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਨਿਕੰਮੀ ਅਤੇ ਨਕਾਰੀ ਸਰਕਾਰ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹਨ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਬ੍ਰਿਜਮੋਹਨ ਸ਼ਰਮਾ, ਹਰਭਗਤ ਸਿੰਘ ਗਰੇਵਾਲ, ਗੁਰਜੋਤ ਸਿੰਘ, ਪ੍ਰਭਜੋਤ ਸਿੰਘ, ਨਿਰਭੈ ਸਿੰਘ, ਵਿਜੇ ਰਾਏ, ਰਜਨੀਸ਼ ਸਿੰਘਲਾ, ਗੁਰਨਾਮ ਸਿੰਘ ਕਲੇਰ, ਹੇਮੰਤ ਮਹਾਜਨ, ਨੀਰਜ ਬਿਰਲਾ, ਵਰੁਣ ਸ਼ਰਮਾ, ਰੋਹਿਤ ਪਾਹਵਾ, ਐਡਵੋਕੇਟ ਸੰਦੀਪ ਅਰੋੜਾ ਵੀ ਮੌਜੂਦ ਰਹੇ।