ਮਲੇਰਕੋਟਲਾ ਦੀਆਂ ਸੜਕਾਂ ਬਣੀਆਂ ਪਾਰਕਿੰਗ ਅੱਡੇ, ਟਰੈਫਿਕ ਇੰਚਾਰਜ ਕਿੱਥੇ? ਦਿੱਲੀ ਗੇਟ ਤੋਂ ਸੱਠਾ ਬਾਜ਼ਾਰ ਅਤੇ ਬੱਸ ਸਟੈਂਡ ਤੋਂ ਕਾਲਜ ਰੋਡ ਤੱਕ ਜਾਮ ਨੇ ਕੱਢਿਆ ਲੋਕਾਂ ਦਾ ਦਮ!
ਮਲੇਰਕੋਟਲਾ
(ਸ਼ਹਿਬਾਜ਼ ਚੌਧਰੀ)
ਰਿਆਸਤੀ ਸ਼ਹਿਰ ਮਲੇਰਕੋਟਲਾ ਵਿੱਚ ਟਰੈਫਿਕ ਵਿਵਸਥਾ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਲੱਗਣ ਵਾਲੇ ਜਾਮ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਦਿੱਲੀ ਗੇਟ ਤੋਂ ਸੱਠੇ ਬਾਜ਼ਾਰ ਤੱਕ, ਉਰਦੂ ਅਕੈਡਮੀ ਦੇ ਸਾਹਮਣੇ ਅਤੇ ਬੱਸ ਸਟੈਂਡ ਤੋਂ ਕਾਲਜ ਰੋਡ ਤੱਕ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਿਸੇ ਵੀ ਪਾਸੇ ਨਿਕਲ ਜਾਓ, ਕਈ ਥਾਵਾਂ ’ਤੇ ਜਾਮ ਲੋਕਾਂ ਦਾ ਰਾਹ ਰੋਕਦਾ ਨਜ਼ਰ ਆਉਂਦਾ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਮਲੇਰਕੋਟਲਾ ਦੀ ਟਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਕਿਸ ਦੀ ਹੈ? ਸੜਕਾਂ ’ਤੇ ਵਾਹਨ ਇਸ ਤਰ੍ਹਾਂ ਖੜ੍ਹੇ ਕੀਤੇ ਜਾਂਦੇ ਹਨ ਜਿਵੇਂ ਸੜਕਾਂ ਆਮ ਆਵਾਜਾਈ ਲਈ ਨਹੀਂ, ਸਗੋਂ ਨਿੱਜੀ ਪਾਰਕਿੰਗ ਲਈ ਬਣਾਈਆਂ ਗਈਆਂ ਹੋਣ। ਕਈ ਵਾਹਨ ਚਾਲਕਾਂ ਨੂੰ ਨਾ ਆਮ ਲੋਕਾਂ ਦੀ ਪਰੇਸ਼ਾਨੀ ਦੀ ਪਰਵਾਹ ਹੈ ਅਤੇ ਨਾ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਹੋਣ ਦਾ ਕੋਈ ਡਰ ਦਿਖਾਈ ਦਿੰਦਾ ਹੈ।
ਕੀ ਟਰੈਫਿਕ ਵਿਭਾਗ ਨੂੰ ਸ਼ਹਿਰ ਦੀਆਂ ਇਹ ਸੜਕਾਂ ਦਿਖਾਈ ਨਹੀਂ ਦਿੰਦੀਆਂ ਜਾਂ ਫਿਰ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ? ਇਹ ਸਵਾਲ ਹੁਣ ਸ਼ਹਿਰ ਦੇ ਆਮ ਨਾਗਰਿਕਾਂ ਦੀ ਜ਼ੁਬਾਨ ’ਤੇ ਹੈ। ਜੇਕਰ ਮੁੱਖ ਬਾਜ਼ਾਰਾਂ ਅਤੇ ਰੁਝੇਵਿਆਂ ਵਾਲੀਆਂ ਸੜਕਾਂ ’ਤੇ ਹੀ ਆਵਾਜਾਈ ਸੁਚਾਰੂ ਨਹੀਂ ਹੋ ਸਕਦੀ ਤਾਂ ਫਿਰ ਟਰੈਫਿਕ ਪ੍ਰਬੰਧਾਂ ਦਾ ਕੀ ਫਾਇਦਾ?
ਜਾਮ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ, ਰਾਹਗੀਰਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਭਾਰੀ ਦਿੱਕਤਾਂ ਆ ਰਹੀਆਂ ਹਨ। ਜੇਕਰ ਕਿਸੇ ਐਮਰਜੈਂਸੀ ਵਿੱਚ ਐਂਬੂਲੈਂਸ ਨੂੰ ਇਨ੍ਹਾਂ ਰਸਤਿਆਂ ਤੋਂ ਲੰਘਣਾ ਪੈ ਜਾਵੇ ਤਾਂ ਹਾਲਾਤ ਕਿੰਨੇ ਗੰਭੀਰ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।
ਸ਼ਹਿਰ ਵਾਸੀਆਂ ਨੇ ਟਰੈਫਿਕ ਇੰਚਾਰਜ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਿਰਫ਼ ਕਾਗਜ਼ੀ ਕਾਰਵਾਈ ਦੀ ਬਜਾਏ ਜ਼ਮੀਨੀ ਪੱਧਰ ’ਤੇ ਕਾਰਵਾਈ ਕੀਤੀ ਜਾਵੇ। ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ, ਮੁੱਖ ਸੜਕਾਂ ’ਤੇ ਨਿਯਮਤ ਟਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇ ਅਤੇ ਜਾਮ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ।
ਹੁਣ ਮਲੇਰਕੋਟਲਾ ਦੇ ਲੋਕਾਂ ਦਾ ਸਵਾਲ ਹੈ—ਕੀ ਸ਼ਹਿਰ ਦੀਆਂ ਸੜਕਾਂ ਆਮ ਲੋਕਾਂ ਦੇ ਚੱਲਣ ਲਈ ਹਨ ਜਾਂ ਵਾਹਨ ਖੜ੍ਹੇ ਕਰਨ ਲਈ? ਟਰੈਫਿਕ ਇੰਚਾਰਜ ਸਾਹਿਬ, ਲੋਕਾਂ ਨੂੰ ਜਵਾਬ ਨਹੀਂ, ਜਾਮ ਤੋਂ ਰਾਹਤ ਚਾਹੀਦੀ ਹੈ!