November 15, 2026

Justice News

ਅਵਾਮ ਦੀ ਆਵਾਜ਼

ਪੰਡਿਤ ਜਵਾਹਰਲਾਲ ਨਹਿਰੂ ਦੇ ਆਦਰਸ਼ ਆਉਂਦੀਆਂ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੇ ਰਹਿਣਗੇ:137ਵੇਂ ਜਨਮ ਦਿਵਸ ਮੌਕੇ ਪੰਡਿਤ ਨਹਿਰੂ ਨੂੰ ਸ਼ਰਧਾਂਜ਼ਲੀ ਭੇਟ ਕੀਤੀ- ਪਵਨ ਦੀਵਾਨ

ਲੁਧਿਆਣਾ

( ਜਸਟਿਸ ਨਿਊਜ਼ )

ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦਾ ਜਨਮ ਦਿਵਸ ਮਨਾਇਆ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਦੀਵਾਨ ਨੇ ਪੰਡਿਤ ਨਹਿਰੂ ਦੀ ਤਸਵੀਰ ਅੱਗੇ ਫੁੱਲ ਭੇਟ ਕਰਦਿਆਂ, ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਦੱਸਿਆ ਅਤੇ ਦੇਸ਼ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰੀ ਕਦਰਾਂ-ਕੀਮਤਾਂ, ਸੰਵਿਧਾਨਕ ਸਿਧਾਂਤਾਂ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਨਹਿਰੂ ਦੀ ਅਟੁੱਟ ਵਚਨਬੱਧਤਾ ਨੇ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੀ ਨੀਂਹ ਰੱਖੀ।

ਦੀਵਾਨ ਨੇ ਕਿਹਾ ਕਿ ਆਧੁਨਿਕ ਅਤੇ ਅਗਾਂਹਵਧੂ ਰਾਸ਼ਟਰ ਸਿਰਜਣ ਸਬੰਧੀ ਨਹਿਰੂ ਦੀ ਸੋਚ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਨਹਿਰੂ ਵੱਲੋਂ ਦਰਸਾਏ ਗਏ ਆਦਰਸ਼, ਖ਼ਾਸ ਕਰਕੇ ਲੋਕਤੰਤਰ, ਸਮਾਜਿਕ ਨਿਆਂ, ਸਮਾਨਤਾ ਅਤੇ ਧਰਮ ਨਿਰਪੱਖਤਾ ਅੱਜ ਵੀ ਬੇਹੱਦ ਪ੍ਰਸੰਗਿਕ ਹਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ।

ਦੀਵਾਨ ਨੇ ਨਹਿਰੂ ਦੀ ਸਦੀਵੀ ਵਿਰਾਸਤ ਦਾ ਜ਼ਿਕਰ ਕਰਦਿਆਂ, ਕਿਹਾ ਕਿ ਭਾਰਤ ਦੇ ਸਿਆਸੀ, ਆਰਥਿਕ ਅਤੇ ਸਮਾਜਿਕ ਬਦਲਾਅ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਸੀ। ਉਨ੍ਹਾਂ ਨੇ ਬੱਚਿਆਂ ਪ੍ਰਤੀ ਨਹਿਰੂ ਦੇ ਡੂੰਘੇ ਪਿਆਰ ਅਤੇ ਦੇਸ਼ ਦੀ ਵਿਭਿੰਨ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਦੇ ਬਾਵਜੂਦ ਏਕਤਾ ਕਾਇਮ ਰੱਖਣ ਵਿੱਚ ਪੰਡਿਤ ਨਹਿਰੂ ਦੇ ਅਟੁੱਟ ਵਿਸ਼ਵਾਸ ਨੂੰ ਵੀ ਯਾਦ ਕੀਤਾ।

ਦੀਵਾਨ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਹਿਰੂ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਲੋਕਤੰਤਰ, ਏਕਤਾ ਤੇ ਕੌਮੀ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੋ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਕਈ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਸਮੇਂ ਵਿੱਚ ਵਿਗਿਆਨਕ ਸੋਚ, ਸਮਾਵੇਸ਼ੀ ਵਿਕਾਸ ਅਤੇ ਭਾਈਚਾਰਕ ਸਾਂਝ ਸਬੰਧੀ ਨਹਿਰੂ ਦੀ ਵਿਚਾਰਧਾਰਾ ਪਹਿਲਾਂ ਨਾਲੋਂ ਵੀ ਵਧੇਰੇ ਪ੍ਰਸੰਗਿਕ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਯੋਗੇਸ਼ ਸਾਹਨੀ, ਪੀਪੀਸੀਸੀ ਮੈਂਬਰ ਸੁਸ਼ੀਲ ਮਲਹੋਤਰਾ, ਗੁਰਿੰਦਰਜੀਤ ਕਪੂਰ, ਨੀਰਜ ਬਿਰਲਾ, ਬ੍ਰਿਜ ਮੋਹਨ ਸ਼ਰਮਾ, ਗੁਰਨਾਮ ਸਿੰਘ ਕਲੇਰ, ਰਜਨੀਸ਼ ਚੋਪੜਾ, ਡਾ. ਰਾਜੇਸ਼ ਅਰੋੜਾ, ਹੇਮੰਤ ਮਹਾਜਨ, ਹਰਭਗਤ ਸਿੰਘ ਗਰੇਵਾਲ, ਵਰੁਣ ਸ਼ਰਮਾ, ਗੁਰਜੋਤ ਸਿੰਘ, ਪਰਭਜੋਤ ਸਿੰਘ, ਵਿਜੈ ਰਾਏ, ਜਗਮੇਲ ਸਿੰਘ ਬਾਵਾ, ਨਿਰਬਾਹੀ ਸਿੰਘ ਅਤੇ ਰਜਨੀਸ਼ ਸਿੰਗਲਾ ਵੀ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.