ਕਮਿਸ਼ਨਰੇਟ ਪੁਲਿਸ ਵੱਲੋਂ 138 ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਬਰਾਮਦ ਨਸ਼ੀਲੇ ਪਦਾਰਥ ਨਿਯਮਾਂ ਅਨੁਸਾਰ ਨਸ਼ਟ-ਹੈਰੋਇਨ, ਚਰਸ ਅਤੇ ਭੁੱਕੀ ਸਮੇਤ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਖੰਨਾ ਪੇਪਰ ਮਿੱਲ ਦੇ ਬਾਇਲਰ ‘ਚ ਪਾ ਕੇ ਕੀਤੇ ਤਬਾਹ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ 138 ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਤੇ ਨਿਯਮਾਂ ਅਨੁਸਾਰ ਨਸ਼ਟ ਕੀਤਾ ਗਿਆ। ਇਹ ਕਾਰਵਾਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ (ਆਈ.ਪੀ.ਐੱਸ.) ਦੀਆਂ ਹਦਾਇਤਾਂ ’ਤੇ ‘ਡਰੱਗ ਡਿਸਪੋਜ਼ਲ ਕਮੇਟੀ’ ਦੀ ਪ੍ਰਤੱਖ ਨਿਗਰਾਨੀ ਹੇਠ ਅਮਲ ਵਿੱਚ ਲਿਆਂਦੀ ਗਈ।
ਇਸ ਕਾਰਵਾਈ ਦੌਰਾਨ ਡੀ.ਸੀ.ਪੀ. (ਇਨਵੈਸਟੀਗੇਸ਼ਨ) ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਸ੍ਰੀ ਜਯੰਤ ਪੁਰੀ ਅਤੇ ਏ.ਸੀ.ਪੀ. ਸ੍ਰੀ ਕਪਿਲ ਕੌਸ਼ਲ ਦੀ ਦੇਖ-ਰੇਖ ਹੇਠ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਬਾਇਲਰ ਵਿੱਚ ਪਾ ਕੇ ਸੜਾਇਆ ਗਿਆ।
ਨਸ਼ਟ ਕੀਤੇ ਗਏ ਖੇਪ ਵਿੱਚ 18.499 ਕਿਲੋਗ੍ਰਾਮ ਹੈਰੋਇਨ, 50.012 ਕਿਲੋਗ੍ਰਾਮ ਚਰਸ, 71.800 ਕਿਲੋਗ੍ਰਾਮ ਭੁੱਕੀ, 3.353 ਕਿਲੋਗ੍ਰਾਮ ਨਸ਼ੀਲਾ ਪਾਊਡਰ, 857 ਗ੍ਰਾਮ ਸਮੈਕ, 2.170 ਕਿਲੋਗ੍ਰਾਮ ਗਾਂਜਾ ਅਤੇ 198 ਗ੍ਰਾਮ ਭੰਗ ਸ਼ਾਮਲ ਹਨ। ਇਸ ਤੋਂ ਇਲਾਵਾ 15,831 ਨਸ਼ੀਲੇ ਕੈਪਸੂਲ, 3,955 ਨਸ਼ੀਲੀਆਂ ਗੋਲੀਆਂ, 76 ਨਸ਼ੀਲੇ ਟੀਕੇ ਅਤੇ ਖੰਘ ਵਾਲੇ ਸਿਰਪ ਦੀਆਂ 5 ਬੋਤਲਾਂ ਵੀ ਪੂਰੀ ਤਰ੍ਹਾਂ ਨਸ਼ਟ ਕੀਤੀਆਂ ਗਈਆਂ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉੱਥੇ ਹੀ ਬਰਾਮਦ ਨਸ਼ੀਲੇ ਪਦਾਰਥਾਂ ਦੇ ਨਿਪਟਾਰੇ ਲਈ ਵੀ ਕਾਨੂੰਨੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੁਹਰਾਇਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਿਆਂ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।