ਨੇਤਰਹੀਣਾਂ ਤੇ ਅੰਗਹੀਣਾਂ ਦੇ ਵਫ਼ਦ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਅਹਿਮ ਮੀਟਿੰਗ: ਮੰਗਾਂ ਜਲਦ ਹੱਲ ਕਰਨ ਦਾ ਮਿਲਿਆ ਭਰੋਸਾ
ਚੰਡੀਗੜ੍ਹ,
( ਜਸਟਿਸ ਨਿਊਜ਼ )
ਨੈਸ਼ਨਲ ਫੈਡਰੇਸ਼ਨ ਆਫ ਦਿ ਬਲਾਈਂਡ (NFB) ਪੰਜਾਬ ਬ੍ਰਾਂਚ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਦੇ ਸਾਂਝੇ ਵਫ਼ਦ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਅਹਿਮ ਮੰਗਾਂ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਬਹੁਤ ਹੀ ਸੁਖਾਵੇਂ ਅਤੇ ਉਸਾਰੂ ਮਾਹੌਲ ਵਿੱਚ ਹੋਈ ਇਸ ਚਰਚਾ ਦੌਰਾਨ ਵਿੱਤ ਮੰਤਰੀ ਨੇ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਜਲਦ ਲਾਗੂ ਕਰਨ ਦਾ ਪੂਰਨ ਭਰੋਸਾ ਦਿੱਤਾ।
ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕੋਟਾ ਅਤੇ ਬੈਕਲਾਗ:
ਵਫ਼ਦ ਵੱਲੋਂ ਨੇਤਰਹੀਣਾਂ ਲਈ ਸਰਕਾਰੀ ਨੌਕਰੀਆਂ ਵਿੱਚ 1% ਰਾਖਵਾਂ ਕੋਟਾ ਅਤੇ ਬਕਾਇਆ ਬੈਕਲਾਗ ਤੁਰੰਤ ਭਰਨ ਦੀ ਮੰਗ ਰੱਖੀ ਗਈ। ਇਸ ‘ਤੇ ਵਿੱਤ ਮੰਤਰੀ ਵੱਲੋਂ ਸਥਿਤੀ ਸਪੱਸ਼ਟ ਕਰਨ ਦੇ ਹੁਕਮਾਂ ਮਗਰੋਂ ਸਮਾਜਿਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਦਰਜਾ ਚਾਰ (ਕਲਾਸ-4) ਦੀਆਂ ਪੋਸਟਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ। ਕਲਾਸ-ਬੀ ਅਤੇ ਸੀ ਦੀਆਂ ਅਸਾਮੀਆਂ ਬਾਰੇ ਵਿਭਾਗ ਵੱਲੋਂ ਕੋਈ ਬੈਕਲਾਗ ਬਕਾਇਆ ਨਾ ਹੋਣ ਅਤੇ ਨਵੀਂ ਭਰਤੀ ਵਿੱਚ ਇਹ ਕੋਟਾ ਨਾਲੋ-ਨਾਲ ਪੂਰਾ ਕਰਨ ਦੀ ਗੱਲ ਕਹੀ ਗਈ। ਹਾਲਾਂਕਿ, ਜਥੇਬੰਦੀਆਂ ਵੱਲੋਂ ਰੋਸਟਰ ਰਜਿਸਟਰਾਂ ਦੀ ਪੜਤਾਲ ਦੀ ਮੰਗ ‘ਤੇ ਵਿੱਤ ਮੰਤਰੀ ਨੇ ਤੁਰੰਤ ਨਿਰਦੇਸ਼ ਜਾਰੀ ਕੀਤੇ ਕਿ ਸਾਰੇ ਵਿਭਾਗਾਂ ਦੇ ਰੋਸਟਰ ਰਜਿਸਟਰਾਂ ਦੀ ਮੁੜ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜਿੱਥੇ ਵੀ ਨੇਤਰਹੀਣ ਤੇ ਅੰਗਹੀਣ ਵਰਗ ਦਾ ਬੈਕਲਾਗ ਬਣਦਾ ਹੈ, ਉਸ ਨੂੰ ਭਰਨ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
ਮਹੀਨਾਵਾਰ ਪੈਨਸ਼ਨ ਵਿੱਚ ਵਾਧਾ:
ਮੌਜੂਦਾ ਸਮੇਂ ਦਿੱਤੀ ਜਾ ਰਹੀ ₹1500 ਮਹੀਨਾਵਾਰ ਪੈਨਸ਼ਨ ਨੂੰ ਵਧਾਉਣ ਦੀ ਮੰਗ ‘ਤੇ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਵਿਸ਼ੇ ‘ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਇਸ ਵਰਗ ਦੀ ਪੈਨਸ਼ਨ ਵਿੱਚ ਵਾਧਾ ਕਰੇਗੀ, ਜਿਸ ਨਾਲ ਸੂਬੇ ਦੇ ਲਗਭਗ 2 ਲੱਖ 83 ਹਜ਼ਾਰ ਨੇਤਰਹੀਣ ਅਤੇ ਅੰਗਹੀਣ ਵਿਅਕਤੀਆਂ ਨੂੰ ਫਾਇਦਾ ਹੋਵੇਗਾ.
ਜਮਾਲਪੁਰ (ਲੁਧਿਆਣਾ) ਸੰਸਥਾ ਸਿੱਖਿਆ ਵਿਭਾਗ ਨੂੰ ਸੌਂਪਣ ਦਾ ਫ਼ੈਸਲਾ:
ਨੇਤਰਹੀਣਾਂ ਲਈ ਜਮਾਲਪੁਰ (ਲੁਧਿਆਣਾ) ਵਿਖੇ ਚੱਲ ਰਹੀ ਸਰਕਾਰੀ ਸੰਸਥਾ ਨੂੰ ਸਿੱਖਿਆ ਵਿਭਾਗ ਅਧੀਨ ਲਿਆਉਣ ਦੀ ਮੰਗ ‘ਤੇ ਵਿੱਤ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੂੰ ਜਲਦ ਸਿੱਖਿਆ ਵਿਭਾਗ ਨੂੰ ਹੈਂਡ-ਓਵਰ ਕੀਤਾ ਜਾਵੇਗਾ ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਆਰੀ ਅਤੇ ਬਿਹਤਰ ਸਿੱਖਿਆ ਪ੍ਰਬੰਧ ਮੁਹੱਈਆ ਕਰਵਾਏ ਜਾ ਸਕਣ।
ਮੀਟਿੰਗ ਉਪਰੰਤ ਨੇਤਰਹੀਣ ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦਾ ਰਵੱਈਆ ਬਹੁਤ ਸਾਰਥਕ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਨੇਤਰਹੀਣ ਅਤੇ ਅੰਗਹੀਣ ਵਰਗ ਨੂੰ ਜਲਦ ਇਨਸਾਫ਼ ਦੇਵੇਗੀ।
ਇਸ ਵਫ਼ਦ ਵਿੱਚ ਐਨ.ਐਫ.ਬੀ. ਪੰਜਾਬ ਬ੍ਰਾਂਚ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਚਾਹਲ, ਭਾਰਤ ਨੇਤਰਹੀਣ ਸੇਵਕ ਸਮਾਜ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਮੀਡੀਆ ਇੰਚਾਰਜ ਪਰਮਿੰਦਰ ਸਿੰਘ ਫੁੱਲਾਂਵਾਲ, ਬਾਬਾ ਸੂਬਾ ਸਿੰਘ ਚੰਦੂਵਾਣਾ ਸਾਹਿਬ ਅਤੇ ਰਾਗੀ ਜਸਵੰਤ ਸਿੰਘ ਕੋਟ ਈਸੇ ਖਾਂ vਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।