ਸੋਸ਼ਲ ਮੀਡੀਆ ਦੀ ਭੜਕ-ਧੜਕ ਤੋਂ ਬ੍ਰੇਨ ਟਿਊਮਰ ਦੀ ਤਲਖ਼ ਹਕੀਕਤ ਤੱਕ: ‘ਕੁੱਲੜ੍ਹ ਪੀਜ਼ਾ’ ਕਪਲ ਦੀ ਦਰਦਨਾਕ ਦਾਸਤਾਨ
ਵਿਸ਼ੇਸ਼ ਰਿਪੋਰਟ
ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ/ ਇੰਗਲੈਂਡ
ਪੰਜਾਬ ਵਿੱਚ ਫੇਸਬੁੱਕ ਅਤੇ ਸੋਸ਼ਲ ਮੀਡੀਆ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਅਸੀਂ ਇੰਟਰਨੈੱਟ ਦੀ ਦੁਨੀਆ ਵਿੱਚ ਅਣਗਿਣਤ ਉਤਾਰ-ਚੜ੍ਹਾਅ ਵੇਖੇ ਹਨ। ਖਾਸ ਕਰਕੇ ਸਾਲ 2016 ਤੋਂ ਬਾਅਦ ਸੋਸ਼ਲ ਮੀਡੀਆ ਇੱਕ ਵੱਖਰੇ ਹੀ ਮੋੜ ‘ਤੇ ਆ ਖੜ੍ਹਾ ਹੋਇਆ। ਅਚਾਨਕ ਵਾਇਰਲ ਹੁੰਦੇ ਚਿਹਰੇ, ਬੇਸੁਰੇ ਗਾਇਕ, ਬੇਹੂਦਾ ਕਾਰੇ ਅਤੇ ਸਸਤੀ ਸ਼ੋਹਰਤ ਹਾਸਲ ਕਰਨ ਵਾਲੀਆਂ ਜੋੜੀਆਂ ਦਾ ਹੜ੍ਹ ਆ ਗਿਆ। ਜਦੋਂ ਇਹਨਾਂ ਮੰਚਾਂ ਤੋਂ ਪੈਸਾ ਅਤੇ ਕਮਾਈ ਹੋਣ ਲੱਗੀ, ਤਾਂ ਰਾਤੋ-ਰਾਤ ਮਸ਼ਹੂਰ ਹੋਣ ਦਾ ਇਹ ਚਸਕਾ ਲੋਕਾਂ ਲਈ ਇੱਕ ਜਨੂੰਨ ਬਣ ਗਿਆ।
ਏਸੇ ਦੌਰ ਅਤੇ ਵਾਇਰਲ ਕਲਚਰ ਵਿੱਚੋਂ ਹੀ ਨਿਕਲਿਆ ਸੀ ਜਲੰਧਰ ਦਾ ਇੱਕ ਜੋੜਾ—ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ। ਇੱਕ ਰੇਹੜੀ ਤੋਂ ‘ਕੁੱਲੜ੍ਹ ਪੀਜ਼ਾ’ ਦਾ ਨਵਾਂ ਕਾਨਸੈਪਟ ਲਿਆ ਕੇ ਇਸ ਜੋੜੇ ਨੇ ਇੰਟਰਨੈੱਟ ‘ਤੇ ਅਜਿਹਾ ਧਮਾਕਾ ਕੀਤਾ ਕਿ ਹਰ ਪਾਸੇ ਇਹਨਾਂ ਦੀਆਂ ਹੀ ਗੱਲਾਂ ਹੋਣ ਲੱਗੀਆਂ। ਵੇਖਦਿਆਂ ਹੀ ਵੇਖਦਿਆਂ ਰੇਹੜੀ ਤੋਂ ਇੱਕ ਵੱਡੀ ਦੁਕਾਨ ਖੁੱਲ੍ਹ ਗਈ, ਪਰ ਇਸ ਵੱਧਦੀ ਸ਼ੋਹਰਤ ਦੇ ਨਾਲ-ਨਾਲ ਲਾਲਚ, ਵਾਦ-ਵਿਵਾਦ ਅਤੇ ਵਿਵਾਦਪੂਰਨ ਕਾਰਨਾਮੇ ਵੀ ਪਿੱਛੇ-ਪਿੱਛੇ ਤੁਰ ਪਏ।
ਇੱਕ ਗਲਤੀ ਅਤੇ ਸ਼ੋਹਰਤ ਦਾ ਦਰਦਨਾਕ ਅੰਤ
ਰੋਜ਼ਾਨਾ ਲਾਈਵ ਆਉਣ ਅਤੇ ਹਰ ਨਿੱਜੀ ਪਲ ਨੂੰ ਕੈਮਰੇ ‘ਚ ਕੈਦ ਕਰਨ ਦੀ ਹੋੜ ‘ਚ ਇਹ ਜੋੜਾ ਆਪਸੀ ਨਿੱਜੀ ਪਲਾਂ ਦੀ ਵੀਡੀਓ ਰਿਕਾਰਡ ਕਰਨ ਜਿਹੀ ਵੱਡੀ ਗਲਤੀ ਕਰ ਬੈਠਾ। ਜਦੋਂ ਉਹ ਵੀਡੀਓ ਵਾਇਰਲ ਹੋਈ, ਤਾਂ ਜਿਸ ਸੋਸ਼ਲ ਮੀਡੀਆ ਅਤੇ ਜਨਤਾ ਨੇ ਇਹਨਾਂ ਨੂੰ ਸਿਰ-ਅੱਖਾਂ ‘ਤੇ ਬਿਠਾਇਆ ਸੀ, ਓਹੀ ਜਨਤਾ ਇਹਨਾਂ ਦਾ ਜਲੂਸ ਕੱਢਣ ‘ਤੇ ਆ ਗਈ। ਮਾਨਸਿਕ ਤਣਾਅ, ਲਗਾਤਾਰ ਟ੍ਰੋਲਿੰਗ ਅਤੇ ਜਨਤਕ ਰੂਪ ‘ਚ ਹੋਈ ਬਦਨਾਮੀ ਤੋਂ ਤੰਗ ਆ ਕੇ ਇਹ ਜੋੜਾ ਪੰਜਾਬ ਛੱਡ ਕੇ ਇੰਗਲੈਂਡ (UK) ਚਲਾ ਗਿਆ ਤਾਂ ਜੋ ਇੱਕ ਨਵੀਂ ਅਤੇ ਸ਼ਾਂਤ ਜ਼ਿੰਦਗੀ ਜੀਅ ਸਕੇ।
ਹਸਪਤਾਲ ਦੇ ਬੈੱਡ ਤੋਂ ਆਈ ਵੀਡੀਓ ਨੇ ਸਭ ਨੂੰ ਝੰਜੋੜਿਆ
ਪਰ ਹਾਲ ਹੀ ਵਿੱਚ ਇੰਗਲੈਂਡ ਤੋਂ ਆਈ ਇੱਕ ਵੀਡੀਓ ਨੇ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਹਿਜ ਅਰੋੜਾ ਹਸਪਤਾਲ ਦੇ ਬੈੱਡ ‘ਤੇ ਲੇਟਿਆ ਹੋਇਆ ਹੈ। ਚਿਹਰੇ ‘ਤੇ ਸ਼ੋਹਰਤ ਦੀ ਚਮਕ ਦੀ ਥਾਂ ਗੰਭੀਰ ਬੀਮਾਰੀ ਦਾ ਦਰਦ ਹੈ। ਆਪਣਾ ਦੁਖੜਾ ਬਿਆਨ ਕਰਦਿਆਂ ਉਸ ਨੇ ਦੱਸਿਆ ਕਿ ਉਹ ‘ਬ੍ਰੇਨ ਟਿਊਮਰ’ (Brain Tumor) ਜਿਹੀ ਨਾਮੁਰਾਦ ਬੀਮਾਰੀ ਨਾਲ ਜੂਝ ਰਿਹਾ ਹੈ।
ਵੀਡੀਓ ਵਿੱਚ ਸਹਿਜ ਦੀਆਂ ਅੱਖਾਂ ‘ਚ ਅਪੀਲ ਸੀ, ਪਰ ਉਸ ਨੂੰ ਆਪਣੀ ਬੀਮਾਰੀ ਨਾਲੋਂ ਵੀ ਵੱਧ ਚਿੰਤਾ ਆਪਣੀ ਪਤਨੀ ਦੀ ਸੀ। ਉਸ ਨੇ ਬੇਹੱਦ ਦੁਖੀ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ:
“ਮੈਨੂੰ ਨਹੀਂ ਪਤਾ ਮੇਰੇ ਕੋਲ ਕਿੰਨਾ ਸਮਾਂ ਹੈ… ਪਰ ਮੇਰੇ ਤੋਂ ਬਾਅਦ ਮੇਰੀ ਪਤਨੀ ਨੂੰ ਟ੍ਰੋਲ ਨਾ ਕਰਿਓ, ਉਸ ਨੂੰ ਜੀਣ ਦਿਓ।”
ਅਵਿਸ਼ਵਾਸ ਦਾ ਆਲਮ: ਅਜੇ ਵੀ ਲੋਕ ਦੱਸ ਰਹੇ ਨੇ ‘ਡਰਾਮਾ’
ਦੁਖਦ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ ‘ਤੇ ‘ਸਟੰਟ’ ਅਤੇ ‘ਡਰਾਮੇ’ ਵੇਖ-ਵੇਖ ਕੇ ਲੋਕ ਏਨੇ ਬੇ-ਇਤਬਾਰੇ ਹੋ ਚੁੱਕੇ ਹਨ ਕਿ ਹਸਪਤਾਲ ਦੇ ਬੈੱਡ ‘ਤੇ ਪਏ ਬੰਦੇ ਦੀ ਇਸ ਗੰਭੀਰ ਬੀਮਾਰੀ ਨੂੰ ਵੀ ਕਈ ਲੋਕ ਅਜੇ ਤੱਕ “ਨਵਾਂ ਡਰਾਮਾ” ਜਾਂ “ਵਿਊਜ਼ (Views) ਲੈਣ ਦਾ ਤਰੀਕਾ” ਦੱਸ ਰਹੇ ਹਨ। ਇਹ ਵੇਖ ਕੇ ਮਨ ਅੰਦਰੋਂ ਕੰਬ ਉੱਠਦਾ ਹੈ ਕਿ ਸਾਡਾ ਸਮਾਜ ਸੰਵੇਦਨਾ ਪੱਖੋਂ ਕਿੰਨਾ ਕੋਰਾ ਹੋ ਚੁੱਕਾ ਹੈ।
ਵਿਚਾਰਨਯੋਗ ਮੁੱਦਾ: ਸਾਦਗੀ ਹੀ ਅਸਲ ਜ਼ਿੰਦਗੀ ਹੈ
ਇਸ ਜੋੜੇ ਦਾ ਇਹ ਹਾਲ ਵੇਖ ਕੇ ਜਿੱਥੇ ਮਨ ਬੇਹੱਦ ਉਦਾਸ ਹੁੰਦਾ ਹੈ, ਉੱਥੇ ਹੀ ਇਹ ਘਟਨਾ ਸਾਨੂੰ ਸਾਰਿਆਂ ਨੂੰ ਇੱਕ ਵੱਡਾ ਸਬਕ ਵੀ ਦਿੰਦੀ ਹੈ। ਸੋਸ਼ਲ ਮੀਡੀਆ ਦੀ ਝੂਠੀ ਸ਼ਾਨੋ-ਸ਼ੌਕਤ, ਲਾਈਕਸ, ਫਾਲੋਅਰਜ਼ ਅਤੇ ਧਾਮ-ਝਾਮ ਵਿੱਚ ਉਲਝਣ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਸਾਦਾ, ਸੰਜਮਪੂਰਨ ਅਤੇ ਅਣਖ ਨਾਲ ਜੀਉਣਾ ਹੀ ਸਭ ਤੋਂ ਵੱਡੀ ਦੌਲਤ ਹੈ।
ਅੱਜ ਲੋੜ ਹੈ ਕਿ ਅਸੀਂ ਇੱਕ ਸਮਾਜ ਦੇ ਤੌਰ ‘ਤੇ ਆਪਣੀ ਇਨਸਾਨੀਅਤ ਨੂੰ ਜਗਾਓ। ਇੰਗਲੈਂਡ ਵਿੱਚ ਇਲਾਜ ਕਰਵਾ ਰਹੇ ਸਹਿਜ ਅਰੋੜਾ ਦੀ ਜਲਦ ਸਿਹਤਯਾਬੀ ਲਈ ਅਰਦਾਸ/ਦੁਆ ਕਰੀਏ ਅਤੇ ਲੋਕਾਂ ਨੂੰ ਵੀ ਜੋੜੇ ਵੱਲੋਂ ਇਹੋ ਅਪੀਲ ਹੈ—“ਬੱਸ ਕਰੋ ਯਾਰ, ਹੁਣ ਇਹਨਾਂ ਨੂੰ ਬਖਸ਼ ਦਿਓ ਅਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਊਣ ਦਿਓ।”