ਹਰਿਆਣਾ ਨਿਊਜ਼
ਹਰਿਆਣਾ ਵਿੱਚ ਇਤਿਹਾਸਕ ਸਥਾਨਾਂ ਦਾ ਨਵਾਂ ਕੋਰੀਡੋਰ ਬਣਾਵਾਂਗੇ, ਆਮ ਲੋਕਾਂ ਨੂੰ ਕਰਾਂਗੇ ਜਾਗਰੂਕ – ਮੁੱਖ ਮੰਤਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਅਜਿਹੇ ਬਹੁਤ ਸਾਰੇ ਇਤਿਹਾਸਕ ਸਥਾਨ ਹਨ, ਜੋ ਸਾਡੇ ਸ਼ਾਨਦਾਰ ਇਤਿਹਾਸ ਅਤੇ ਪੁਰਖਿਆਂ ਦੇ ਸੰਘਰਸ਼ ਦੇ ਪ੍ਰਤੀਕ ਹਨ। ਸੂਬੇ ਦੇ ਲੋਕਾਂ ਨੂੰ ਇਨ੍ਹਾਂ ਸਥਾਨਾਂ ਤੋਂ ਜਾਣੂ ਕਰਵਾਉਣ ਲਈ ਹਰਿਆਣਾ ਵਿੱਚ ਇਤਿਹਾਸਕ ਸਥਾਨਾਂ ਦਾ ਨਵਾਂ ਕੋਰੀਡੋਰ ਬਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਵੀਰਾਂ ਦੀਆਂ ਕਹਾਣੀਆਂ ਬਾਰੇ ਜਾਣਕਾਰੀ ਮਿਲ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿਖੇ ਹਰਿਆਣਾ ਵਿਜ਼ਨ-2047 ਤਹਿਤ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੀ ਅਗਲੇ 5 ਸਾਲਾਂ ਦੀ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਨੇ ਸੈਰ-ਸਪਾਟਾ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਅਤੇ ਹਰਿਆਣਾ ਨੂੰ ਸੈਰ-ਸਪਾਟਾ ਹੱਬ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਦੀ ਗਾਥਾ ਹਰਿਆਣਾ ਦੇ ਹਰ ਕੋਨੇ ਵਿੱਚ ਫੈਲੀ ਹੋਈ ਹੈ। ਸਾਲ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਅੰਬਾਲਾ ਕੈਂਟ ਤੋਂ ਸ਼ੁਰੂ ਹੋਈ ਸੀ। ਇਸ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਰਕਾਰ ਵੱਲੋਂ ਅੰਬਾਲਾ ਕੈਂਟ ਵਿੱਚ ਵਿਸ਼ਾਲ ਅਤੇ ਸ਼ਾਨਦਾਰ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ। ਇਸ ਵਿੱਚ ਦਰਸਾਏ ਗਏ ਆਜ਼ਾਦੀ ਸੰਗਰਾਮ ਨਾਲ ਸਬੰਧਤ ਸਾਰੇ ਸਥਾਨ ਅੱਜ ਵੀ ਅੰਬਾਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਮੌਜੂਦ ਹਨ। ਇਨ੍ਹਾਂ ਨੂੰ ਨਾ ਸਿਰਫ਼ ਸੰਭਾਲਣ ਦੀ ਲੋੜ ਹੈ, ਸਗੋਂ ਇਨ੍ਹਾਂ ਦਾ ਇਸ ਤਰ੍ਹਾਂ ਵਿਕਾਸ ਕਰਕੇ ਇੱਕ ਨਵਾਂ ਕੋਰੀਡੋਰ ਬਣਾਉਣ ਦੀ ਵੀ ਲੋੜ ਹੈ, ਜਿਸ ਨਾਲ ਆਮ ਲੋਕ ਹਰਿਆਣਾ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਆਪਕ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਸੂਬੇ ਦੀ ਪ੍ਰਾਚੀਨ ਸਭਿਅਤਾ, ਇਤਿਹਾਸਕ ਵਿਰਾਸਤ ਅਤੇ ਸੱਭਿਆਚਾਰਕ ਧਰੋਹਰ ਨੂੰ ਸੰਭਾਲਣ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਲ 2047 ਦੇ ਵਿਜ਼ਨ ਤਹਿਤ ਤਿਆਰ ਕੀਤੀ ਪੰਜ ਸਾਲਾ ਕਾਰਜ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਹਰਿਆਣਾ ਦੀ ਲਗਭਗ 10 ਹਜ਼ਾਰ ਸਾਲ ਪੁਰਾਣੀ ਵਿਰਾਸਤ ਦੀ ਖੋਜ, ਸੰਭਾਲ ਅਤੇ ਪ੍ਰਚਾਰ ਦੇ ਨਾਲ-ਨਾਲ ਸੂਬੇ ਨੂੰ ਸੱਭਿਆਚਾਰਕ ਸੈਰ-ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਕਰਨਾ ਹੈ। ਇਸ ਯੋਜਨਾ ਤਹਿਤ ਸੂਬੇ ਵਿੱਚ ਪੁਰਾਤੱਤਵ ਸਥਾਨਾਂ ਦੀ ਵਿਗਿਆਨਕ ਖੁਦਾਈ, ਇਤਿਹਾਸਕ ਧਰੋਹਰਾਂ ਦਾ ਦਸਤਾਵੇਜ਼ੀਕਰਨ, ਸਮਾਰਕਾਂ ਦੀ ਸੰਭਾਲ ਅਤੇ ਨਵੀਨੀਕਰਨ, ਅਜਾਇਬ ਘਰਾਂ ਦਾ ਆਧੁਨਿਕੀਕਰਨ ਅਤੇ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
21 ਨਵੇਂ ਪੁਰਾਤੱਤਵ ਸਥਾਨਾਂ ’ਤੇ ਖੁਦਾਈ ਦੀ ਯੋਜਨਾ
ਸੂਬੇ ਵਿੱਚ ਸਾਲ 1972 ਤੋਂ 2025 ਦਰਮਿਆਨ 9 ਸਥਾਨਾਂ ’ਤੇ ਪੁਰਾਤੱਤਵ ਖੁਦਾਈ ਕੀਤੀ ਗਈ ਹੈ। ਵਿਭਾਗ ਵੱਲੋਂ ਭਵਿੱਖ ਵਿੱਚ 21 ਨਵੇਂ ਸਥਾਨਾਂ ’ਤੇ ਖੁਦਾਈ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 2026-27 ਦੌਰਾਨ ਹਿਸਾਰ ਜ਼ਿਲ੍ਹੇ ਦੇ ਸੀਸਵਾਲ ਵਿੱਚ ਖੁਦਾਈ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਖਰੜ ਅਲੀਪੁਰ ਵਿੱਚ ਦੋ ਪੜਾਵਾਂ ਵਿੱਚ ਖੁਦਾਈ ਕੀਤੀ ਜਾਵੇਗੀ। ਸਾਲ 2029-31 ਦੌਰਾਨ ਬਾਲੂ, ਜੋਗਨਾ ਖੇੜਾ, ਤਿਗੜਾਨਾ ਅਤੇ ਰਾਖੀਗੜ੍ਹੀ ਵਿੱਚੋਂ ਪੁਰਾਤੱਤਵ ਤਰਜੀਹ ਦੇ ਆਧਾਰ ’ਤੇ ਸਥਾਨਾਂ ਦੀ ਚੋਣ ਕੀਤੀ ਜਾਵੇਗੀ।
ਸੁਰੱਖਿਅਤ ਸਮਾਰਕਾਂ ਦੀ ਗਿਣਤੀ 120 ਤੋਂ ਵੱਧ ਕਰਨ ਦਾ ਟੀਚਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਮੌਜੂਦਾ 72 ਸੁਰੱਖਿਅਤ ਸਮਾਰਕਾਂ ਦੀ ਗਿਣਤੀ ਸਾਲ 2031 ਤੱਕ ਵਧਾ ਕੇ 120 ਤੋਂ ਵੱਧ ਕੀਤੀ ਜਾਵੇ। ਇਤਿਹਾਸਕ ਕਿਲ੍ਹਿਆਂ, ਪ੍ਰਾਚੀਨ ਬਾਉੜੀਆਂ, ਮੰਦਰਾਂ ਅਤੇ ਹਵੇਲੀਆਂ ਦੀ ਪਛਾਣ, ਦਸਤਾਵੇਜ਼ੀਕਰਨ ਅਤੇ ਵਿਗਿਆਨਕ ਢੰਗ ਨਾਲ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮਸਰੋਵਰ ਵਿਖੇ ਬਣੇ ਮੰਦਰ ਦੇ ਅੰਦਰ ਮਹਾਭਾਰਤ ਕਾਲ ਦੀ ਭਾਸ਼ਾ ਲਿਖੀ ਹੋਈ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮੰਦਰ ਦੇ ਮੂਲ ਸਰੂਪ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਉਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਬਣੇ ਪੁਲਾਂ ਅਤੇ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦੇ ਨਿਰਦੇਸ਼ ਵੀ ਦਿੱਤੇ।
ਛੇ ਅਜਾਇਬ ਘਰਾਂ ਦਾ ਨਵੀਨੀਕਰਨ ਅਤੇ ਛੇ ਨਵੇਂ ਅਜਾਇਬ ਘਰ
ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਵਿਭਾਗ ਦੀ ਯੋਜਨਾ ਤਹਿਤ ਪਾਣੀਪਤ ਅਜਾਇਬ ਘਰ, ਜਹਾਜ਼ ਕੋਠੀ ਅਜਾਇਬ ਘਰ ਹਿਸਾਰ, ਦੀਨਬੰਧੂ ਸਰ ਛੋਟੂ ਰਾਮ ਅਜਾਇਬ ਘਰ ਗੜ੍ਹੀ ਸਾਂਪਲਾ, ਜਯੰਤੀ ਦੇਵੀ ਅਜਾਇਬ ਘਰ ਜੀਂਦ, ਭੀਮਾ ਦੇਵੀ ਮੰਦਰ ਅਜਾਇਬ ਘਰ ਪਿੰਜੌਰ ਅਤੇ ਗੁਰੂ ਗੋਬਿੰਦ ਸਿੰਘ ਮਾਰਸ਼ਲ ਆਰਟ ਅਜਾਇਬ ਘਰ ਕਪਾਲ ਮੋਚਨ ਦਾ ਨਵੀਨੀਕਰਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਸੂਚੀ ਵਿੱਚ ਸ਼ਹਿਜ਼ਾਦਪੁਰ ਦੇ ਇਤਿਹਾਸਕ ਸਥਾਨ ਅਤੇ ਨਾਰਾਇਣਗੜ੍ਹ ਥਾਣੇ ਦੇ ਰੈਸਟ ਹਾਊਸ ਨੂੰ ਵੀ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪੰਚਕੂਲਾ ਵਿੱਚ ਰਾਜ ਅਜਾਇਬ ਘਰ, ਰਾਖੀਗੜ੍ਹੀ ਅਜਾਇਬ ਘਰ, ਕੁਰੂਕਸ਼ੇਤਰ ਵਿੱਚ ਸਿੱਖ ਅਤੇ ਰਵਿਦਾਸ ਅਜਾਇਬ ਘਰ, ਝੱਜਰ ਵਿੱਚ ਸਵਾਮੀ ਓਮਾਨੰਦ ਅਜਾਇਬ ਘਰ ਅਤੇ ਕੁਨਾਲ ਵਿੱਚ ਅਜਾਇਬ ਘਰ ਸਮੇਤ ਛੇ ਨਵੇਂ ਅਜਾਇਬ ਘਰ ਵਿਕਸਤ ਕਰਨ ਦੀ ਵੀ ਯੋਜਨਾ ਹੈ।
ਰਾਖੀਗੜ੍ਹੀ ਅਤੇ ਸਰਸਵਤੀ-ਸਿੰਧੂ ਸਭਿਅਤਾ ’ਤੇ ਵਿਸ਼ੇਸ਼ ਧਿਆਨ
ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਨੂੰ ਇੱਕ ਪ੍ਰਮੁੱਖ ਪੁਰਾਤੱਤਵ ਅਤੇ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸਰਸਵਤੀ-ਸਿੰਧੂ ਵਿਰਾਸਤ ਕੋਰੀਡੋਰ ਦੀ ਧਾਰਨਾ ’ਤੇ ਕੰਮ ਕੀਤਾ ਜਾਵੇਗਾ। ਇਸ ਵਿੱਚ ਰਾਖੀਗੜ੍ਹੀ, ਭਰੜਾਨਾ, ਤਿਗੜਾਨਾ, ਬਨਾਵਲੀ, ਕੁਨਾਲ, ਬਾਲੂ, ਭਗਵਾਨਪੁਰਾ ਅਤੇ ਖਰੜ ਅਲੀਪੁਰ ਸਮੇਤ ਪ੍ਰਮੁੱਖ ਸਥਾਨਾਂ ਨੂੰ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਕੁਰੂਕਸ਼ੇਤਰ, ਅਗਰੋਹਾ, ਥਾਨੇਸਰ, ਪਿੰਜੌਰ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਵਿਰਾਸਤ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ।
ਜਨ ਭਾਗੀਦਾਰੀ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਮਿਲੇਗਾ ਉਤਸ਼ਾਹ
ਮੁੱਖ ਮੰਤਰੀ ਨੇ ਕਿਹਾ ਕਿ ਵਿਰਾਸਤ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਰਾਖੀਗੜ੍ਹੀ ਮਹੋਤਸਵ, ਵਿਰਾਸਤ ਅਤੇ ਅਜਾਇਬ ਘਰ ਵਾਕ, ਮੇਲੇ, ਉਤਸਵ ਅਤੇ ਸਕੂਲਾਂ ਵਿੱਚ ਵਿਰਾਸਤੀ ਕਿੱਟਾਂ ਵੰਡਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣ। ਸੁਰੱਖਿਅਤ ਸਮਾਰਕਾਂ ਅਤੇ ਅਜਾਇਬ ਘਰਾਂ ਵਿੱਚ ਸੈਲਾਨੀਆਂ ਦੀ ਭਾਗੀਦਾਰੀ ਵਧਾਉਣ ਲਈ ਵੀ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਲ 2047 ਦੀ ਲੰਬੇ ਸਮੇਂ ਦੀ ਪਰਿਕਲਪਨਾ ਤਹਿਤ ਹਰਿਆਣਾ ਦੇ ਇਤਿਹਾਸਕ ਕਿਲ੍ਹਿਆਂ, ਮੰਦਰਾਂ ਅਤੇ ਇਮਾਰਤੀ ਵਿਰਾਸਤ ਦਾ ਦਸਤਾਵੇਜ਼ੀਕਰਨ, ਖੋਜ-ਆਧਾਰਿਤ ਪ੍ਰਕਾਸ਼ਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਨਾਲ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਸੈਰ-ਸਪਾਟੇ, ਰੁਜ਼ਗਾਰ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਅਤੇ ਹਰਿਆਣਾ ਦੀ ਸੱਭਿਆਚਾਰਕ ਪਛਾਣ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਮੀਟਿੰਗ ਵਿੱਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਯਾਦਵ, ਮੁੱਖ ਮੰਤਰੀ ਦੇ ਓਐਸਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਅਤੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੇ ਡਾਇਰੈਕਟਰ ਸ੍ਰੀ ਅਮਿਤ ਖੱਤਰੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਮਾਰਕਿਟ ਕਮੇਟੀ ਦੇ ਸਕੱਤਰ ਮਾਲ ਵਿਭਾਗ ਨਾਲ ਤਾਲਮੇਲ ਕਰਕੇ ਤੁਰੰਤ ਤਸਦੀਕ ਕਰਵਾਉਣ
(ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਮਾਰਕਿਟ ਕਮੇਟੀ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ‘ਮੇਰੀ ਫਸਲ ਮੇਰਾ ਬਿਓਰਾ‘ ਪੋਰਟਲ ‘ਤੇ ਰਜਿਸਟਰਡ ਅਜਿਹੇ ਕਿਸਾਨ, ਜਿਨ੍ਹਾਂ ਦੇ ਝੋਨੇ ਦੀ ਤਸਦੀਕ (ਵੈਰੀਫਿਕੇਸ਼ਨ) ਕਿਸੇ ਕਾਰਨ ਨਹੀਂ ਹੋ ਸਕੀ ਹੈ ਪਰ ਉਹ ਆਪਣੀ ਉਪਜ ਲੈ ਕੇ ਮੰਡੀ ਪਹੁੰਚ ਚੁੱਕੇ ਹਨ, ਉਨ੍ਹਾਂ ਦਾ ਮਾਲ ਵਿਭਾਗ ਨਾਲ ਤਾਲਮੇਲ ਸਥਾਪਿਤ ਕਰਕੇ ਤੁਰੰਤ ਤਸਦੀਕ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਮੰਡੀਆਂ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ।
ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੰਡੀਆਂ ਅਤੇ ਖਰੀਦ ਕੇਂਦਰਾਂ ‘ਤੇ ਝੋਨੇ ਦੀ ਖਰੀਦ ਦਾ ਕੰਮ ਪੂਰੀ ਪਾਰਦਰਸ਼ਤਾ ਅਤੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਸਾਲ ਖਰੀਫ ਖਰੀਦ ਸੀਜ਼ਨ ਦੀ ਸ਼ੁਰੂਆਤ 29 ਸਤੰਬਰ 2026 ਤੋਂ ਹੋਈ ਹੈ, ਜਿਸ ਤਹਿਤ ਭਾਰਤ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ 58 ਲੱਖ ਮੀਟ੍ਰਿਕ ਟਨ (MT) ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 21 ਅਕਤੂਬਰ 2026 ਤੱਕ ਸੂਬੇ ਵਿੱਚ ਲਗਭਗ 60.67 ਲੱਖ ਮੀਟ੍ਰਿਕ ਟਨ ਨਾਨ-ਬਾਸਮਤੀ ਝੋਨੇ ਦੇ ਉਤਪਾਦਨ ਦਾ ਅਨੁਮਾਨ ਹੈ, ਜਿਸ ਦੇ ਮੁਕਾਬਲੇ ਇਸ ਮਿਆਦ ਤੱਕ ਲਗਭਗ 30.26 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਮੰਡੀਆਂ ਵਿੱਚ ਹੋ ਚੁੱਕੀ ਹੈ। ਇਹ ਅੰਕੜਾ ਭਾਰਤ ਸਰਕਾਰ ਦੇ ਮਿਥੇ ਟੀਚੇ ਅਤੇ ਖੇਤੀਬਾੜੀ ਵਿਭਾਗ ਦੇ ਕੁੱਲ ਅਨੁਮਾਨਿਤ ਉਤਪਾਦਨ ਦਾ ਲਗਭਗ 52 ਪ੍ਰਤੀਸ਼ਤ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ ਆਮਦ ਵਿੱਚੋਂ 21 ਅਕਤੂਬਰ 2026 ਤੱਕ 24.93 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਲਗਭਗ 17.54 ਲੱਖ ਮੀਟ੍ਰਿਕ ਟਨ (ਯਾਨੀ ਖਰੀਦੇ ਗਏ ਝੋਨੇ ਦਾ ਲਗਭਗ 70 ਪ੍ਰਤੀਸ਼ਤ) ਝੋਨੇ ਦੀ ਚੁਕਾਈ (ਲਿਫਟਿੰਗ) ਵੀ ਸਫਲਤਾਪੂਰਵਕ ਕੀਤੀ ਜਾ ਚੁੱਕੀ ਹੈ। ਵੱਖ-ਵੱਖ ਖਰੀਦ ਏਜੰਸੀਆਂ ਦੇ ਯੋਗਦਾਨ ਤਹਿਤ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਸਭ ਤੋਂ ਵੱਧ 13.60 ਲੱਖ ਮੀਟ੍ਰਿਕ ਟਨ, ਹੈਫੇਡ ਵੱਲੋਂ 7.63 ਲੱਖ ਮੀਟ੍ਰਿਕ ਟਨ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 3.70 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਦੇ ਨਾਲ ਹੀ, ਘੱਟੋ-ਘੱਟ ਸਮਰਥਨ ਮੁੱਲ ਤਹਿਤ ਹੁਣ ਤੱਕ ਲਗਭਗ 14 ਲੱਖ ਮੀਟ੍ਰਿਕ ਟਨ ਝੋਨੇ ਦਾ ਭੁਗਤਾਨ ਕਰਦਿਆਂ 3,447 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਚੁੱਕੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਰਾਜ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਹਨ। ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਨਿਯਮਤ ਜਾਂਚ ਲਈ ਸਾਰੇ ਪ੍ਰਬੰਧਕੀ ਸਕੱਤਰਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵਿਭਾਗ ਵੱਲੋਂ ਚੈੱਕਲਿਸਟ ਅਤੇ ਸੂਚੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ, ਸਰਹੱਦੀ ਰਾਜਾਂ ਤੋਂ ਗੈਰ-ਕਾਨੂੰਨੀ ਅਨਾਜ ਦੀ ਆਮਦ ਰੋਕਣ ਲਈ ਸਾਰੇ ਪੁਲਿਸ ਕਪਤਾਨਾਂ ਨੂੰ ਸਖ਼ਤ ਨਾਕੇਬੰਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਉੱਚ ਪੱਧਰ ‘ਤੇ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਤਹਿਤ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 6 ਅਗਸਤ, 25 ਸਤੰਬਰ, 7 ਅਕਤੂਬਰ ਅਤੇ 13 ਅਕਤੂਬਰ 2026 ਨੂੰ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਮੀਟਿੰਗਾਂ ਕੀਤੀਆਂ ਹਨ।
ਇਸ ਤੋਂ ਇਲਾਵਾ, ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਰਾਜੇਸ਼ ਨਾਗਰ ਨੇ 22 ਸਤੰਬਰ ਅਤੇ 12 ਅਕਤੂਬਰ ਨੂੰ, ਮੁੱਖ ਸਕੱਤਰ ਨੇ 15 ਅਕਤੂਬਰ ਨੂੰ ਅਤੇ ਖੁਰਾਕ ਵਿਭਾਗ ਦੀ ਪ੍ਰਧਾਨ ਸਕੱਤਰ ਅਤੇ ਡਾਇਰੈਕਟਰ ਜਨਰਲ ਨੇ 29 ਸਤੰਬਰ ਅਤੇ 14 ਅਕਤੂਬਰ ਨੂੰ ਸੀਨੀਅਰ ਪ੍ਰਬੰਧਕੀ ਅਧਿਕਾਰੀਆਂ, ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਖਰੀਦ ਏਜੰਸੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਝੋਨੇ ਦੀ ਗੁਣਵੱਤਾ ਵਧੀਆ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਐੱਮ.ਐੱਸ.ਪੀ. ਤੋਂ ਵੀ ਵੱਧ ਭਾਅ ਮਿਲ ਰਹੇ ਹਨ। ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਰਿਪੋਰਟ ਅਨੁਸਾਰ ਕਰਨਾਲ, ਕੈਥਲ, ਕੁਰੂਕਸ਼ੇਤਰ ਅਤੇ ਪਾਨੀਪਤ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਗੁਣਵੱਤਾ ਦੇ ਆਧਾਰ ‘ਤੇ ਲਗਭਗ 62,000 ਮੀਟ੍ਰਿਕ ਟਨ ਝੋਨਾ ਪ੍ਰਾਈਵੇਟ ਵਪਾਰੀਆਂ ਦੁਆਰਾ ਔਸਤਨ 2,468 ਰੁਪਏ ਪ੍ਰਤੀ ਕੁਇੰਟਲ (2,462 ਤੋਂ 2,800 ਰੁਪਏ ਤੱਕ) ਦੇ ਭਾਅ ‘ਤੇ ਖਰੀਦਿਆ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਹਰਿਆਣਾ ਦੇ ਅੰਨਦਾਤਾ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਦੇ ਝੋਨੇ ਦੇ ਇੱਕ-ਇੱਕ ਦਾਣੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੀਤੀ ਜਾਵੇ।
ਅੱਜ ਤੋਂ ਜਗਮਗਾਏਗਾ ਤੀਜਾ ਸੂਰਜਕੁੰਡ ਦੀਵਾਲੀ ਮੇਲਾ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਸ਼ਾਨਦਾਰ ਉਦਘਾਟਨ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਕਲਾਵਾਂ ਅਤੇ ਰਵਾਇਤੀ ਦਸਤਕਾਰੀ ਨੂੰ ਨਵੀਂ ਪਛਾਣ ਦੇਣ ਦੇ ਉਦੇਸ਼ ਨਾਲ ਤੀਜੇ ਸੂਰਜਕੁੰਡ ਦੀਵਾਲੀ ਮੇਲੇ ਦਾ ਸ਼ੁੱਕਰਵਾਰ ਨੂੰ ਸ਼ਾਨਦਾਰ ਆਗਾਜ਼ ਹੋਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚਾਰ ਰੋਜ਼ਾ ਸੱਭਿਆਚਾਰਕ ਮਹੋਤਸਵ ਦਾ ਉਦਘਾਟਨ ਕਰਨਗੇ। ਇਸ ਮੌਕੇ ਸੂਬੇ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਸੈਰ-ਸਪਾਟਾ ਵਿਭਾਗ ਵੱਲੋਂ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਭਲਕੇ 23 ਤੋਂ 26 ਅਕਤੂਬਰ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਦੇਸ਼ ਭਰ ਦੀ ਕਲਾ, ਸੱਭਿਆਚਾਰ, ਦਸਤਕਾਰੀ, ਰਵਾਇਤੀ ਪਕਵਾਨਾਂ ਅਤੇ ਲੋਕ ਸੰਗੀਤ ਦੀ ਵਿਲੱਖਣ ਝਲਕ ਦੇਖਣ ਨੂੰ ਮਿਲੇਗੀ। ਮੇਲੇ ਵਿੱਚ ਲਗਭਗ 300 ਸਟਾਲ ਲਗਾਏ ਗਏ ਹਨ, ਜਿੱਥੇ ਸੈਲਾਨੀ ਦੀਵਾਲੀ ਦੀ ਖਰੀਦਦਾਰੀ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਿਲਪਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਦੇਖ ਸਕਣਗੇ।
ਸੂਬੇ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਸਿਰਫ਼ ਤਿਉਹਾਰ ਜਾਂ ਖਰੀਦਦਾਰੀ ਦਾ ਸਮਾਗਮ ਨਹੀਂ ਹੈ, ਸਗੋਂ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਸ਼ਿਲਪਕਾਰਾਂ ਦੀ ਪ੍ਰਤਿਭਾ ਨੂੰ ਸਨਮਾਨ ਦੇਣ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਰਜਕੁੰਡ ਨੇ ਅੰਤਰਰਾਸ਼ਟਰੀ ਪੱਧਰ ’ਤੇ ਹਰਿਆਣਾ ਨੂੰ ਵਿਸ਼ੇਸ਼ ਪਛਾਣ ਦਿਵਾਈ ਹੈ। ਹੁਣ ਦੀਵਾਲੀ ਮੇਲੇ ਰਾਹੀਂ ਇਸ ਪਛਾਣ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ।
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਯਤਨ ਹੈ ਕਿ ਸੈਰ-ਸਪਾਟੇ ਦੀਆਂ ਗਤੀਵਿਧੀਆਂ ਦਾ ਲਾਭ ਸਥਾਨਕ ਕਲਾਕਾਰਾਂ, ਕਾਰੀਗਰਾਂ, ਸ਼ਿਲਪਕਾਰਾਂ ਅਤੇ ਛੋਟੇ ਵਪਾਰੀਆਂ ਤੱਕ ਪਹੁੰਚੇ। ਅਜਿਹੇ ਸਮਾਗਮਾਂ ਨਾਲ ਜਿੱਥੇ ਰਵਾਇਤੀ ਕਲਾਵਾਂ ਦੀ ਸੰਭਾਲ ਹੁੰਦੀ ਹੈ, ਉੱਥੇ ਹੀ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਰਕਾਰ ਦੀ ਤਰਜੀਹ ਹੈ।
300 ਸਟਾਲਾਂ ’ਤੇ ਸਜੇਗੀ ਦੇਸ਼ ਭਰ ਦੇ ਸ਼ਿਲਪਕਾਰਾਂ ਦੀ ਕਲਾ
ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਮੇਲੇ ਵਿੱਚ ਲਗਭਗ 300 ਸਟਾਲਾਂ ’ਤੇ ਦਸਤਕਾਰੀ, ਹੈਂਡਲੂਮ, ਰਵਾਇਤੀ ਕਲਾਕ੍ਰਿਤੀਆਂ, ਸਜਾਵਟੀ ਸਾਮਾਨ ਅਤੇ ਦੀਵਾਲੀ ਨਾਲ ਸਬੰਧਤ ਵੱਖ-ਵੱਖ ਉਤਪਾਦ ਉਪਲਬਧ ਹੋਣਗੇ। ਸੈਲਾਨੀਆਂ ਨੂੰ ਇੱਕੋ ਥਾਂ ’ਤੇ ਦੇਸ਼ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜੀਆਂ ਵਸਤੂਆਂ ਦੀ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਥਾਨਕ ਕਾਰੀਗਰਾਂ ਨੂੰ ਆਪਣੇ ਉਤਪਾਦ ਸਿੱਧੇ ਗਾਹਕਾਂ ਤੱਕ ਪਹੁੰਚਾਉਣ ਲਈ ਮੰਚ ਮੁਹੱਈਆ ਕਰਵਾਉਣਾ ਵੀ ਇਸ ਸਮਾਗਮ ਦਾ ਮੁੱਖ ਉਦੇਸ਼ ਹੈ। ਇਸ ਨਾਲ ਸ਼ਿਲਪਕਾਰਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਰਵਾਇਤੀ ਕਲਾਵਾਂ ਨੂੰ ਵੀ ਉਤਸ਼ਾਹ ਮਿਲੇਗਾ।
26 ਅਕਤੂਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਸਮਾਪਤੀ ਸਮਾਰੋਹ ਵਿੱਚ ਕਰਨਗੇ ਸ਼ਿਰਕਤ
ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਤੀਜੇ ਸੂਰਜਕੁੰਡ ਦੀਵਾਲੀ ਮੇਲੇ ਦੀ ਸਮਾਪਤੀ 26 ਅਕਤੂਬਰ ਨੂੰ ਹੋਵੇਗੀ। ਸਮਾਪਤੀ ਸਮਾਰੋਹ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਨੇ ਦਿੱਲੀ-ਐੱਨਸੀਆਰ, ਹਰਿਆਣਾ ਅਤੇ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਪਰਿਵਾਰ ਸਮੇਤ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਹੁਣ ਗੁਰੂ ਦਰਸ਼ਨ, ਕੈਲਾਸ਼ ਮਾਨਸਰੋਵਰ ਅਤੇ ਸਿੰਧੂ ਦਰਸ਼ਨ ਯਾਤਰਾ ਲਈ ਦੁੱਗਣੇ ਸ਼ਰਧਾਲੂਆਂ ਨੂੰ ਮਿਲੇਗੀ ਵਿੱਤੀ ਸਹਾਇਤਾ – ਮੁੱਖ ਮੰਤਰੀ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹੁਣ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ, ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸਿੰਧੂ ਦਰਸ਼ਨ ਯਾਤਰਾ ਲਈ 100-100 ਸ਼ਰਧਾਲੂਆਂ ਨੂੰ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹੁਣ ਤੱਕ ਇਨ੍ਹਾਂ ਤਿੰਨਾਂ ਯਾਤਰਾਵਾਂ ਤਹਿਤ ਹਰ ਸਾਲ 50-50 ਸ਼ਰਧਾਲੂਆਂ ਨੂੰ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਯਾਤਰਾਵਾਂ ਲਈ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੁਣ ਪੋਰਟਲ ’ਤੇ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿਖੇ ਹਰਿਆਣਾ ਵਿਜ਼ਨ-2047 ਤਹਿਤ ਸੈਰ-ਸਪਾਟਾ ਵਿਭਾਗ ਦੀ ਅਗਲੇ 5 ਸਾਲਾਂ ਦੀ ਕਾਰਜ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਨੇ ਸੈਰ-ਸਪਾਟਾ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਅਤੇ ਹਰਿਆਣਾ ਨੂੰ ਸੈਰ-ਸਪਾਟਾ ਹੱਬ ਬਣਾਉਣ ਦੇ ਸਬੰਧ ਵਿੱਚ ਅਧਿਕਾਰੀਆਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ।
ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਲਈ ਪ੍ਰਤੀ ਸ਼ਰਧਾਲੂ 20 ਹਜ਼ਾਰ ਰੁਪਏ, ਕੈਲਾਸ਼ ਮਾਨਸਰੋਵਰ ਯਾਤਰਾ ਲਈ ਪ੍ਰਤੀ ਸ਼ਰਧਾਲੂ 50 ਹਜ਼ਾਰ ਰੁਪਏ ਅਤੇ ਸਿੰਧੂ ਦਰਸ਼ਨ ਯਾਤਰਾ ਲਈ ਪ੍ਰਤੀ ਸ਼ਰਧਾਲੂ 20 ਹਜ਼ਾਰ ਰੁਪਏ ਦੀ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਤਿੰਨਾਂ ਯਾਤਰਾਵਾਂ ਤਹਿਤ ਹਰ ਸਾਲ 50-50 ਸ਼ਰਧਾਲੂਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਤਿੰਨਾਂ ਯਾਤਰਾਵਾਂ ਲਈ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ 50-50 ਤੋਂ ਵਧਾ ਕੇ 100-100 ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਬਣਾਇਆ ਜਾਵੇ ਅਤੇ ਇਸੇ ਰਾਹੀਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ। ਸਿਰਫ਼ ਰਜਿਸਟਰਡ ਸ਼ਰਧਾਲੂਆਂ ਨੂੰ ਹੀ ਵਿੱਤੀ ਸਹਾਇਤਾ ਦਾ ਲਾਭ ਦਿੱਤਾ ਜਾਵੇ।
ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਵਿੱਚ ਮੌਜੂਦਾ ਸਮੇਂ ਸੈਰ-ਸਪਾਟਾ ਵਿਭਾਗ ਕੋਲ 42 ਸੈਰ-ਸਪਾਟਾ ਕੰਪਲੈਕਸ, 21 ਬੈਂਕੁਇਟ ਅਤੇ ਕਨਵੈਨਸ਼ਨ ਹਾਲ, 35 ਕਾਨਫਰੰਸ ਹਾਲ, 842 ਏਅਰ ਕੰਡੀਸ਼ਨਡ ਕਮਰੇ, 8 ਡੌਰਮਿਟਰੀਆਂ, 243 ਦੁਕਾਨਾਂ ਅਤੇ 1,192 ਏਕੜ ਜ਼ਮੀਨ ਦੇ ਰੂਪ ਵਿੱਚ ਸੈਰ-ਸਪਾਟੇ ਨਾਲ ਸਬੰਧਤ ਬੁਨਿਆਦੀ ਢਾਂਚਾ ਮੌਜੂਦ ਹੈ। ਸੂਬੇ ਵਿੱਚ ਹੋਟਲ ਪ੍ਰਬੰਧਨ ਦੇ ਪੰਜ ਸੰਸਥਾਨ ਅਤੇ 15 ਪੈਟਰੋਲ ਪੰਪ ਵੀ ਚਲਾਏ ਜਾ ਰਹੇ ਹਨ।
ਸੈਰ-ਸਪਾਟਾ ਵਿਭਾਗ ਦੇ ਮਹੱਤਵਪੂਰਨ ਸਥਾਨਾਂ ਦੇ ਪੁਨਰ-ਵਿਕਾਸ ਦੇ ਨਿਰਦੇਸ਼
ਮੁੱਖ ਮੰਤਰੀ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਦੇ ਮਹੱਤਵਪੂਰਨ ਸਥਾਨਾਂ ਦਾ ਲੋੜ ਅਨੁਸਾਰ ਪੁਨਰ-ਵਿਕਾਸ ਕੀਤਾ ਜਾਵੇ ਅਤੇ ਵਿਆਪਕ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੇ ਸਥਾਨ ਲੀਜ਼ ’ਤੇ ਜਾਂ ਪੀਪੀਪੀ ਮੋਡ ਰਾਹੀਂ ਚਲਾਏ ਜਾ ਸਕਦੇ ਹਨ, ਉਨ੍ਹਾਂ ਨੂੰ ਨਿੱਜੀ ਕੰਪਨੀਆਂ ਰਾਹੀਂ ਵਿਕਸਤ ਕਰਵਾਇਆ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵੈਡ ਇਨ ਇੰਡੀਆ’ ਦੇ ਵਿਜ਼ਨ ਤਹਿਤ ਪਿੰਜੌਰ ਵਿੱਚ ਵੈਡਿੰਗ ਸਿਟੀ ਸਥਾਪਤ ਕਰਨ, ਯਮੁਨਾਨਗਰ ਵਿੱਚ ਸੂਰਜ ਮੰਦਰ ਦਾ ਨਵੀਨੀਕਰਨ ਕਰਨ, ਫਰੀਦਾਬਾਦ ਵਿੱਚ ਗੋਲਫ ਕੋਰਸ ਦਾ ਵਿਕਾਸ ਕਰਨ ਅਤੇ ਵਾਟਰ ਸਪੋਰਟਸ ਗਤੀਵਿਧੀਆਂ ਨੂੰ ਵਿਕਸਤ ਕਰਨ ਸਬੰਧੀ ਵੀ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ।
ਫਾਰਮ ਸਟੇਅ ਅਤੇ ਹੋਮਸਟੇ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਜ਼ਨ-2030 ਤਹਿਤ ਖੇਤੀਬਾੜੀ-ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਟੇਅ ਅਤੇ ਹੋਮਸਟੇ ਇਕਾਈਆਂ ਦੀ ਰਜਿਸਟ੍ਰੇਸ਼ਨ, ਮਾਰਕੀਟਿੰਗ ਅਤੇ ਪ੍ਰਚਾਰ-ਪ੍ਰਸਾਰ ਦੀ ਯੋਜਨਾ ਵਿੱਚ ਲੋੜ ਅਨੁਸਾਰ ਸੋਧ ਕੀਤੀ ਜਾਵੇ। ਉਨ੍ਹਾਂ ਨੇ ਸੂਬੇ ਵਿੱਚ ਮੌਜੂਦਾ 38 ਰਜਿਸਟਰਡ ਫਾਰਮ ਸਟੇਅ ਅਤੇ 11 ਹੋਮਸਟੇ ਦੀ ਗਿਣਤੀ ਵਧਾ ਕੇ 100 ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਰ-ਸਪਾਟੇ ਨਾਲ ਜੁੜੀਆਂ ਇਕਾਈਆਂ ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਨ ਅਤੇ ਸੈਲਾਨੀਆਂ ਲਈ ਪੇਂਡੂ ਜੀਵਨ, ਸਥਾਨਕ ਖਾਣ-ਪੀਣ ਅਤੇ ਰਵਾਇਤੀ ਤਜਰਬਿਆਂ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕਰਨ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਸਥਾਨਕ ਉਤਪਾਦਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਮਿਲੇਗਾ ਉਤਸ਼ਾਹ
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਸੈਰ-ਸਪਾਟੇ ਨੂੰ ਸਥਾਨਕ ਅਰਥਵਿਵਸਥਾ ਨਾਲ ਜੋੜਨ ਲਈ ਸੈਰ-ਸਪਾਟਾ ਸੂਚਨਾ ਕੇਂਦਰਾਂ ’ਤੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ, ਹੈਂਡੀਕ੍ਰਾਫਟ ਅਤੇ ਸਥਾਨਕ ਫੂਡ ਪਦਾਰਥਾਂ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਬਣਾਈ ਜਾਵੇ। ਇਸ ਨਾਲ ਪੇਂਡੂ ਉੱਦਮੀਆਂ, ਮਹਿਲਾਵਾਂ ਅਤੇ ਸਥਾਨਕ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਦੇ ਪ੍ਰਚਾਰ ਅਤੇ ਵਿਕਰੀ ਦੇ ਮੌਕੇ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਅਤੇ ਹੋਰ ਸੈਰ-ਸਪਾਟਾ ਸਥਾਨਾਂ ’ਤੇ ਇਸ ਮਾਡਲ ਨੂੰ ਪੜਾਅਵਾਰ ਢੰਗ ਨਾਲ ਵਿਕਸਤ ਕੀਤਾ ਜਾਵੇ।
ਮਿਲੇਟ ਮਹੋਤਸਵ ਅਤੇ ਜੈਵਿਕ ਫਾਰਮ ਸਟੇਅ ਨਾਲ ਵਧੇਗਾ ਸੈਰ-ਸਪਾਟੇ ਦਾ ਆਕਰਸ਼ਣ
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ-ਸੈਰ-ਸਪਾਟੇ ਨੂੰ ਨਵੇਂ ਤਜਰਬਿਆਂ ਨਾਲ ਜੋੜਨ ਲਈ ਇਸੇ ਸਾਲ ਗੁਰੂਗ੍ਰਾਮ ਵਿੱਚ ਮਿਲੇਟ ਮਹੋਤਸਵ ਕਰਵਾਉਣ ਦੀ ਤਿਆਰੀ ਕੀਤੀ ਜਾਵੇ। ਇਸ ਰਾਹੀਂ ਮੋਟੇ ਅਨਾਜ, ਰਵਾਇਤੀ ਖਾਣ-ਪੀਣ ਅਤੇ ਖੇਤੀਬਾੜੀ-ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪੱਕ ਕੇ ਤਿਆਰ ਹੋਈ ਸਰ੍ਹੋਂ ਅਤੇ ਕਣਕ, ਨਾਰਨੌਲ ਵੱਲ ਲਿਲੀ ਫਲਾਵਰ ਅਤੇ ਸ਼ਾਹਬਾਦ ਦੇ ਆਸ-ਪਾਸ ਸੂਰਜਮੁਖੀ ਦੀ ਖੇਤੀ ਵਾਲੇ ਸਥਾਨਾਂ ’ਤੇ ਵਿਸ਼ੇਸ਼ ਮੇਲੇ ਲਗਾਉਣ ਦੀ ਯੋਜਨਾ ਬਣਾਈ ਜਾਵੇ, ਤਾਂ ਜੋ ਇਨ੍ਹਾਂ ਸਥਾਨਾਂ ਨੂੰ ਵੀ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਵਿਭਾਗ ਨਾਲ ਸਬੰਧਤ ਮੁੱਖ ਮੰਤਰੀ ਦੀਆਂ ਘੋਸ਼ਣਾਵਾਂ, ਬਜਟ ਘੋਸ਼ਣਾਵਾਂ, ਸੰਕਲਪ ਪੱਤਰਾਂ ਵਿੱਚ ਕੀਤੇ ਵਾਅਦਿਆਂ ਅਤੇ ਸੀਐੱਮ ਗ੍ਰੀਵੈਂਸ ਪੋਰਟਲ ’ਤੇ ਪ੍ਰਾਪਤ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ ਅਤੇ ਇਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਯਾਦਵ, ਮੁੱਖ ਮੰਤਰੀ ਦੇ ਓਐਸਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਅਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਪਾਰਥ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਰਾਖੀ ਗੜ੍ਹੀ ਮਿਊਜ਼ੀਅਮ ਦਾ ਕੰਮ ਜਲਦੀ ਹੋਵੇਗਾ ਪੂਰਾ, ਬਾਕੀ ਕੰਮ ਲਈ 188 ਕਰੋੜ ਮਨਜ਼ੂਰ – ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਸਹਿਕਾਰਤਾ, ਪੁਰਾਤਤਵ, ਸੈਰ-ਸਪਾਟਾ ਅਤੇ ਮਿਊਜ਼ੀਅਮ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਹੜੱਪਾ ਸੱਭਿਆਚਾਰ ਦੇ ਪ੍ਰਮੁੱਖ ਸਥਾਨਾਂ ਵਿੱਚ ਸ਼ਾਮਲ ਇਤਿਹਾਸਕ ਪੁਰਾਤਤਵ ਸਥਾਨ ਰਾਖੀ ਗੜ੍ਹੀ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਰਾਖੀਗੜ੍ਹੀ ਵਿੱਚ ਆਧੁਨਿਕ ਮਿਊਜ਼ੀਅਮ ਕੰਪਲੈਕਸ ਦਾ ਕੰਮ ਜਲਦੀ ਪੂਰਾ ਕੀਤਾ ਜਾਵੇਗਾ, ਬਾਕੀ ਬਚੇ ਕੰਮ ਲਈ 180 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਪ੍ਰੋਜੈਕਟ ਨਾਲ ਰਾਖੀਗੜ੍ਹੀ ਦੀ ਇਤਿਹਾਸਕ ਵਿਰਾਸਤ ਨੂੰ ਨਵਾਂ ਰੂਪ ਮਿਲੇਗਾ ਅਤੇ ਇਹ ਸਥਾਨ ਪੁਰਾਤਤਵ ਖੋਜ, ਸੱਭਿਆਚਾਰਕ ਗਤੀਵਿਧੀਆਂ ਅਤੇ ਸੈਰ-ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਹੋਵੇਗਾ।
ਪੁਰਾਤਤਵ, ਸੈਰ-ਸਪਾਟਾ ਅਤੇ ਮਿਊਜ਼ੀਅਮ ਮੰਤਰੀ ਡਾ. ਅਰਵਿੰਦ ਸ਼ਰਮਾ ਰਾਖੀਗੜ੍ਹੀ ਮਹੋਤਸਵ ਤਹਿਤ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਖੀਗੜ੍ਹੀ ਭਾਰਤ ਦੀ ਪੁਰਾਣੀ ਸੱਭਿਆਚਾਰ, ਵਿਗਿਆਨਕ ਸੋਚ, ਵਿਕਸਤ ਸ਼ਹਿਰੀ ਯੋਜਨਾਬੰਦੀ ਅਤੇ ਅਮੀਰ ਸੱਭਿਆਚਾਰਕ ਪਰੰਪਰਾਵਾਂ ਦਾ ਅਹਿਮ ਪ੍ਰਤੀਕ ਹੈ। ਇੱਥੋਂ ਦੀ ਇਤਿਹਾਸਕ ਧਰੌਹਰ ਨੂੰ ਸੰਭਾਲਣ, ਪੁਰਾਤਤਵ ਖੋਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਅਤੇ ਦੇਸ਼-ਵਿਦੇਸ਼ ਵਿੱਚ ਇਸਦੀ ਪਛਾਣ ਵਧਾਉਣ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।
ਆਧੁਨਿਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਹੋਵੇਗੀ ਸ਼ਾਨਦਾਰ ਵਿਰਾਸਤ
ਸੈਰ-ਸਪਾਟਾ, ਪੁਰਾਤਤਵ ਅਤੇ ਮਿਊਜ਼ੀਅਮ ਮੰਤਰੀ ਨੇ ਦੱਸਿਆ ਕਿ 180 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਆਧੁਨਿਕ ਮਿਊਜ਼ੀਅਮ ਕੰਪਲੈਕਸ ਰਾਖੀਗੜ੍ਹੀ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਆਡੀਟੋਰੀਅਮ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿੱਥੇ ਇਤਿਹਾਸਕ, ਵਿਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਆਧੁਨਿਕ ਅਜਾਇਬ ਘਰ ਰਾਹੀਂ ਇੱਥੋਂ ਮਿਲੇ ਪੁਰਾਤਤਵ ਅਵਸ਼ੇਸ਼ਾਂ ਅਤੇ ਪੁਰਾਣੀ ਸੱਭਿਆਚਾਰ ਨਾਲ ਜੁੜੇ ਤੱਥਾਂ ਨੂੰ ਵਿਵਸਥਿਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਵਿਦਿਆਰਥੀਆਂ, ਖੋਜਾਰਥੀਆਂ, ਇਤਿਹਾਸਕਾਰਾਂ ਅਤੇ ਸੈਲਾਨੀਆਂ ਲਈ ਗਿਆਨਵਰਧਕ ਕੇਂਦਰ ਵਜੋਂ ਕੰਮ ਕਰੇਗਾ। ਇਸ ਨਾਲ ਲੋਕਾਂ ਨੂੰ ਹੜੱਪਾ ਸੱਭਿਆਚਾਰ ਦੀ ਜੀਵਨ ਸ਼ੈਲੀ, ਸਮਾਜਿਕ ਪ੍ਰਣਾਲੀ, ਸ਼ਿਲਪਕਲਾ, ਖੇਤੀਬਾੜੀ, ਰਿਹਾਇਸ਼ੀ ਬਣਤਰ ਅਤੇ ਸ਼ਹਿਰੀ ਯੋਜਨਾਬੰਦੀ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲੇਗਾ। ਸੈਲਾਨੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਰਾਖੀਗੜ੍ਹੀ ਵਿੱਚ ਅਰਾਮ ਘਰ ਦਾ ਨਿਰਮਾਣ ਕੰਮ ਵੀ ਪੂਰਾ ਕੀਤਾ ਜਾ ਚੁੱਕਾ ਹੈ।
ਪੁਰਾਤਤਵ ਖੋਜਾਂ ਤੋਂ ਪੁਰਾਣੀ ਸੱਭਿਆਚਾਰ ਦੇ ਵਿਕਾਸ ਬਾਰੇ ਮਿਲਦੀ ਹੈ ਜਾਣਕਾਰੀ
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਰਾਖੀਗੜ੍ਹੀ ਵਿੱਚ ਹੋਈ ਪੁਟਾਈ ਤੋਂ ਪੁਰਾਣੇ ਸਮਾਜ ਦੀ ਵਿਕਸਤ ਜੀਵਨ ਸ਼ੈਲੀ ਅਤੇ ਵਿਵਸਥਿਤ ਸਮਾਜਿਕ ਬਣਤਰ ਨਾਲ ਜੁੜੇ ਕਈ ਅਹਿਮ ਸਬੂਤ ਸਾਹਮਣੇ ਆਏ ਹਨ। ਇੱਥੇ ਪ੍ਰਾਪਤ ਪੁਰਾਤਤਵ ਅਵਸ਼ੇਸ਼ ਭਾਰਤੀ ਇਤਿਹਾਸ ਨੂੰ ਸਮਝਣ ਅਤੇ ਪੁਰਾਣੀਆਂ ਸੱਭਿਆਚਾਰਾਂ ਦੇ ਵਿਕਾਸ ਦਾ ਅਧਿਐਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਿਰਾਸਤ ਦੀ ਸਾਂਭ-ਸੰਭਾਲ ਸਿਰਫ਼ ਇਤਿਹਾਸਕ ਧਰੌਹਰਾਂ ਨੂੰ ਸੁਰੱਖਿਅਤ ਰੱਖਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨਾਲ ਜੋੜਨ ਦਾ ਜ਼ਰੀਆ ਵੀ ਹੈ। ਆਧੁਨਿਕ ਮਿਊਜ਼ੀਅਮ ਕੰਪਲੈਕਸ ਬਣਨ ਨਾਲ ਇਨ੍ਹਾਂ ਅਹਿਮ ਖੋਜਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾ ਸਕੇਗਾ ਅਤੇ ਰਾਖੀਗੜ੍ਹੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਛਾਣ ਮਿਲੇਗੀ।
ਸੈਰ-ਸਪਾਟਾ ਵਧਣ ਨਾਲ ਸਥਾਨਕ ਲੋਕਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਮੌਕੇ
ਪੁਰਾਤਤਵ, ਸੈਰ-ਸਪਾਟਾ ਅਤੇ ਮਿਊਜ਼ੀਅਮ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਵਿੱਚ ਬੁਨਿਆਦੀ ਸਹੂਲਤਾਂ ਦੇ ਪਸਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਨਾਲ ਸਥਾਨਕ ਅਰਥਚਾਰੇ ਨੂੰ ਵੀ ਮਜ਼ਬੂਤੀ ਮਿਲੇਗੀ। ਇੱਥੇ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ, ਸਵੈ-ਰੁਜ਼ਗਾਰ, ਦਸਤਕਾਰੀ ਅਤੇ ਹੋਰ ਆਰਥਿਕ ਗਤੀਵਿਧੀਆਂ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਮਿਊਜ਼ੀਅਮ ਅਤੇ ਆਡੀਟੋਰੀਅਮ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਅਕ ਸੰਮੇਲਨ, ਸੱਭਿਆਚਾਰਕ ਪ੍ਰੋਗਰਾਮ ਅਤੇ ਪੁਰਾਤਤਵ ਗਤੀਵਿਧੀਆਂ ਕਰਵਾਉਣ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ।
ਉਨ੍ਹਾਂ ਕਿਹਾ ਕਿ ਰਾਖੀਗੜ੍ਹੀ ਵਰਗੇ ਅਹਿਮ ਇਤਿਹਾਸਕ ਸਥਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜ ਕੇ ਹਰਿਆਣਾ ਦੀ ਸੱਭਿਆਚਾਰਕ ਵਿਰਾਸਤ ਨੂੰ ਗਲੋਬਲ ਮੰਚ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸਰਕਾਰ ਦਾ ਉਦੇਸ਼ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਅਤੇ ਸਥਾਨਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਾ ਹੈ।
ਇਸ ਮੌਕੇ ਸੀ.ਡੀ.ਐੱਲ.ਯੂ. ਦੇ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ, ਪਦਮ ਸ਼੍ਰੀ ਡਾ. ਆਰ.ਐੱਸ. ਬਿਸ਼ਟ, ਉਪ ਨਿਰਦੇਸ਼ਕ ਡਾ. ਨਰਿੰਦਰ ਪਰਮਾਰ, ਡਾ. ਅਮਰਿੰਦਰ ਨਾਥ, ਡਾ. ਗਰਿਮਾ ਸਿੰਘ ਆਦਿ ਪੁਰਾਤਤਵ ਵਿਗਿਆਨੀਆਂ ਨੇ ਹੜੱਪਾ ਕਾਲੀਨ ਅਮੀਰ ਸੱਭਿਆਚਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।