October 16, 2026

Justice News

ਅਵਾਮ ਦੀ ਆਵਾਜ਼

ਐਡਮਿੰਟਨ ਵਿਖੇ ਪ੍ਰਸਿੱਧ ਸ਼ਾਇਰ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਦਾ ਦ੍ਰਿਸ਼ ਪ੍ਰਦਰਸ਼ਨ ਤੇ ਕਵੀ ਦਰਬਾਰ

ਐਡਮਿੰਟਨ (ਕਨੇਡਾ) ਦੀ ਖ਼ੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ ਮੈਡੋਜ਼ 17 ਸਟਰੀਟ ਵਿਖੇ ਪ੍ਰਸਿੱਧ ਗਜ਼ਲਗੋ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਦਾ ਦ੍ਰਿਸ਼ ਪ੍ਰਦਰਸ਼ਨ, ਸਨਮਾਨ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੁਲਵਿੰਦਰ ਫੁੱਲ ਦਲਬੀਰ ਸਿੰਘ ਰਿਆੜ ਤੇ ਸੁਰਜੀਤ ਕੌਰ ਧਾਲੀਵਾਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਜਸਵੀਰ ਦਿਓਲ ਐਮਐਲਏ, ਮੈਡਮ ਰਾਜ ਉੱਪਲ ਪ੍ਰਧਾਨ ਕਨੇਡੀਅਨ ਯੂਨੀਅਨ ਆਫ ਪਬਲਿਕ ਇਮਪਲਾਈਜ਼ ਅਲਬਰਟਾ ਤੇ ਉਬਰਦੇ ਗੀਤਕਾਰ ਕਾਲਮ ਨਵੀਸ ਦੀਪਾ ਬੰਡਾਲਾ ਨੇ ਸ਼ਿਰਕਤ ਕੀਤੀ। ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ ਤੇ ਅੰਮ੍ਰਿਤਪਾਲ ਸਿੰਘ ਨੇ ਸਭਾ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਸਭਨਾਂ ਨੂੰ ਜੀ ਆਇਆ ਕਹਿ ਕੇ ਧੰਨਵਾਦ ਕੀਤਾ। ਇਸ ਮੌਕੇ ਤੇ ਜਸਬੀਰ ਦਿਓਲ ਤੇ ਮੈਡਮ ਰਾਜ ਉੱਪਲ ਨੇ ਆਪਣੇ ਨਿਜੀ ਤੇ ਕਨੇਡਾ ਦੇ ਹਾਲਾਤਾਂ ਉੱਪਰ ਵਿਚਾਰ ਰੱਖੇ। ਗਜ਼ਲਗੋ ਕੁਲਵਿੰਦਰ ਫੁੱਲ ਨੇ ਆਪਣੀ ਜੀਵਨਸ਼ੈਲੀ ਤੇ ਪੁਸਤਕ ਦੀ ਰਚਨਾਤਮਕਤਾ ਉੱਪਰ ਚਾਨਣਾ ਪਾਇਆ। ਬਲਵਿੰਦਰ ਬਾਲਮ ਨੇ ਕੁਲਵਿੰਦਰ ਫੁੱਲ ਦੀ ਪੁਸਤਕ ‘ਤੇਰੇ ਬਿਨਾ’ ਉੱਪਰ ਵਿਚਾਰ ਰੱਖਦੇ ਹੋਏ ਕਿਹਾ ਕਿ ਕੁਲਵਿੰਦਰ ਫੁੱਲ ਇੱਕ ਪਰਪੱਕ ਗਜ਼ਲਗੋ ਹੈ ਅਤੇ ਮਰਹੂਮ ਜਨਾਬ ਦੀਪਕ ਜੈਤੋਈ ਸਾਹਿਬ ਦਾ ਸ਼ਗਿਰਦ ਹੈ। ਉਸ ਦੀਆਂ ਗਜ਼ਲਾਂ ਦੇ ਰੁਕਨ, ਅਰਕਾਨ, ਅਵੁਰਧ, ਅਵਰਧਕ, ਸਾਕਨ, ਮੁਤਹਰਕ ਅਤੇ ਬਹਿਰ, ਵਜ਼ਨ, ਭਾਸ਼ਾ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਬੇਸ਼ਕ ਛੋਟੀਆਂ ਬਹਿਰਾਂ ਦੀ ਵਰਤੋਂ ਕੀਤੀ ਗਈ ਹੈ ਪਰ ਸ਼ੇਅਰਾਂ ਵਿੱਚ ਤੰਦਰੁਸਤੀ ਤੇ ਝਰਨੇ ਦੇ ਵਹਿਣ ਵਾਂਗ ਰਵਾਨਗੀ ਤੇ ਰਸ ਪੈਦਾ ਕਰਦੀ ਹੈ। ਪੁਸਤਕ ਵਿੱਚ ਕੁੱਲ 112 ਗਜ਼ਲਾਂ ਹਨ।
ਇਹਨਾਂ ਦੀਆਂ ਗਜ਼ਲਾਂ ਪੜ੍ਹਦਿਆਂ ਜਿਹੜੇ ਸ਼ੇਅਰ ਮਨ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ, ਆਓ ਆਪਾਂ ਵੀ ਉਹਨਾਂ ਨਾਲ ਆਪਣੀ ਸਾਂਝ ਪਾਈਏ। ਜਿਵੇਂ ਕਿ-
ਬਦਲ ਕਿਰਪਾ ਕਰ ਜਾਏਗਾ ਹੌਲੀ ਹੌਲੀ
ਸੜਕਾਂ ਸਾਗਰ ਭਰ ਜਾਵੇਗਾ ਹੌਲੀ ਹੌਲੀ
ਅਤੇ
ਤਾਜ਼ਾ ਹਵਾ ਹਮੇਸ਼ਾ ਆਵੇਗੀ ਯਾਰੋ
ਜ਼ਿਹਨ ਦੇ ਵਿੱਚ ਜੇ ਆਪਾਂ ਬਾਰੀ ਲਾਈਏ
ਅਤੇ
ਰੋਜ਼ ਏਸ ਦੀ ਪੂਜਾ ਕਰਨੀ ਪੈਂਦੀ ਹੈ
ਹੱਥੀਂ ਮਿੱਟੀ ਗੋਹ ਕੇ ਬੁੱਤ ਬਣਾਇਆ ਹੈ
ਅਤੇ
ਮਾੜੇ ਲਫ਼ਜ਼ ਜੋ ਗੀਤਾਂ ਦੇ
ਇਹ ਪੁੜੀਆਂ ਨੇ ਜ਼ਹਿਰ ਦੀਆਂ
ਅਤੇ
ਔਰਤਾਂ ਜੇ ਪਾਉਣ ਜੇਵਰ ਵਾਂਗਰਾ
ਇੱਕ ਨਵੀਂ ਸੂਖਮ ਹਯਾ ਹੈ ਜ਼ਿੰਦਗੀ
ਕੁਲਵਿੰਦਰ ਫੁੱਲ ਨੇ ਭੌਤਿਕ ਸੰਦਰਭ, ਰੁਮਾਂਟਿਕਤਾ ਅਤੇ ਜੀਵਨ ਦੇ ਹਰ ਪਹਿਲੂ ਉੱਪਰ ਸ਼ੇਅਰ ਕਹੇ ਹਨ।
ਇਸ ਮੌਕੇ ਤੇ ਕੁਲਵਿੰਦਰ ਫੁੱਲ, ਜਸਬੀਰ ਦਿਓਲ ਐਮਐਲਏ ਅਤੇ ਰਾਜ ਉੱਪਲ ਨੂੰ ਗੁਰਮੁਖੀ ਅੰਕਿਤ ਸ਼ਾਲ ਨਾਲ ਨਿਵਾਜ਼ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਉਹਨਾਂ ਦੇ ਨਾਮ ਦਲਬੀਰ ਸਿੰਘ ਰਿਆੜ, ਬਲਵਿੰਦਰ ਬਾਲਮ, ਦੀਪਾ ਬੰਡਾਲਾ, ਦਰਸ਼ਨ ਅਣਜਾਣ, ਸੁਰਜੀਤ ਕੌਰ ਧਾਲੀਵਾਲ, ਅੰਮ੍ਰਿਤਪਾਲ ਅੰਮ੍ਰਿਤ, ਅਜੀਤ ਸਿੰਘ ਖੰਗੂੜਾ, ਕਾਰਜ ਸਿੰਘ ਔਲਖ, ਨਰਿੰਦਰ ਸਿੰਘ ਲੁਬਾਣਾ, ਕੁਲਵਿੰਦਰ ਫੁੱਲ, ਤਜਿੰਦਰਪਾਲ ਸਿੰਘ ਰਿਆੜ, ਕਰਨੈਲ ਸਿੰਘ ਪਰਮਾਰ, ਸੁਖਦੇਵ ਸਿੰਘ, ਸਤਨਾਮ ਸਿੰਘ ਗਾਹਲੇ, ਪਾਰਸ ਮਹੀਨਿਆਂ, ਗੁਰਨਾਮ ਸਿੰਘ ਅਟਵਾਲ, ਮਲਕੀਤ ਸਿੰਘ, ਮਹਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਲ, ਦਵਿੰਦਰ ਸਿੰਘ ਬੈਂਸ, ਨਰਿੰਦਰ ਸਿੰਘ ਅਟਵਾਲ, ਕਿਰਪਾਲ ਸਿੰਘ ਧੂਰੀ, ਨਸੀਰ ਮਹਿਮੂਦ ਅਤੇ ਕੇਵਲ ਸਿੰਘ ਬਲ ਨੇ ਭਾਗ ਲਿਆ। ਮੌਕੇ ਤੇ ਕਵੀਆਂ ਨੇ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਇਹ ਸਮਾਗਮ ਇੱਕ ਯਾਦਗਾਰੀ ਚਿੰਨ ਛੱਡ ਗਿਆ।
ਬਲਵਿੰਦਰ ਬਾਲਮ ਗੁਰਦਾਸਪੁਰ ਐਡਮਿੰਟਨ ਕਨੇਡਾ
985625409

Leave a Reply

Your email address will not be published. Required fields are marked *

Copyright © All rights reserved. | Newsphere by AF themes.