ਪੰਜਾਬ ਬੰਦ ਦੀ ਹਨ੍ਹੇਰੀ: ਅੰਮ੍ਰਿਤਸਰ ਦੇ ਮੁੱਖ ਬਾਜ਼ਾਰ ਰਹੇ ਪੂਰੀ ਤਰ੍ਹਾਂ ਠੱਪ, ਵਪਾਰੀਆਂ ਅਤੇ ਲੋਕਾਂ ਨੇ ਸੜਕਾਂ ‘ਤੇ ਉੱਤਰ ਕੇ ਦਿਖਾਈ ਜਬਰਦਸਤ ਤਾਕਤ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ/ਸੋਨੂੰ/ਜੋਗਾ ਸਿੰਘ)
ਮਾਨਸਾ ਵਿੱਚ ਨਸ਼ਾ ਮੁਕਤੀ ਮੁਹਿੰਮ ਦੇ ਨਿਧੜਕ ਆਗੂ ਅਤੇ ਪ੍ਰਮੁੱਖ ਕਾਰਕੁੰਨ ਪ੍ਰਮਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਨੇ ਪੂਰੇ ਪੰਜਾਬ ਵਿੱਚ ਅੱਗ ਲਾ ਦਿੱਤੀ ਹੈ। ਇਨਸਾਫ਼ ਦੀ ਮੰਗ ਲਈ ਨਸ਼ਾ ਵਿਰੋਧੀ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੇ ਅੰਮ੍ਰਿਤਸਰ ਵਿੱਚ ਇਤਿਹਾਸਕ ਰੂਪ ਧਾਰਨ ਕਰ ਲਿਆ ਹੈ। ਸ਼ਹਿਰ ਦੇ ਨਾਮਵਰ ਅਤੇ ਮੇਨ ਬਾਜ਼ਾਰਾਂ ਵਿੱਚ ਸੰਨਾਟਾ ਛਾ ਗਿਆ ਅਤੇ ਹਰ ਵਰਗ ਨੇ ਆਪਣੇ ਕਾਰੋਬਾਰ ਮੁਕੰਮਲ ਤੌਰ ‘ਤੇ ਠੱਪ ਕਰਕੇ ਨਸ਼ਾ ਵਿਰੋਧੀ ਇਸ ਅੰਦੋਲਨ ਨੂੰ ਗਰਜਵੀਂ ਹਿਮਾਇਤ ਦਿੱਤੀ ਹੈ।
ਬਾਜ਼ਾਰਾਂ ਵਿੱਚ ਪੂਰਾ ਸੁੰਨਸਾਨ: ਕਾਰੋਬਾਰੀਆਂ ਨੇ ਖ਼ੁਦ ਸੁੱਟੇ ਸ਼ਟਰ
ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਪ੍ਰਮੁੱਖ ਬਾਜ਼ਾਰਾਂ ਜਿਵੇਂ ਕਿ ਕੱਟੜਾ ਜੈਮਲ ਸਿੰਘ, ਹਾਲ ਬਜ਼ਾਰ, ਲੁਹਾਰਕਾ ਰੋਡ, ਸ਼ਾਸਤਰੀ ਮਾਰਕੀਟ, ਗੁਰੂ ਬਜ਼ਾਰ, ਪੁਤਲੀਘਰ, ਖੰਡਵਾਲਾ, ਛੇਹਰਟਾ, ਸੁਲਤਾਨਵਿੰਡ ਰੋਡ, ਕਟੜਾ ਸੇ਼ੇਰ ਸਿੰਘ, ਕਟੜਾ ਦੂਲੋ, ਨਮਕ ਮੰਡੀ, ਰਾਮ ਬਾਗ, ਚਿੱਟਾ ਕਟੜਾ ਅਤੇ ਢਾਬ ਬਸਤੀ ਵਿੱਚ ਦੁਕਾਨਾਂ ਦੇ ਸ਼ਟਰ ਪੂਰੀ ਤਰ੍ਹਾਂ ਹੇਠਾਂ ਡਿੱਗੇ ਨਜ਼ਰ ਆਏ। ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੇ ਬਿਨਾਂ ਕਿਸੇ ਝਿਜਕ ਦੇ ਸਵੈ-ਇੱਛਾ ਨਾਲ ਆਪਣੇ ਅਦਾਰੇ ਬੰਦ ਰੱਖੇ। ਬਜ਼ਾਰਾਂ ਵਿੱਚ ਜਿੱਥੇ ਆਮ ਤੌਰ ‘ਤੇ ਤਿਲ ਸੁੱਟਣ ਦੀ ਵੀ ਜਗ੍ਹਾ ਨਹੀਂ ਹੁੰਦੀ ਅਤੇ ਗਾਹਕਾਂ ਦੀ ਭੀੜ ਨਾਲ ਚਹਿਲ-ਪਹਿਲ ਰਹਿੰਦੀ ਹੈ, ਉੱਥੇ ਅੱਜ ਪੂਰੀ ਤਰ੍ਹਾਂ ਸੁੰਨਸਾਨੀ ਛਾਈ ਰਹੀ। ਵਪਾਰੀ ਵਰਗ ਦਾ ਸਾਫ਼ ਕਹਿਣਾ ਸੀ ਕਿ ਪ੍ਰਮਿੰਦਰ ਸਿੰਘ ਝੋਟੇ ਵਰਗੇ ਯੋਧੇ ਦਾ ਕਤਲ ਪੂਰੀ ਕੌਮ ਲਈ ਇੱਕ ਵੱਡਾ ਸਦਮਾ ਹੈ ਅਤੇ ਉਹ ਇਸ ਦੁੱਖ ਦੀ ਘੜੀ ਵਿੱਚ ਇਨਸਾਫ਼ ਲਈ ਆਰ-ਪਾਰ ਦੀ ਲੜਾਈ ਲੜਨਗੇ।
ਭੰਡਾਰੀ ਪੁੱਲ ‘ਤੇ ਜਾਮ ਅਤੇ ਬਜ਼ਾਰਾਂ ਵਿੱਚ ਗਰਜੇ ਪ੍ਰਦਰਸ਼ਨਕਾਰੀ
ਰੋਸ ਦੀ ਅੱਗ ਇਸ ਕਦਰ ਭੜਕੀ ਕਿ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਮੁੱਖ ਮਾਰਗਾਂ ‘ਤੇ ਉੱਤਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅੰਮ੍ਰਿਤਸਰ ਦੇ ਪ੍ਰਮੁੱਖ ਭੰਡਾਰੀ ਪੁੱਲ ‘ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਅਤੇ ਮੇਨ ਬਜ਼ਾਰਾਂ ਵਿੱਚ ਵੀ ਬੰਦ ਨੂੰ ਸਫ਼ਲ ਬਣਾਉਣ ਲਈ ਜਲੂਸ ਕੱਢੇ ਗਏ। ਲੋਕਾਂ ਦਾ ਜੋਸ਼ ਦੇਖਦਿਆਂ ਹੀ ਬਣਦਾ ਸੀ; ਹਰ ਪਾਸਿਓਂ ਸਿਰਫ਼ ਇੱਕੋ ਮੰਗ ਗੂੰਜ ਰਹੀ ਸੀ—ਪ੍ਰਮਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫ਼ਾਂਸੀ ਦਿੱਤੀ ਜਾਵੇ।
ਸਰਕਾਰ ਅਤੇ ਸਿਸਟਮ ਖ਼ਿਲਾਫ਼ ਲੋਕਾਂ ਵਿੱਚ ਭਾਰੀ ਉਬਾਲ
ਪ੍ਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਜਨਤਾ ਵਿੱਚ ਸਿਸਟਮ ਖ਼ਿਲਾਫ਼ ਜੰਮ ਕੇ ਗੁੱਸਾ ਫੁੱਟਿਆ ਹੈ। ਪ੍ਰਦਰਸ਼ਨਕਾਰੀਆਂ ਅਤੇ ਜਥੇਬੰਦੀਆਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਸ਼ੇ ਖ਼ਿਲਾਫ਼ ਲੜਨ ਵਾਲੇ ਸੂਰਮੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦਾ ਕੀ ਬਣੇਗਾ? ਇਸ ਵਿਸ਼ਾਲ ਬੰਦ ਜ਼ਰੀਏ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਸੁੱਟਿਆ ਜਾਂਦਾ, ਤਦ ਤੱਕ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਅੰਮ੍ਰਿਤਸਰ ਵਿੱਚ ਇਸ ਪੂਰਨ ਬੰਦ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਮਿੰਦਰ ਸਿੰਘ ਝੋਟੇ ਦੀ ਮੌਤ ਨੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਅਤੇ ਹਰ ਇਨਸਾਫ਼-ਪਸੰਦ ਇਨਸਾਨ ਇਸ ਲੜਾਈ ਵਿੱਚ ਇੱਕਜੁੱਟ ਹੋ ਕੇ ਖੜ੍ਹਾ ਹੈ।
ਬਾਕਸ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ; ਸ਼ਹਿਰ ਭਰ ਵਿੱਚ 1500 ਪੁਲਿਸ ਮੁਲਾਜ਼ਮ ਤਾਇਨਾਤ
ਡੀਸੀਪੀਜ਼ ਦੀ ਨਿਗਰਾਨੀ ਹੇਠ ਏਡੀਸੀਪੀਜ਼ ਅਤੇ ਏਸੀਪੀਜ਼ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ; ਪੁਲਿਸ ਪੂਰੀ ਤਰ੍ਹਾਂ ਮੁਸਤੈਦ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਲ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਆਪਣੀ ਡਿਊਟੀ ਪੂਰੀ ਚੌਕਸੀ ਅਤੇ ਮੁਸਤੈਦੀ ਨਾਲ ਨਿਭਾ ਰਹੇ ਹਨ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ., ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਅਤੇ ਹਰ ਸਥਿਤੀ ’ਤੇ ਤਿੱਖੀ ਨਜ਼ਰ ਰੱਖਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਤਾਇਨਾਤ ਪੁਲਿਸ ਫ਼ੋਰਸ ਦੀ ਨਿਗਰਾਨੀ ਡੀਸੀਪੀਜ਼ ਦੀ ਦੇਖ-ਰੇਖ ਹੇਠ ਏਡੀਸੀਪੀਜ਼ ਅਤੇ ਏਸੀਪੀਜ਼ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀ ਵੱਖ-ਵੱਖ ਇਲਾਕਿਆਂ ਵਿੱਚ ਖ਼ੁਦ ਪਹੁੰਚ ਕੇ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਮੁਸਤੈਦੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਹਨ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਪੁਲਿਸ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਬਾਕਸ
ਅੰਮ੍ਰਿਤਸਰ ਵਿੱਚ ਪੁਲਿਸ ਦਾ ਐਕਸ਼ਨ: ਝੋਟਾ ਕਤਲਕਾਂਡ ਦੇ ਰੋਸ ਪ੍ਰਦਰਸ਼ਨ ਦੌਰਾਨ ਕਈ ਆਗੂ ਅਤੇ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ, ਮਾਹੌਲ ਤਣਾਅਪੂਰਨ!
ਮਾਨਸਾ ਵਿੱਚ ਨਸ਼ਾ ਮੁਕਤੀ ਮੁਹਿੰਮ ਦੇ ਕਾਰਕੁੰਨ ਪ੍ਰਮਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਭੜਕੇ ਗੁੱਸੇ ਦਰਮਿਆਨ ਅੰਮ੍ਰਿਤਸਰ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਮੇਨ ਬਾਜ਼ਾਰਾਂ ਵਿੱਚ ਜ਼ਬਰਦਸਤੀ ਬੰਦ ਕਰਵਾਉਣ ਅਤੇ ਆਵਾਜਾਈ ਰੋਕਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਕਿਸਾਨ ਆਗੂਆਂ ‘ਤੇ ਅੰਮ੍ਰਿਤਸਰ ਪੁਲਿਸ ਨੇ ਸਖ਼ਤ ਐਕਸ਼ਨ ਲੈਂਦਿਆਂ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਭੰਡਾਰੀ ਪੁੱਲ ਅਤੇ ਮੇਨ ਬਾਜ਼ਾਰਾਂ ਵਿੱਚ ਗਰਮਾਇਆ ਮਾਹੌਲ
ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਵਿਰੋਧੀ ਜਥੇਬੰਦੀਆਂ ਅਤੇ ਕਿਸਾਨ ਆਗੂ ਸੜਕਾਂ ‘ਤੇ ਉੱਤਰ ਆਏ ਸਨ। ਪ੍ਰਦਰਸ਼ਨਕਾਰੀਆਂ ਨੇ ਪ੍ਰਮਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫ਼ਾਂਸੀ ਦੇਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਸਥਿਤੀ ਉਸ ਸਮੇਂ ਹੋਰ ਤਣਾਅਪੂਰਨ ਹੋ ਗਈ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਅਹਿਮ ਭੰਡਾਰੀ ਪੁੱਲ ‘ਤੇ ਜਾਮ ਲਾਉਣ ਦੇ ਨਾਲ-ਨਾਲ ਬਜ਼ਾਰਾਂ ਵਿੱਚ ਜਾ ਕੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਕਾਫ਼ੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ।
ਪੁਲਿਸ ਦੀ ਸਖ਼ਤੀ: ਸਖ਼ਤ ਨਿਗਰਾਨੀ ਹੇਠ ਲਏ ਗਏ ਆਗੂ
ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਹਿਲਾਂ ਹੀ ਤਾਇਨਾਤ ਭਾਰੀ ਪੁਲਿਸ ਫ਼ੋਰਸ ਅਤੇ ਉੱਚ ਅਧਿਕਾਰੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੋਰਚਾ ਸੰਭਾਲ ਲਿਆ। ਪੁਲਿਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸ਼ਾਂਤਮਈ ਪ੍ਰਦਰਸ਼ਨ ਦੀ ਖੁੱਲ੍ਹ ਹੈ ਪਰ ਕਾਨੂੰਨ ਹੱਥ ਵਿੱਚ ਲੈਣ ਜਾਂ ਜ਼ਬਰਦਸਤੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਸਖ਼ਤ ਰੁਖ਼ ਤਹਿਤ ਅੰਮ੍ਰਿਤਸਰ ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕਈ ਮੋਹਰੀ ਪ੍ਰਦਰਸ਼ਨਕਾਰੀਆਂ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ।
ਜਥੇਬੰਦੀਆਂ ਵਿੱਚ ਭਾਰੀ ਰੋਸ, ਚੇਤਾਵਨੀ ਦਿੱਤੀ
ਪੁਲਿਸ ਵੱਲੋਂ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਫੈਲਦਿਆਂ ਹੀ ਨਸ਼ਾ ਵਿਰੋਧੀ ਜਥੇਬੰਦੀਆਂ ਅਤੇ ਸਮਰਥਕਾਂ ਵਿੱਚ ਗੁੱਸਾ ਹੋਰ ਜ਼ਿਆਦਾ ਭੜਕ ਉੱਠਿਆ ਹੈ। ਆਗੂਆਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਅਤੇ ਪ੍ਰਮਿੰਦਰ ਸਿੰਘ ਝੋਟੇ ਦੇ ਅਸਲ ਕਾਤਲਾਂ ਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਅਤੇ ਉਗਰ ਰੂਪ ਦਿੱਤਾ ਜਾਵੇਗਾ। ਫ਼ਿਲਹਾਲ ਸ਼ਹਿਰ ਦੇ ਨਾਜ਼ੁਕ ਇਲਾਕਿਆਂ ਵਿੱਚ ਪੁਲਿਸ ਵੱਲੋਂ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਸਥਿਤੀ ਤਣਾਅਪੂਰਨ ਪਰ ਪੁਲਿਸ ਦੇ ਕੰਟਰੋਲ ਹੇਠ ਹੈ।