October 13, 2026

Justice News

ਅਵਾਮ ਦੀ ਆਵਾਜ਼

ਚੰਡੀਗੜ੍ਹ ਮੈਰਾਥਨ ’ਚ ਸੁਰਿੰਦਰ ਆਹਲੂਵਾਲੀਆ ਨੇ ਦਿਖਾਇਆ ਦਮ, 10 ਕਿਲੋਮੀਟਰ ਦੌੜ ’ਚ ਹਾਸਲ ਕੀਤਾ ਦੂਜਾ ਸਥਾਨ 65 ਸਾਲ ਤੋਂ ਵੱਧ ਉਮਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ; 75 ਤੋਂ ਵੱਧ ਮੈਰਾਥਨ ’ਚ ਲੈ ਚੁੱਕੇ ਹਨ ਹਿੱਸਾ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਾਤਾਵਰਨ ਸੰਭਾਲਣ ਦਾ ਦੇ ਰਹੇ ਹਨ ਸੁਨੇਹਾ

ਲੁਧਿਆਣਾ
(  ਜਸਟਿਸ ਨਿਊਜ਼  )
ਤਜਰਬੇਕਾਰ ਮੈਰਾਥਨ ਦੌੜਾਕ, ਐਂਡਿਊਰੈਂਸ ਐਥਲੀਟ ਅਤੇ ਫਿਟਨੈੱਸ ਪ੍ਰਮੋਟਰ ਸੁਰਿੰਦਰ ਆਹਲੂਵਾਲੀਆ ਨੇ ਚੰਡੀਗੜ੍ਹ ਮੈਰਾਥਨ ਐਂਡ ਵੈੱਲਨੈੱਸ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 65 ਸਾਲ ਤੋਂ ਵੱਧ ਉਮਰ ਵਰਗ ਦੀ 10 ਕਿਲੋਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਚੰਡੀਗੜ੍ਹ ਦੇ ਇਤਿਹਾਸਕ ਕੈਪੀਟਲ ਕੰਪਲੈਕਸ ਵਿਖੇ ਕਰਵਾਈ ਗਈ ਇਸ ਮੈਰਾਥਨ ਵਿੱਚ ਉਨ੍ਹਾਂ ਨੇ ਆਪਣੀ ਫਿਟਨੈੱਸ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਪ੍ਰਗਟਾਵਾ ਕੀਤਾ।
ਸੁਰਿੰਦਰ ਆਹਲੂਵਾਲੀਆ ਹੁਣ ਤੱਕ 75 ਤੋਂ ਵੱਧ ਮੈਰਾਥਨ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਕਈ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹਿ ਕੇ ਆਪਣੀ ਪ੍ਰਤਿਭਾ ਦਾ ਸਬੂਤ ਦੇ ਚੁੱਕੇ ਹਨ। ਵਧਦੀ ਉਮਰ ਦੇ ਬਾਵਜੂਦ ਉਨ੍ਹਾਂ ਦਾ ਖੇਡਾਂ ਪ੍ਰਤੀ ਜਜ਼ਬਾ ਹੋਰਨਾਂ ਦੌੜਾਕਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ। ਉਹ ਦੌੜ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਨਿਯਮਤ ਕਸਰਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਦਾ ਮੁੱਖ ਸੰਦੇਸ਼ ‘ਨਸ਼ਿਆਂ ਨੂੰ ਨਾਂਹ’ ਹੈ।
ਸੁਰਿੰਦਰ ਆਹਲੂਵਾਲੀਆ ਸਾਂਭ ਸੰਭਾਲ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਵੀ ਹਨ। ਉਹ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਸਮਾਜ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੂੰ ‘ਗ੍ਰੀਨ ਲੇਡੀ ਪਟਿਆਲਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਚੰਡੀਗੜ੍ਹ ਲਾਈਫ ਵੱਲੋਂ ਕਰਵਾਈ ਗਈ ਇਸ ਮੈਰਾਥਨ ਵਿੱਚ ਬੱਚਿਆਂ, ਦੌੜਾਕਾਂ ਅਤੇ ਫਿਟਨੈੱਸ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਆਈਏਐੱਸ ਨਿਸ਼ਾਂਤ ਕੁਮਾਰ ਯਾਦਵ ਸਮੇਤ ਕਈ ਪਤਵੰਤੇ ਮੌਜੂਦ ਸਨ।
ਮੈਰਾਥਨ ਦੀ ਵਿਸ਼ੇਸ਼ ਪਹਿਲ ਤਹਿਤ ਹਰ ਭਾਗੀਦਾਰ ਵੱਲੋਂ ਪੂਰੀ ਕੀਤੀ ਗਈ ਦੌੜ ਦੇ ਨਾਂ ’ਤੇ ਇੱਕ ਬੂਟਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਸੁਰਿੰਦਰ ਆਹਲੂਵਾਲੀਆ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਿਹਤ, ਫਿਟਨੈੱਸ, ਸਮਾਜਿਕ ਭਾਗੀਦਾਰੀ ਅਤੇ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਦ੍ਰਿੜ੍ਹ ਇਰਾਦੇ ਅਤੇ ਨਿਯਮਤ ਅਭਿਆਸ ਨਾਲ ਕਿਸੇ ਵੀ ਉਮਰ ਵਿੱਚ ਸਿਹਤਮੰਦ ਜੀਵਨ ਜਿਉਣ ਦੀ ਪ੍ਰੇਰਣਾ ਲਈ ਜਾ ਸਕਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.