ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਦੇ SING ਫੋਰਮ ਵਿੱਚ ਫਾਇਰਸਾਈਡ ਚੈਟ ਦੌਰਾਨ ਹਰਿਆਣਾ ਨੂੰ ਨਿਵੇਸ਼ ਲਈ ਸਭ ਤੋਂ ਬਿਹਤਰ ਵਿਕਲਪ ਦੱਸਿਆ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਵਿੱਚ ਆਯੋਜਿਤ SING ਫੋਰਮ ਦੇ ਫਾਇਰਸਾਈਡ ਚੈਟ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਸੂਬੇ ਵਿੱਚ ਨਿਵੇਸ਼ ਦੇ ਮੌਕਿਆਂ, ਨੀਤੀਗਤ ਸੁਧਾਰਾਂ ਅਤੇ ਨਿਵੇਸ਼ਕ-ਪੱਖੀ ਮਾਹੌਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕੋਈ ਕੰਪਨੀ ਹਰਿਆਣਾ ਵਿੱਚ ਨਿਵੇਸ਼ ਕਰਦੀ ਹੈ ਤਾਂ ਉਹ ਇਸ ਯਾਤਰਾ ਨੂੰ ਸਫਲ ਮੰਨਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਸਿੰਗਾਪੁਰ ਆਉਣ ਤੋਂ ਪਹਿਲਾਂ ਹੀ ਲਗਭਗ 20-30 ਪ੍ਰਮੁੱਖ ਕੰਪਨੀਆਂ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਵੱਲੋਂ ਕਈ ਨਿਵੇਸ਼ਕਾਂ ਨਾਲ ਈ-ਮੀਟਿੰਗਾਂ ਵੀ ਕੀਤੀਆਂ ਗਈਆਂ। ਇਸ ਯਾਤਰਾ ਦੌਰਾਨ ਕਈ ਕੰਪਨੀਆਂ ਨੇ ਨਿਵੇਸ਼ ਪ੍ਰਸਤਾਵ ਦਿੱਤੇ ਅਤੇ ਆਪਣੀਆਂ ਇਨਵੇਸਟਮੈਂਟ ਇੰਟੇਂਸੰਸ ਜਮ੍ਹਾਂ ਕਰਵਾਈਆਂ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਨਿਵੇਸ਼ ਪ੍ਰਸਤਾਵ ਆਉਂਦਾ ਹੈ, ਹਰਿਆਣਾ ਐਂਟਰਪ੍ਰਾਈਜ਼ ਪ੍ਰਮੋਸ਼ਨ ਸੈਂਟਰ ਉਸ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਾ ਹੈ। ਸਿੰਗਾਪੁਰ ਤੋਂ ਆਉਣ ਵਾਲੇ ਨਿਵੇਸ਼ ਪ੍ਰਸਤਾਵਾਂ ਨੂੰ ਵਿਸ਼ੇਸ਼ ਤੌਰ ’ਤੇ ਤੇਜ਼ੀ ਦੇਣ ਲਈ ਇੱਕ ਸਮਰਪਿਤ ‘ਮਰਲਿਅਨ ਡੈਸਕ’ ਵੀ ਸਥਾਪਿਤ ਕੀਤਾ ਗਿਆ ਹੈ।
ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ 270 ਤੋਂ ਵੱਧ ਗਲੋਬਲ ਕੈਪੇਬਿਲਟੀ ਸੈਂਟਰਜ਼ (GCCs) ਅਤੇ ਮਜ਼ਬੂਤ ਆਟੋਮੋਟਿਵ ਈਕੋਸਿਸਟਮ ਮੌਜੂਦ ਹੈ, ਜੋ ਕੋਈ ਚੁਣੌਤੀ ਨਹੀਂ ਸਗੋਂ ਇੱਕ ਮੌਕਾ ਹੈ। ਗੁਰੂਗ੍ਰਾਮ ਅਤੇ ਐਨਸੀਆਰ ਤੋਂ ਬਾਹਰ ਵੀ ਕਈ ਅਜਿਹੇ ਸਥਾਨ ਹਨ ਜਿੱਥੇ ਨਿਵੇਸ਼ਕਾਂ ਲਈ ਜ਼ਮੀਨ, ਉਦਯੋਗਿਕ ਢਾਂਚਾ ਅਤੇ ਵਿਸਥਾਰ ਲਈ ਕਾਫ਼ੀ ਜਗ੍ਹਾ ਉਪਲਬਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੱਧਮ ਆਕਾਰ ਦੀਆਂ ਕੰਪਨੀਆਂ ਨੂੰ ਸਿਰਫ਼ ਪਹਿਲਾਂ ਤੋਂ ਮੌਜੂਦ ਸਿਸਟਮ ਵਿੱਚ ਜਗ੍ਹਾ ਬਣਾਉਣ ਦੀ ਲੋੜ ਨਹੀਂ ਹੈ, ਸਗੋਂ ਉਹ ਇੱਥੇ ਆਪਣਾ ਨਵਾਂ ਈਕੋਸਿਸਟਮ ਅਤੇ ਮਜ਼ਬੂਤ ਕਾਰੋਬਾਰੀ ਆਧਾਰ ਵੀ ਵਿਕਸਤ ਕਰ ਸਕਦੀਆਂ ਹਨ।
ਨਿਵੇਸ਼ ਪ੍ਰੋਤਸਾਹਨਾਂ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ 10 ਨਵੀਆਂ ਨੀਤੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਪ੍ਰੋਤਸਾਹਨ ਦੇਣ ਦੀ ਪ੍ਰਕਿਰਿਆ ਨੂੰ ਸਮੇਂਬੱਧ ਬਣਾਇਆ ਗਿਆ ਹੈ। ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਨਿਵੇਸ਼ਕਾਂ ਨੂੰ ਘੱਟ ਤੋਂ ਘੱਟ ਯਤਨ ਕਰਨੇ ਪੈਣ। ਪ੍ਰੋਤਸਾਹਨ ਫਰੇਮਵਰਕ ਤਹਿਤ ਯੋਗ ਪ੍ਰੋਤਸਾਹਨ ਦੀ 50 ਫੀਸਦੀ ਰਕਮ ਪਹਿਲੇ ਸੱਤ ਕਾਰਜ ਦਿਨਾਂ ਵਿੱਚ ਅਤੇ ਬਾਕੀ ਰਕਮ 45 ਦਿਨਾਂ ਦੇ ਅੰਦਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਪਾਣੀ ਦੀ ਚੁਣੌਤੀ ਬਾਰੇ ਉਨ੍ਹਾਂ ਕਿਹਾ ਕਿ ਵੱਧ ਪਾਣੀ ਦੀ ਲੋੜ ਵਾਲੀਆਂ ਉਦਯੋਗਿਕ ਇਕਾਈਆਂ ਅਤੇ ਕੁਝ ਵਿਸ਼ੇਸ਼ ਸਥਾਨਾਂ ਲਈ ਪ੍ਰਾਜੈਕਟ ਦੀ ਲੋੜ ਦਾ ਪਹਿਲਾਂ ਹੀ ਮੁਲਾਂਕਣ ਕੀਤਾ ਜਾਂਦਾ ਹੈ। ਟ੍ਰੀਟਡ ਅਤੇ ਰੀਸਾਈਕਲ ਕੀਤੇ ਪਾਣੀ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਜ਼ਮੀਨ ਨਾਲ ਸਬੰਧਤ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਅਤੇ ਵਿਲੱਖਣ ਇਨਵੈਸਟਮੈਂਟ ਇੰਜਣ ਤਿਆਰ ਕੀਤਾ ਗਿਆ ਹੈ। ਕੋਈ ਵੀ ਨਿਵੇਸ਼ਕ ਜਦੋਂ ਹਰਿਆਣਾ ਦੇ ਕਿਸੇ ਖਾਸ ਲੈਂਡ ਪਾਰਸਲ ’ਤੇ ਕਰਸਰ ਰੱਖਦਾ ਹੈ ਤਾਂ ਉਸ ਨੂੰ ਉਸ ਸਥਾਨ ਨਾਲ ਸਬੰਧਤ ਨਿਵੇਸ਼ ਦੀ ਪੂਰੀ ਜਾਣਕਾਰੀ ਇੱਕ ਹੀ ਥਾਂ ’ਤੇ ਮਿਲ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕੋਲ ਸਹੀ ਲੋਕੇਸ਼ਨ, ਮਜ਼ਬੂਤ ਈਕੋਸਿਸਟਮ ਅਤੇ ਮੌਕਿਆਂ ਨੂੰ ਵੱਡੇ ਪੱਧਰ ’ਤੇ ਲਿਜਾਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਉਹ ਭਾਰਤ ਵਿੱਚ ਆਪਣੇ ਵਿਕਾਸ ਦਾ ਅਗਲਾ ਅਧਿਆਇ ਲਿਖਣਾ ਚਾਹੁੰਦੇ ਹਨ ਤਾਂ ਹਰਿਆਣਾ ਉਨ੍ਹਾਂ ਦਾ ਮਜ਼ਬੂਤ ਅਤੇ ਭਰੋਸੇਮੰਦ ਭਾਈਵਾਲ ਬਣ ਸਕਦਾ ਹੈ।