September 28, 2026

Justice News

ਅਵਾਮ ਦੀ ਆਵਾਜ਼

ਪੰਜ ਪੁੱਤਰ ਗੁਆ ਚੁੱਕੀ ਮਾਂ ਦੇ ਵੈਣ ‘ਆਪ’ ਸਰਕਾਰ ਦੇ ਨਸ਼ਾ ਮੁਕਤੀ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ: ਵਿਜੇ ਸਾਂਪਲਾ

ਸੁਲਤਾਨਪੁਰ ਲੋਧੀ,

( ਜਸਟਿਸ ਨਿਊਜ਼   )

ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਵਿਜੇ ਸਾਂਪਲਾ ਨੇ ਭਗਵੰਤ ਮਾਨ ਸਰਕਾਰ ’ਤੇ ਨਸ਼ਿਆਂ ਦੇ ਮੁੱਦੇ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਦੇ ਅੰਕੜੇ ਅਤੇ ਦਾਅਵੇ ਭਾਵੇਂ ਕਿੰਨੇ ਵੀ ਵੱਡੇ ਹੋਣ, ਪਰ ਪੰਜਾਬ ਦੀਆਂ ਗਲੀਆਂ, ਘਰਾਂ ਅਤੇ ਮਾਵਾਂ ਦੇ ਵੈਣ ਜ਼ਮੀਨੀ ਹਕੀਕਤ ਬਿਆਨ ਕਰ ਰਹੇ ਹਨ।
ਸਾਂਪਲਾ ਨੇ ਸੁਲਤਾਨਪੁਰ ਲੋਧੀ ਦੀ ਬੀਬੀ ਮਨਜੀਤ ਕੌਰ ਦਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਜਿਸ ਮਾਂ ਨੇ ਆਪਣੇ ਪੰਜ ਜਵਾਨ ਪੁੱਤਰ ਨਸ਼ਿਆਂ ਦੀ ਭੇਟ ਚੜ੍ਹਦੇ ਦੇਖੇ, ਉਸ ਦਾ ਦਰਦ ਕਿਸੇ ਸਰਕਾਰੀ ਅੰਕੜੇ ਨਾਲ ਨਹੀਂ ਮਾਪਿਆ ਜਾ ਸਕਦਾ। ਜਿਸ ਉਮਰ ਵਿੱਚ ਮਾਵਾਂ ਆਪਣੇ ਪੁੱਤਰਾਂ ਨੂੰ ਘਰ ਦੀਆਂ ਖੁਸ਼ੀਆਂ ਅਤੇ ਬੁਢਾਪੇ ਦਾ ਸਹਾਰਾ ਬਣਦੇ ਦੇਖਣਾ ਚਾਹੁੰਦੀਆਂ ਹਨ, ਉਸ ਉਮਰ ਵਿੱਚ ਮਨਜੀਤ ਕੌਰ ਨੂੰ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਨਾਲ ਖੜ੍ਹਨਾ ਪੈ ਰਿਹਾ ਹੈ। ਇਹ ਸਿਰਫ਼ ਇੱਕ ਮਾਂ ਦਾ ਦਰਦ ਨਹੀਂ, ਇਹ ਪੰਜਾਬ ਦੀ ਹਰ ਉਸ ਮਾਂ ਦਾ ਦਰਦ ਹੈ ਜਿਸ ਨੇ ਨਸ਼ਿਆਂ ਕਾਰਨ ਆਪਣਾ ਪੁੱਤਰ ਗੁਆਇਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਨਸ਼ਾ ਤਿੰਨ ਮਹੀਨਿਆਂ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬਾਅਦ ਵੀ ਨਸ਼ਾ ਪੰਜਾਬ ਦੀਆਂ ਗਲੀਆਂ ਵਿੱਚ ਖੁੱਲ੍ਹੇਆਮ ਵਿਕ ਰਿਹਾ ਹੈ। ਜੇਕਰ ਸਰਕਾਰ ਦੇ ਦਾਅਵੇ ਸੱਚੇ ਹਨ ਤਾਂ ਹੋਮ ਡਿਲੀਵਰੀ, ਗਲੀਆਂ ਵਿੱਚ ਨਸ਼ੇ ਦੀ ਵਿਕਰੀ ਅਤੇ ਨਸ਼ਾ ਵੇਚਣ ਵਾਲਿਆਂ ਦੇ ਸ਼ਰੇਆਮ ਸ਼ਿਕਾਇਤਾਂ ਕਿਉਂ ਆ ਰਹੀਆਂ ਹਨ? ਸਿਰਫ਼ ਗ੍ਰਿਫ਼ਤਾਰੀਆਂ ਦੀ ਗਿਣਤੀ ਦੱਸਣ ਨਾਲ ਨਸ਼ਾ ਖਤਮ ਨਹੀਂ ਹੁੰਦਾ; ਅਸਲ ਸਵਾਲ ਨਸ਼ੇ ਦੀ ਸਪਲਾਈ ਚੇਨ, ਵੱਡੇ ਤਸਕਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ’ਤੇ ਕਾਰਵਾਈ ਦਾ ਹੈ।
ਸਾਂਪਲਾ ਨੇ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਜਦੋਂ ਕੋਈ ਆਮ ਪੰਜਾਬੀ ਨਸ਼ਾ ਤਸਕਰੀ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਲੈ ਕੇ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਧਮਕੀਆਂ ਮਿਲਦੀਆਂ ਹਨ ਜਾਂ ਉਸ ਦੀ ਜਾਨ ਚਲੀ ਜਾਂਦੀ ਹੈ, ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਤਰਨ ਤਾਰਨ ਵਿੱਚ ਨਸ਼ੇ ਦੀ ਸ਼ਿਕਾਇਤ ਕਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਪੰਜਾਬੀ ਨਸ਼ੇ ਵਿਰੁੱਧ ਆਵਾਜ਼ ਉਠਾਏ, ਉਸ ਦੀ ਰੱਖਿਆ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ।
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਵਿਰੋਧ ਵਿੱਚ ਕਾਲੇ ਝੰਡੇ ਦਿਖਾਉਣ ਵਾਲਿਆਂ ’ਤੇ ਨਿਸ਼ਾਨਾ ਸਾਧਦਿਆਂ ਸਾਂਪਲਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਵਿਰੋਧ ਪੰਜਾਬ ਦੇ ਹਿੱਤ ਵਿੱਚ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਜਿੱਥੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਮਿਲਿਆ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਨੌਜਵਾਨਾਂ ਨੇ ਦੇਸ਼ ਲਈ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ। ਪਰ ਅੱਜ ਪੰਜਾਬ ਦੀਆਂ ਮਾਵਾਂ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੀਆਂ ਹਨ। ਇੱਕ ਪਾਸੇ ਭਗਤ ਸਿੰਘ ਨੌਜਵਾਨਾਂ ਦਾ ਆਦਰਸ਼ ਹੈ, ਦੂਜੇ ਪਾਸੇ ਨਸ਼ੇ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ—ਇਹ ਵਿਰੋਧਾਭਾਸ ਪੰਜਾਬ ਦੀ ਮੌਜੂਦਾ ਤ੍ਰਾਸਦੀ ਹੈ।
ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਾ ਮੁਕਤ ਭਾਰਤ ਦਾ ਸੰਕਲਪ ਲਿਆ ਗਿਆ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੇਂਦਰ ਅਤੇ ਪੰਜਾਬ ਦੇ ਲੋਕਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ। 2027 ਵਿੱਚ ਪੰਜਾਬ ਨੂੰ ਨਸ਼ਿਆਂ ਦੇ ਖ਼ਿਲਾਫ਼ ਨਿਰਣਾਇਕ ਜਨ-ਅਭਿਆਨ ਵਿੱਚ ਬਦਲਣਾ ਹੋਵੇਗਾ।
ਉਨ੍ਹਾਂ ਕਿਹਾ, “ਸਾਨੂੰ ਅੰਕੜਿਆਂ ਦੀ ਨਹੀਂ, ਪੰਜਾਬ ਦੀਆਂ ਮਾਵਾਂ ਦੇ ਚਿਹਰਿਆਂ ’ਤੇ ਮੁੜ ਮੁਸਕਾਨ ਚਾਹੀਦੀ ਹੈ। ਮਨਜੀਤ ਕੌਰ ਵਰਗੀ ਕੋਈ ਹੋਰ ਮਾਂ ਆਪਣੇ ਪੰਜ ਪੁੱਤਰ ਨਾ ਗੁਆਏ—ਇਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅਸਲ ਸੰਕਲਪ ਹੈ।”

‘ਆਪ’ ਸਰਕਾਰ ਨੇ ਰੰਗਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾਇਆ, ਹੁਣ ਝਾੜੂ ਦਾ ਤੀਲਾ-ਤੀਲਾ ਖਿਲਾਰਨ ਦਾ ਸਮਾਂ: ਅਸੀਮ ਗੋਇਲ
ਇਸ ਮੌਕੇ ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਬਦਲਾਅ’ ਦੇ ਨਾਮ ’ਤੇ ਸੱਤਾ ਵਿੱਚ ਆਈ ‘ਆਪ’ ਸਰਕਾਰ ਨੇ ਪੰਜਾਬ ਦਾ ਰੰਗ ਨਹੀਂ ਬਦਲਿਆ, ਸਗੋਂ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਨਸ਼ਿਆਂ ਨਾਲ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੀ ਪਛਾਣ ਗੁਰੂਆਂ ਦੀ ਬਾਣੀ, ਕਿਸਾਨੀ, ਮਿਹਨਤ ਅਤੇ ਬਹਾਦਰ ਗੱਭਰੂਆਂ ਨਾਲ ਸੀ, ਅੱਜ ਉਸੇ ਪੰਜਾਬ ਦੀਆਂ ਮਾਵਾਂ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ’ਤੇ ਵੈਣ ਪਾ ਰਹੀਆਂ ਹਨ। ਸੁਲਤਾਨਪੁਰ ਲੋਧੀ ਦੀ ਬੀਬੀ ਮਨਜੀਤ ਕੌਰ ਵੱਲੋਂ ਆਪਣੇ ਪੰਜ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਜਾਣ ਦਾ ਦਰਦ ਬਿਆਨ ਕਰਨਾ ਪੰਜਾਬ ਦੀ ਤ੍ਰਾਸਦੀ ਦੀ ਸਭ ਤੋਂ ਭਿਆਨਕ ਤਸਵੀਰ ਹੈ। ਗੋਇਲ ਨੇ ਕਿਹਾ ਕਿ ਜਿਸ ਮਾਂ ਦੇ ਕਿਸੇ ਪੁੱਤਰ ਨੇ 30 ਸਾਲ ਦੀ ਉਮਰ ਵੀ ਪਾਰ ਨਾ ਕੀਤੀ ਹੋਵੇ, ਉਸ ਮਾਂ ਦੇ ਦਰਦ ਅੱਗੇ ਸਰਕਾਰ ਦੇ ਸਾਰੇ ਅੰਕੜੇ ਅਤੇ ਦਾਅਵੇ ਬੇਮਾਇਨੇ ਹਨ।

ਗੋਇਲ ਨੇ ਕਿਹਾ ਕਿ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਨੂੰ ਹੁਣ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ ਕਿ ਨਸ਼ਾ ਅਜੇ ਵੀ ਗਲੀਆਂ ਵਿੱਚ ਕਿਉਂ ਵਿਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਿਲੀਵਰੀ ਦੀਆਂ ਗੱਲਾਂ ਕਿਉਂ ਸਾਹਮਣੇ ਆ ਰਹੀਆਂ ਹਨ? ਉਨ੍ਹਾਂ ਕਿਹਾ ਕਿ ਸਿਰਫ਼ ਗ੍ਰਿਫ਼ਤਾਰੀਆਂ ਦੇ ਅੰਕੜੇ ਜਾਰੀ ਕਰਨ ਨਾਲ ਨਸ਼ਾ ਖਤਮ ਨਹੀਂ ਹੁੰਦਾ; ਨਸ਼ੇ ਦੇ ਕਾਰੋਬਾਰ ਦੀਆਂ ਜੜ੍ਹਾਂ ਅਤੇ ਸਪਲਾਈ ਚੇਨ ’ਤੇ ਵਾਰ ਕਰਨਾ ਪਵੇਗਾ। ਉਨ੍ਹਾਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਕਥਿਤ ਧਮਕੀਆਂ ਅਤੇ ਹਿੰਸਾ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਨਸ਼ਾ ਮਾਫੀਆ ਵਿਰੁੱਧ ਸ਼ਿਕਾਇਤ ਕਰਨ ਵਾਲਾ ਪੰਜਾਬੀ ਹੀ ਸੁਰੱਖਿਅਤ ਨਹੀਂ, ਤਾਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਕਾਲੇ ਝੰਡੇ ਦਿਖਾ ਕੇ ਨਸ਼ਾ ਮੁਕਤੀ ਯਾਤਰਾ ਦਾ ਵਿਰੋਧ ਕਰਨ ਵਾਲਿਆਂ ’ਤੇ ਵੀ ਗੋਇਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਵਿੱਚ ਖੜ੍ਹਾ ਕੋਈ ਵੀ ਵਿਅਕਤੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਵਿਰੋਧ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ “ਪੰਜਾਬ ਨੂੰ ਦਲਦਲ ਵਿੱਚ ਧੱਕਣ ਵਾਲਾ ਝਾੜੂ ਇਸ ਦਲਦਲ ਨੂੰ ਸਾਫ਼ ਨਹੀਂ ਕਰ ਸਕਦਾ; ਪੰਜਾਬ ਵਿੱਚ ਕਮਲ ਖਿੜਾਉਣਾ ਪਵੇਗਾ।” ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਆਪਣਾ ਫ਼ੈਸਲਾ ਕਰਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਇਕਜੁੱਟ ਹੋਣ।
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ,  ਨੇ ਕਿਹਾ ਕਿ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਹੁਣ ਸਿਆਸੀ ਨਹੀਂ, ਨਿਰਣਾਇਕ ਲੜਾਈ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਦਾ ਸੰਕਲਪ ਸਪਸ਼ਟ ਹੈ—“ਨਸ਼ਾ ਮੁਕਾਉਣਾ ਸਾਰਾ” ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਨਸ਼ਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਜਾਵੇਗੀ। “ਹੁਣ ਪੰਜਾਬ ਨੂੰ ਨਸ਼ਿਆਂ ਵਾਲਾ ਨਹੀਂ, ਮੁੜ ਰੰਗਲਾ ਪੰਜਾਬ ਬਣਾਉਣਾ ਹੈ,” ਉਨ੍ਹਾਂ ਕਿਹਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.