September 27, 2026

Justice News

ਅਵਾਮ ਦੀ ਆਵਾਜ਼

ਕੰਧਾਂ ’ਤੇ ਭੜਕਾਊ ਨਾਅਰੇ ਲਿਖਣ ਦੇ ਮਾਮਲੇ ’ਚ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ; ਕੁਝ ਘੰਟਿਆਂ ’ਚ ਦੋ ਮੁਲਜ਼ਮ ਗ੍ਰਿਫ਼ਤਾਰ ਵਿਦੇਸ਼ੀ ਹੈਂਡਲਰ ਨਾਲ ਸੰਪਰਕ ਦੀ ਜਾਂਚ ਜਾਰੀ

 

ਅੰਮ੍ਰਿਤਸਰ 
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਸਾਜ਼ਿਸ਼ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਦਿਆਂ, ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖਣ ਵਾਲੇ ਦੋ ਮੁਲਜ਼ਮਾਂ ਨੂੰ ਸੂਚਨਾ ਮਿਲਣ ਦੇ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਹੈ।

 

ਕੰਧਾਂ ’ਤੇ ਲਿਖੇ ਗਏ ਸਨ ਇਤਰਾਜ਼ਯੋਗ ਨਾਅਰੇ

 

ਪੁਲਿਸ ਨੂੰ ਅੱਜ ਇਤਲਾਹ ਮਿਲੀ ਸੀ ਕਿ ਸ਼ਹਿਰ ਦੀਆਂ ਕੁਝ ਪ੍ਰਮੁੱਖ ਥਾਵਾਂ ਦੀਆਂ ਕੰਧਾਂ ’ਤੇ ਦੇਸ਼ ਦੀ ਅਖੰਡਤਾ ਵਿਰੋਧੀ ਅਤੇ ਭੜਕਾਊ ਨਾਅਰੇ ਲਿਖੇ ਗਏ ਹਨ। ਇਨ੍ਹਾਂ ਵਿੱਚ:

 

  • “WELCOME AMBASSADOR GOR — BUT PUNJAB IS NOT INDIA”
  • “TRUMP–AMERICA — KHALISTAN ZINDABAD”
  • “PUNJAB HUL KHALISTAN”
ਇਸ ਤੋਂ ਇਲਾਵਾ, ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਨਾਅਰਿਆਂ ਦਾ ਜ਼ਿਕਰ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਵੀਡੀਓ ਅਤੇ ਘਟਨਾ ਦੇ ਆਪਸੀ ਸਬੰਧਾਂ ਦੀ ਵੀ ਤੱਥਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।

 

ਉੱਚ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ

 

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ, ਮਾਨਯੋਗ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ (IPS) ਦੀਆਂ ਹਦਾਇਤਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਜਾਂਚ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਸ਼ੱਕੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।

 

ਕਾਬੂ ਕੀਤੇ ਗਏ ਮੁਲਜ਼ਮਾਂ ਦਾ ਵੇਰਵਾ:

 

  1. ਮੰਗਲ ਸਿੰਘ (ਉਮਰ 26 ਸਾਲ): ਪੁੱਤਰ ਬਲਦੇਵ ਸਿੰਘ, ਵਾਸੀ ਵਾਰਿਅਮ ਸਿੰਘ ਕਲੋਨੀ, ਬਾਹਰ ਖ਼ਜ਼ਾਨਾ ਗੇਟ, ਅੰਮ੍ਰਿਤਸਰ। (ਪੇਸ਼ਾ: ਆਟੋ ਚਾਲਕ, ਸਿੱਖਿਆ: 11ਵੀਂ pass)
  2. ਅਰਸ਼ਦੀਪ ਸਿੰਘ (ਉਮਰ 23 ਸਾਲ): ਪੁੱਤਰ ਰਾਜੂ, ਵਾਸੀ ਵਾਰਿਅਮ ਸਿੰਘ ਕਲੋਨੀ, ਚਬਾਲ ਰੋਡ, ਅੰਮ੍ਰਿਤਸਰ। (ਪੇਸ਼ਾ: ਮਜ਼ਦੂਰ, ਸਿੱਖਿਆ: 8ਵੀਂ pass)
ਵਿਦੇਸ਼ੀ ਹੈਂਡਲਰ ਨਾਲ ਸੰਪਰਕ ਦੀ ਜਾਂਚ

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਆਖਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅਰਸ਼ਦੀਪ ਸਿੰਘ ਵਿਦੇਸ਼-ਅਧਾਰਤ ਹੈਂਡਲਰ ਦੇ ਸੰਪਰਕ ਵਿੱਚ ਸੀ। ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੰਪਰਕ ਕਿਸ ਤਰ੍ਹਾਂ ਦਾ ਸੀ, ਇਸ ਪਿੱਛੇ ਕੀ ਮਕਸਦ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ।

ਕਾਨੂੰਨੀ ਕਾਰਵਾਈ

 

ਇਸ ਸਬੰਧੀ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਵਿਖੇ FIR ਨੰਬਰ 142 (ਮਿਤੀ 26-09-2026) ਅਧੀਨ ਧਾਰਾ 196(1), 197(2), 61(2) BNS ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

 

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦੀ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਜਾਂ ਭੜਕਾਊ ਸਮੱਗਰੀ ਰਾਹੀਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਸ ਮੌਕੇ ਡੀਸੀਪੀ ਜੁਗਰਾਜ ਸਿੰਘ, ਪੀ.ਐਸ ਵਿਰਕ, ਏਸੀਪੀ ਰਵਿੰਦਰ ਸਿੰਘ, ਇੰਸਪੈਕਟਰ ਅਮਨਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.