September 27, 2026

Justice News

ਅਵਾਮ ਦੀ ਆਵਾਜ਼

ਪੁਲਿਸ ਮਹਿਕਮੇ ਵਿੱਚੋਂ ‘ਕਾਲੀਆਂ ਭੇਡਾਂ’ ਨੂੰ ਬਾਹਰ ਕੱਢਣ ਲਈ ਉੱਚ-ਪੱਧਰੀ ਜਾਂਚ ਦੀ ਮੰਗ-ਆਪ’ ਸਰਕਾਰ ਦੇ ਰਾਜ ‘ਚ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰ ਅਤੇ ਗੈਂਗਸਟਰਵਾਦ ਚਿੰਤਾ ਦਾ ਵਿਸ਼ਾ: ਰਾਜੇਸ਼ ਡੈਨੀ

 
ਅੰਮ੍ਰਿਤਸਰ,
(ਰਣਜੀਤ ਸਿੰਘ /ਮਸੌਣ ਸੁਰਿੰਦਰ ਸੋਨੂੰ)
– ਪੰਜਾਬ ਵਿੱਚ ਦਿਨ-ਬ-ਦਿਨ ਵਧ ਰਹੀ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਅਤੇ
ਗੈਂਗਸਟਰਵਾਦ ਦੇ ਮੁੱਦਿਆਂ ‘ਤੇ ਪੰਜਾਬ ਕਾਂਗਰਸ ਦੇ ਐਸ.ਸੀ. (SC) ਵਿਭਾਗ ਦੇ ਉਪ-ਚੇਅਰਮੈਨ ਰਾਜੇਸ਼ ਡੈਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਵਾਨੀ ਅਤੇ ਆਮ ਪਰਿਵਾਰਾਂ ਨੂੰ ਅਪਰਾਧ ਅਤੇ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸਰਕਾਰ ਨੂੰ ਮਹਿਜ਼ ਫੋਕੇ ਦਾਅਵੇ ਕਰਨ ਦੀ ਬਜਾਏ ਧਰਾਤਲ ‘ਤੇ ਠੋਸ ਅਤੇ ਵਿਆਪਕ ਕਦਮ ਚੁੱਕਣ ਦੀ ਲੋੜ ਹੈ।

 

ਹੈਰੋਇਨ ਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਨੇ ਖੋਲ੍ਹੇ ਨੈੱਟਵਰਕ ਦੇ ਭੇਦ

ਰਾਜੇਸ਼ ਡੈਨੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਸਲਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸੂਬੇ ਵਿੱਚ ਤਸਕਰਾਂ ਦਾ ਜਾਲ ਅਜੇ ਵੀ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਹੀ ਅੰਮ੍ਰਿਤਸਰ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਵਿੱਚ 27 ਕਿਲੋ, 10 ਕਿਲੋ ਅਤੇ 17 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਫਰੀਦਕੋਟ ਪੁਲਿਸ ਵੱਲੋਂ 47.3 ਕਿਲੋ ਹੈਰੋਇਨ ਦੇ ਨਾਲ-ਨਾਲ ਤਿੰਨ ਪਿਸਤੌਲ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ।

 

ਖਾਕੀ ‘ਤੇ ਦਾਗ: ਇੰਸਪੈਕਟਰ ਦੀ ਗ੍ਰਿਫ਼ਤਾਰੀ ਸਰਕਾਰ ਲਈ ਸ਼ਰਮਨਾਕ

ਫਿਰੋਜ਼ਪੁਰ ਦੇ ਘੱਲਖੁਰਦ ਵਿਖੇ ਕਾਊਂਟਰ ਇੰਟੈਲੀਜੈਂਸ (ਫਰੀਦਕੋਟ) ਦੇ ਇੰਸਪੈਕਟਰ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਕਾਂਗਰਸੀ ਆਗੂ ਨੇ ਇਸ ਨੂੰ ਪੰਜਾਬ ਸਰਕਾਰ ਲਈ ਨਾਮੋਸ਼ੀ ਭਰਿਆ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਉਕਤ ਅਧਿਕਾਰੀ ਨੂੰ ਫਿਰੋਜ਼ਪੁਰ-ਮੋਗਾ ਰੋਡ ‘ਤੇ ਇੱਕ ਕਾਰ ‘ਚੋਂ 3.5 ਕਿਲੋ ਹੈਰੋਇਨ, 6 ਪਿਸਤੌਲ, 6 ਮੈਗਜ਼ੀਨ, 17 ਜ਼ਿੰਦਾ ਕਾਰਤੂਸ ਅਤੇ 6 ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ ਗਿਆ ਸੀ।

 

ਡੈਨੀ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, “ਜੇਕਰ ਕਾਨੂੰਨ ਦੇ ਰਖਵਾਲੇ ਹੀ ਤਸਕਰ ਬਣ ਜਾਣਗੇ, ਤਾਂ ਸਮਾਜ ਦੀ ਸੁਰੱਖਿਆ ਰੱਬ ਦੇ ਆਸਰੇ ਹੀ ਰਹਿ ਜਾਂਦੀ ਹੈ।” ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵਿਭਾਗ ਵਿੱਚ ਛੁਪੀਆਂ ਅਜਿਹੀਆਂ ‘ਕਾਲੀਆਂ ਭੇਡਾਂ’ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

 

ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ ਹੋਵੇ ਕਾਰਵਾਈ

ਰਾਜੇਸ਼ ਡੈਨੀ ਨੇ ਮੰਗ ਕੀਤੀ ਕਿ ਸਰਕਾਰ ਕੇਵਲ ਛੋਟੇ ਤਸਕਰਾਂ ‘ਤੇ ਕਾਰਵਾਈ ਕਰਨ ਤੱਕ ਸੀਮਤ ਨਾ ਰਹੇ, ਬਲਕਿ ਵੱਡੇ ਮਾਫੀਆ, ਗੈਂਗਸਟਰ ਨੈੱਟਵਰਕਾਂ ਅਤੇ ਇਨ੍ਹਾਂ ਦੇ ਅੰਤਰਰਾਸ਼ਟਰੀ ਤੇ ਵਿੱਤੀ ਸਬੰਧਾਂ (ਫੰਡਿੰਗ) ਦੀ ਗਹਿਰਾਈ ਨਾਲ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ਾ-ਮੁਕਤ ਅਤੇ ਭੈਅ-ਮੁਕਤ ਮਾਹੌਲ ਦੇਣਾ ਸਰਕਾਰ ਦਾ ਪ੍ਰਮੁੱਖ ਫ਼ਰਜ਼ ਹੈ ਅਤੇ ਨਸ਼ਿਆਂ ਵਿਰੁੱਧ ਇਹ ਮੁਹਿੰਮ ਪਾਰਦਰਸ਼ੀ, ਨਿਰੰਤਰ ਅਤੇ ਸਿਆਸੀ ਦਖ਼ਲਅੰਦਾਜ਼ੀ ਤੋਂ ਪੂਰੀ ਤਰ੍ਹਾਂ ਮੁਕਤ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.