September 24, 2026

Justice News

ਅਵਾਮ ਦੀ ਆਵਾਜ਼

ਐਡਮਿੰਟਨ ਵਿਖੇ ਸਤਨਾਮ ਸਿੰਘ ਗਾਹਲੇ ਦੀ ਸਵੈ-ਜੀਵਨੀ ‘ਬਾਬੇ ਦੀ ਪੱਗ’ ਦਾ ਵਿਮੋਚਨ ਕੀਤਾ ਗਿਆ

(ਐਡਮਿੰਟਨ)

ਕੈਨੇਡਾ ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬ੍ਰੇਰੀ, ਮੈਡੋਜ਼, 17 ਸਟਰੀਟ ਵਿਖੇ ਸਭ ਰੰਗ ਸਾਹਿਤ ਸਭਾ ਵੱਲੋਂ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੇਖਕ ਸਤਨਾਮ ਸਿੰਘ ਗਾਹਲੇ ਦੀ ਪੁਸਤਕ ਸਵੈ-ਜੀਵਨੀ ‘ਬਾਬੇ ਦੀ ਪੱਗ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮਹਿੰਦਰ ਸਿੰਘ ਔਲਖ ਅਤੇ ਦਰਸ਼ਨ ਅਣਜਾਨ ਨੇ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਐਮ.ਐਲ.ਏ. ਜਸਵੀਰ ਦਿਓਲ ਸ਼ਾਮਲ ਹੋਏ।

ਇਸ ਪੁਸਤਕ ਉੱਪਰ ਬੋਲਦੇ ਹੋਏ ਬਲਵਿੰਦਰ ਬਾਲਮ ਨੇ ਕਿਹਾ ਕਿ ਸਵੈ-ਜੀਵਨੀ ‘ਬਾਬੇ ਦੀ ਪੱਗ’ ਦਾ ਮੁੱਖ ਸੰਦੇਸ਼ ਪਰਿਵਾਰ ਦੇ ਲੋਕਾਂ ਲਈ ਹੈ ਕਿ ਪੱਗ ਦੀ ਇੱਜ਼ਤ ਰੱਖਣਾ ਘਰ ਦੇ ਜੀਆਂ ਦੇ ਜੀਵਨ ’ਤੇ ਹੀ ਨਿਰਭਰ ਕਰਦਾ ਹੈ। ਜੇਕਰ ਘਰ ਦੇ ਜੀਅ ਨੈਤਿਕ ਅਤੇ ਸ਼ੁੱਧ ਆਚਰਣ ਨਾਲ ਸਮਾਜ ਵਿੱਚ ਵਿਚਰਦੇ ਹਨ ਤਾਂ ਪੱਗ ਦੀ ਇੱਜ਼ਤ ਬਰਕਰਾਰ ਰਹਿੰਦੀ ਹੈ ਅਤੇ ਇਸ ਪੱਗ ਦੀ ਸ਼ੋਭਾ ਤੇ ਵਡਿਆਈ ਬਣੀ ਰਹਿੰਦੀ ਹੈ।

ਸਵੈ-ਜੀਵਨੀ ਨੂੰ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਜੀਵਨ ਦੀਆਂ ਘਟਨਾਵਾਂ, ਭਾਵ ਸੰਘਰਸ਼, ਸਫਲਤਾਵਾਂ-ਅਸਫਲਤਾਵਾਂ, ਰਿਸ਼ਤੇ-ਨਾਤਿਆਂ ਦੀ ਖਿੱਚੋਤਾਣ, ਤੰਗਦਸਤੀ ਅਤੇ ਗਰੀਬੀ ਦੇ ਦਿਨਾਂ, ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਸੰਕਟ ਨਾਲ ਜੂਝਣ ਅਤੇ ਪੁਰਾਣੀਆਂ ਯਾਦਾਂ ਨੂੰ ਸ਼ਬਦਾਂ ਦੇ ਜ਼ਰੀਏ ਸਥਾਈ ਰੂਪ ਦੇ ਦਿੱਤਾ ਹੈ। ਯਾਦਾਂ ਨੂੰ ਪੁਨਰਜੀਵਤ ਕਰਦੀ ਇਹ ਪੁਸਤਕ ਰੋਮਾਂਚਿਤ ਅਤੇ ਭਾਵੁਕ ਕਰ ਦੇਣ ਵਾਲੇ ਪਲਾਂ ਵਿੱਚ ਲੈ ਜਾਂਦੀ ਹੈ।

ਜੀਵਨ ਇੱਕ ਨਿਰੰਤਰ ਵਹਿੰਦੀ ਨਦੀ ਹੈ। ਇੱਥੇ ਹਰ ਸਮੇਂ ਕੁਝ ਨਾ ਕੁਝ ਬਦਲਦਾ ਰਹਿੰਦਾ ਹੈ। ਉਸ ਦੇ ਨਾਲ ਹੀ ਮਨੁੱਖ ਦੀ ਸੋਚ, ਸੰਵੇਦਨਾ ਅਤੇ ਚਿੰਤਨ ਦੀ ਪ੍ਰਵਿਰਤੀ ਵੀ ਬਦਲਦੀ ਚਲੀ ਜਾਂਦੀ ਹੈ। ਕਿਸੇ ਲੇਖਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪਾਠਕ ਉਸ ਦੇ ਲਿਖੇ ਉੱਪਰ ਵਿਸ਼ਵਾਸ ਕਰੇ। ਲੇਖਕ ਸਵੈ-ਜੀਵਨੀ ਵਿੱਚ ਸੱਚ ਬੋਲਣ ਅਤੇ ਸੱਚ ਕਹਿਣ ਦੀ ਕਲਾ ਰੱਖਦਾ ਹੋਵੇ। ਲੇਖਕ ਇਸ ਪੁਸਤਕ ਵਿੱਚ ਆਪਣੀ ਕਹਿਣੀ ਰਾਹੀਂ ਇਸ ਕਸੌਟੀ ’ਤੇ ਖਰਾ ਉਤਰਦਾ ਹੈ। ਘਟਨਾਵਾਂ ਕਲਮ ਰਾਹੀਂ ਤਸਵੀਰ ਬਣਾਉਂਦੀਆਂ ਹਨ। ਲੇਖਕ ਦੀ ਕਥਨੀ ਵਿੱਚ ਕਲਪਿਤ ਅਤੇ ਕਾਲਪਨਿਕ ਗੱਲਾਂ ਨਹੀਂ ਹਨ, ਸਗੋਂ ਵਾਸਤਵਿਕ ਘਟਨਾਵਾਂ ਦਾ ਵਰਣਨ ਹੈ। ਲੇਖਕ ਨੇ ਬਹੁਤ ਗਹਿਰਾਈ ਵਿੱਚ ਉਤਰ ਕੇ ਆਪਣੇ ਜੀਵਨ ਦਾ ਕ੍ਰਮਿਕ ਲੇਖਾ-ਜੋਖਾ ਦਿੱਤਾ ਹੈ।

ਲੇਖਕ ਦੀ ਸਵੈ-ਜੀਵਨੀ ਦੇ ਕੁਝ ਅੰਸ਼ਾਂ ਵਿੱਚ ਇੱਕ ਬਹੁਤ ਹੀ ਰੋਮਾਂਚਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ, “ਇੱਕ ਦਿਨ ਤਾਂ ਬਹੁਤ ਹੀ ਰੋਮਾਂਚਕ ਘਟਨਾ ਵਾਪਰੀ। ਮੈਨੂੰ ਮੇਰੇ ਬੌਸ ਨੇ ਕਿਹਾ ਕਿ ਅੱਜ ਰਾਤ ਨੂੰ ਅਸੀਂ ਗਿਆਰਾਂ-ਬਾਰਾਂ ਵਜੇ ਦੇ ਕਰੀਬ ਤੇਰੇ ਕੋਲ ਆਵਾਂਗੇ ਤੇ ਤੂੰ ਅੰਦਰੋਂ ਸ਼ਟਰ ਖੋਲ੍ਹ ਦੇਵੀਂ। ਇੱਕ ਬੰਦਾ ਤੇਰੇ ਕੋਲ ਛੱਡ ਕੇ ਜਾਵਾਂਗੇ। ਉਸ ਨੇ ਤੇਰੇ ਕੋਲ ਦੋ-ਚਾਰ ਘੰਟੇ ਰਹਿਣਾ ਹੈ ਤੇ ਫਿਰ ਉਸ ਨੇ ਚਾਰ ਵਜੇ ਚੌਂਕ ’ਚੋਂ ਬੱਸ ਫੜ੍ਹ ਲੈਣੀ ਹੈ।ਉਸ ਰਾਤ ਮੈਂ ਦਸ ਵਜੇ ਠੇਕਾ ਬੰਦ ਕਰ ਕੇ ਜਾਗੋ ਮੀਟੀ ਵਿੱਚ ਹੀ ਰਿਹਾ ਕਿ ਪਤਾ ਨਹੀਂ ਕਦੋਂ ਬੌਸ ਨੇ ਬੂਹਾ ਖੜਕਾ ਦੇਣਾ। ਇਸ ਤਰ੍ਹਾਂ ਗਿਆਰਾਂ ਤੋਂ ਬਾਰਾਂ ਵੱਜ ਗਏ ਤੇ ਬਾਰਾਂ ਤੋਂ ਇੱਕ। ਇੱਕ ਵਜੇ ਬੂਹਾ ਖੜਕਿਆ ਤਾਂ ਬਾਹਰੋਂ ਆਵਾਜ਼ ਆਈ ਕਿ “ਮੈਂ ਬਾਬੂ ਆਂ, ਸ਼ਟਰ ਖੋਲ੍ਹ।” ਮੈਂ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਬਾਬੂ ਹੋਰਾਂ ਨੇ ਇੱਕ ਖੇਸੀ ਵਿੱਚ ਲਪੇਟਿਆ ਹੋਇਆ ਇੱਕ ਬੰਦਾ ਅੰਦਰ ਕਰ ਦਿੱਤਾ ਤੇ ਕਿਹਾ ਕਿ ਇਸ ਨੂੰ ਦੋ-ਤਿੰਨ ਘੰਟੇ ਆਰਾਮ ਕਰ ਲੈਣ ਦੇ। ਇਸ ਨੇ ਚਾਰ ਵਜੇ ਚੌਂਕ ਤੋਂ ਬੱਸ ਫੜ ਲੈਣੀ ਏ। ਮੈਂ ਅੰਦਰੋਂ ਸ਼ਟਰ ਲਾ ਕੇ ਵਾਪਸ ਮੁੜਿਆ ਤੇ ਜੋ ਮੈਂ ਦੇਖਿਆ, ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਉਹ ਚਾਦਰ ਵਿੱਚ ਲਿਪਟੀ ਇੱਕ ਅਲਫ਼ ਨੰਗੀ ਕੁੜੀ ਸੀ, ਜੋ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਉਹ ਇੱਕ ਚਿੱਟੀ ਦੁੱਧ ਵਰਗੀ ਪਤਲੀ ਕੁੜੀ ਸੀ। ਉਸ ਨੇ ਚਾਦਰ ਲਾਹੀ ਤੇ ਬਿਸਤਰੇ ’ਤੇ ਜਾ ਕੇ ਲੇਟ ਗਈ। ਉਸ ਨੂੰ ਦੇਖਣ ਤੋਂ ਬਾਅਦ ਮੈਂ ਆਪਣੇ ਆਪ ’ਤੇ ਬੜੀ ਮੁਸ਼ਕਲ ਨਾਲ ਕਾਬੂ ਰੱਖ ਸਕਿਆ। ਦਿਲ ਤੇ ਦਿਮਾਗ ਵਿੱਚ ਇੱਕ ਵੱਖਰੀ ਜੱਦੋ-ਜਹਿਦ ਚੱਲ ਰਹੀ ਸੀ। ਦਿਲ ਅੱਗੇ ਵਧਣ ਲਈ ਜ਼ੋਰ ਪਾ ਰਿਹਾ ਸੀ, ਪਰ ਦਿਮਾਗ ਅੱਗੇ ਵਧਣ ਤੋਂ ਰੋਕ ਰਿਹਾ ਸੀ।ਇਸੇ ਜੱਦੋ-ਜਹਿਦ ਦੌਰਾਨ ਬਾਬਾ ਜੀ ਵੱਲੋਂ ਬੱਸ ਵਿੱਚ ਦਿੱਤੀ ਗਈ ਪੱਗ ਦੀ ਲਾਜ ਰੱਖਣ ਵਾਲੀ ਨਸੀਹਤ ਚੇਤੇ ਆ ਗਈ ਤੇ ਮੈਂ ਆਪਣੇ ਆਪ ਨੂੰ ਸੰਭਾਲਣ ਵਿੱਚ ਕਾਮਯਾਬ ਹੋ ਗਿਆ। ਵੈਸੇ ਵੀ ਕਹਿੰਦੇ ਨੇ ਕਿ ਖੁੱਲ੍ਹਾ ਪੈਸਾ ਤੇ ਖੁੱਲ੍ਹੀ ਔਰਤ ਦੇਖ ਕੇ ਵੱਡੇ-ਵੱਡੇ ਡੋਲ ਜਾਂਦੇ ਨੇ, ਪਰ ਇਹ ਗੱਲ ਮੇਰੇ ਅੱਗੇ ਗਲਤ ਸਾਬਤ ਹੋ ਗਈ ਸੀ, ਕਿਉਂਕਿ ਨਾ ਤਾਂ ਮੈਂ ਪੈਸੇ ਦੇ ਲਾਲਚ ਵਿੱਚ ਆਇਆ ਤੇ ਨਾ ਹੀ ਮੈਂ ਖੁੱਲ੍ਹੀ ਔਰਤ ਦੇਖ ਕੇ ਵਾਸਨਾਵਾਂ ਦੇ ਵਹਿਣ ਵਿੱਚ ਵਹਿਆ। ਮੇਰੇ ਉੱਤੇ ਇਸ ਗੱਲ ਨੂੰ ਗਲਤ ਸਾਬਤ ਕਰਨ ਵਿੱਚ ਬਾਬਾ ਜੀ ਦੀ ਨਸੀਹਤ ਦਾ ਬਹੁਤ ਵੱਡਾ ਹੱਥ ਸੀ।”

ਹਾਜ਼ਰ ਕਵੀਜਨਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਵਾਹ-ਵਾਹੀ ਖੱਟੀ। ਕਵੀ ਦਰਬਾਰ ਵਿੱਚ ਦਰਸ਼ਨ ਅਣਜਾਨ, ਦੀਪਾ ਬੰਡਾਲਾ, ਸਤਨਾਮ ਸਿੰਘ ਗਾਹਲੇ, ਪਾਰਸ, ਮਹੀਨੀਆ, ਕਸ਼ਮੀਰਾ ਸਿੰਘ ਨਿਰਮਾਣ, ਨਿੰਦਰਪਾਲ ਸਿੰਘ ਰਿਆੜ, ਮਨਜੀਤ ਸਿੰਘ ਬੱਲ, ਕਰਤਾਰ ਸਿੰਘ ਪਰਮਾਰ, ਕਾਰਜ ਸਿੰਘ ਬੱਲ, ਮਹਿੰਦਰ ਸਿੰਘ ਔਲਖ, ਅਜੀਤ ਸਿੰਘ ਖੰਗੂੜਾ, ਕੇਵਲ ਸਿੰਘ ਬੱਲ ਅਤੇ ਬਲਵਿੰਦਰ ਬਾਲਮ ਨੇ ਭਾਗ ਲਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.