September 23, 2026

Justice News

ਅਵਾਮ ਦੀ ਆਵਾਜ਼

ਆਪ’ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ: ਨਗਰ ਪੰਚਾਇਤ ਰਾਜਾਸਾਂਸੀ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੀ ਤਸਵੀਰ ਅੱਗੇ ਝਾੜੂ ਤੇ ਪਾਈਪਾਂ ਰੱਖ ਕੇ ਕੀਤੀ ਬੇਅਦਬੀ

Oplus_131072

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ)
ਪੰਜਾਬ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਸਹੁੰਆਂ ਚੁੱਕ ਕੇ ਅਤੇ ਉਨ੍ਹਾਂ ਦੇ ਨਾਂ ‘ਤੇ ਵੋਟਾਂ ਬਟੋਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਰਾਜ ਵਿੱਚ ਸਰਕਾਰੀ ਦਫ਼ਤਰਾਂ ਅੰਦਰ ਹੀ ਸ਼ਹੀਦਾਂ ਦਾ ਘੋਰ ਅਪਮਾਨ ਹੋਣ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਅੰਦਰ ਕੰਧ ‘ਤੇ ਬਣੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਫੋਟੋ ਅਤੇ ਨਾਲ ਲਿਖੇ ਇਨਕਲਾਬੀ ਸਲੋਗਨਾਂ ਦੇ ਬਿਲਕੁਲ ਅੱਗੇ 15 ਅਗਸਤ (ਆਜ਼ਾਦੀ ਦਿਵਸ) ਮਨਾਉਣ ਦੇ ਨਾਂ ‘ਤੇ ਮੌਕੇ ਵੱਡੀਆਂ-ਵੱਡੀਆਂ ਸੀਵਰੇਜ ਪਾਈਪਾਂ ਰੱਖ ਕੇ ਉਸਨੂੰ ਢੱਕ ਦਿੱਤਾ ਗਿਆ ਹੈ। ਹੋਰ ਤਾਂ ਹੋਰ, ਤਸਵੀਰ ਦੇ ਬਿਲਕੁਲ ਅੱਗੇ ਝਾੜੂ ਰੱਖ ਕੇ ਸ਼ਹੀਦ ਦਾ ਸ਼ਰੇਆਮ ਨਿਰਾਦਰ ਕੀਤਾ ਜਾ ਰਿਹਾ ਹੈ।
ਦੇਸ਼ ਦੀ ਅਜ਼ਾਦੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਲਾਸਾਨੀ ਇਤਿਹਾਸ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਭਾਰਤ ਦੀ ਅਜ਼ਾਦੀ ਸੰਗਰਾਮ ਦੇ ਉਹ ਅਮਰ ਨਾਇਕ ਹਨ, ਜਿਨ੍ਹਾਂ ਨੇ ਮਹਿਜ਼ 23 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਦੀ ਅਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੱਤੀ। ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਅਵਾਜ਼ ਚੁੱਕਦਿਆਂ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਦੇਸ਼ ਦੇ ਯੂਥ ਅੰਦਰ ਦੇਸ਼ ਭਗਤੀ ਦਾ ਜਜ਼ਬਾ ਭਰਨ ਵਾਲੇ ਸ਼ਹੀਦ ਭਗਤ ਸਿੰਘ ਜੀ ਨੇ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਸੀ। ਉਨ੍ਹਾਂ ਦੀ ਇਸੇ ਮਹਾਨ ਕੁਰਬਾਨੀ ਸਦਕਾ ਅੱਜ ਅਸੀਂ ਅਜ਼ਾਦ ਫ਼ਜ਼ਾ ਵਿੱਚ ਸਾਹ ਲੈ ਰਹੇ ਹਾਂ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਸ਼ਹੀਦ ਨੇ ਦੇਸ਼ ਲਈ ਸਭ ਕੁਝ ਵਾਰ ਦਿੱਤਾ, ਅੱਜ ਉਸੇ ਸ਼ਹੀਦ ਦੀ ਤਸਵੀਰ ਦਾ ਸਰਕਾਰੀ ਦਫ਼ਤਰਾਂ ਅੰਦਰ ਹੀ ਸ਼ਰੇਆਮ ਅਨਾਦਰ ਕੀਤਾ ਜਾ ਰਿਹਾ ਹੈ।
ਨਗਰ ਪੰਚਾਇਤ ‘ਚ ਦਰਬਾਰ ਲਗਾਉਣ ਵਾਲੀ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਕਿਉਂ ਨਹੀਂ ਦਿੱਸੀ ਇਹ ਬੇਅਦਬੀ?
ਹਰ ਛੋਟੀ-ਛੋਟੀ ਗੱਲ ਦਾ ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਵਿੱਚ ਦਰਬਾਰ ਲਗਾ ਕੇ ਅਫ਼ਸਰਾਂ ਨੂੰ ਹਦਾਇਤਾਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੋਨੀਆ ਮਾਨ ਸਭ ਤੋਂ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। 15 ਅਗਸਤ ਦੇ ਸਮਾਗਮਾਂ ਦੌਰਾਨ ਸੋਨੀਆ ਮਾਨ ਆਪਣੇ ਲਾਮ-ਲਸ਼ਕਰ ਅਤੇ ਸਮਰਥਕਾਂ ਸਮੇਤ ਇਸੇ ਦਫ਼ਤਰ ਵਿੱਚ ਪਹੁੰਚੀ ਸੀ, ਪਰ ਉਨ੍ਹਾਂ ਦੀਆਂ ਅੱਖਾਂ ‘ਤੇ ਅਜਿਹੀ ਕਿਹੜੀ ਸਿਆਸੀ ਪੱਟੀ ਬੱਧੀ ਹੋਈ ਸੀ ਕਿ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਦੀ ਫੋਟੋ ਅੱਗੇ ਪਈਆਂ ਪਾਈਪਾਂ ਅਤੇ ਝਾੜੂ ਨਜ਼ਰ ਨਹੀਂ ਆਇਆ? ਲੋਕਾਂ ਵਿੱਚ ਚਰਚਾ ਹੈ ਕਿ ਕੀ ‘ਆਪ’ ਲੀਡਰਸ਼ਿਪ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਦੀ ਵਰਤੋਂ ਸਿਰਫ਼ ਸਿਆਸੀ ਰੋਟੀਆਂ ਸੇਕਣ ਸਮੇਂ ਵੋਟਾਂ ਲੈਣ ਲਈ ਅਤੇ ਸਟੇਜਾਂ ‘ਤੇ ਭਾਸ਼ਣ ਦੇ ਕੇ ਵਾਹ-ਵਾਹੀ ਖੱਟਣ ਲਈ ਹੀ ਕੀਤੀ ਗਈ ਸੀ?
ਐਸ.ਡੀ.ਐਮ. ਲੋਪੋਕੇ ਦਾ ਦਫ਼ਤਰ ਵੀ ਇੱਥੇ ਹੀ, ਪਰ ਅਧਿਕਾਰੀਆਂ ਨੇ ਧਾਰੀ ਸਾਜ਼ਿਸ਼ੀ ਚੁੱਪ
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬਿਲਡਿੰਗ ਵਿੱਚ ਇਹ ਸ਼ਰਮਨਾਕ ਘਟਨਾ ਵਾਪਰ ਰਹੀ ਹੈ, ਉਸੇ ਨਗਰ ਪੰਚਾਇਤ ਰਾਜਾਸਾਂਸੀ ਦੀ ਬਿਲਡਿੰਗ ਵਿੱਚ ਹੀ ਐਸ.ਡੀ.ਐਮ. (SDM) ਲੋਪੋਕੇ ਦਾ ਦਫ਼ਤਰ ਵੀ ਚੱਲ ਰਿਹਾ ਹੈ। ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਗੱਡੀਆਂ ਵਿੱਚ ਆਉਂਦੇ-ਜਾਂਦੇ ਹਨ, ਪਰ ਸਾਹਮਣੇ ਹੀ ਕੰਧ ‘ਤੇ ਬਣੀ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਦਾ ਨਿਰਾਦਰ ਕਿਸੇ ਵੀ ਅਧਿਕਾਰੀ ਨੂੰ ਨਹੀਂ ਦਿੱਸਿਆ।
ਪ੍ਰਸ਼ਾਸਨ ਦੀ ਨਾਲਾਇਕੀ: ਕੋਈ ਵੀ ਅਧਿਕਾਰੀ ਜਵਾਬ ਦੇਣ ਨੂੰ ਤਿਆਰ ਨਹੀਂ
ਜਦੋਂ ਮੀਡੀਆ ਅਤੇ ਸਥਾਨਕ ਲੋਕਾਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਅੱਗੇ ਝਾੜੂ ਅਤੇ ਪਾਈਪਾਂ ਰੱਖ ਕੇ ਕੀਤੇ ਗਏ ਇਸ ਘੋਰ ਅਨਾਦਰ ਬਾਰੇ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਨਗਰ ਪੰਚਾਇਤ ਰਾਜਾਸਾਂਸੀ ਦਾ ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਆਉਣ ਜਾਂ ਸਫ਼ਾਈ ਦੇਣ ਲਈ ਤਿਆਰ ਨਹੀਂ ਹੋਇਆ। ਦਫ਼ਤਰ ਦੀਆਂ ਸਰਕਾਰੀ ਕੁਰਸੀਆਂ ‘ਤੇ ਬੈਠੇ ਅਧਿਕਾਰੀ ਆਪਣੀ ਜ਼ੁੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜਦੇ ਨਜ਼ਰ ਆਏ। ਇਹ ਸਾਜ਼ਿਸ਼ੀ ਚੁੱਪ ਸਪੱਸ਼ਟ ਬਿਆਨ ਕਰਦੀ ਹੈ ਕਿ ਅਧਿਕਾਰੀਆਂ ਕੋਲ ਆਪਣੀ ਲਾਪ੍ਰਵਾਹੀ ਦਾ ਕੋਈ ਜਵਾਬ ਨਹੀਂ ਹੈ।
ਕਾਂਗਰਸੀ ਨੇਤਾ ਦਿਲਰਾਜ ਸਿੰਘ ਸਰਕਾਰੀਆ ਦਾ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ
ਇਸ ਸਬੰਧੀ ਹਲਕਾ ਰਾਜਾਸਾਂਸੀ ਤੋਂ ਮੋਜੂਦਾ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਭਤੀਜੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਦਿਆਂ ਕਿਹਾ ਕਿ “ਸਰਕਾਰੀ ਦਫ਼ਤਰਾਂ ‘ਚ ਫੋਟੋਆਂ ਲਗਵਾ ਕੇ ਝੂਠੀ ਵਾਹ-ਵਾਹੀ ਖੱਟਣ ਵਾਲੀ ‘ਆਪ’ ਸਰਕਾਰ ਦੇ ਆਪਣੇ ਹੀ ਅਧਿਕਾਰੀ ਅਤੇ ਨੇਤਾ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ। ਨਗਰ ਪੰਚਾਇਤ ਰਾਜਾਸਾਂਸੀ ਦੇ ਦੋਸ਼ੀ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉੱਤਰ ਕੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰੇਗੀ।”
ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹਨਾਂ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕਾ ਨਿਵਾਸੀਆਂ, ਸਿਆਸੀ ਪਾਰਟੀਆਂ ਅਤੇ ਦੇਸ਼ ਭਗਤਾਂ ਅੰਦਰ ਭਾਰੀ ਰੋਸ ਦੀ ਲਹਿਰ ਦੌੜ ਗਈ ਹੈ। ਸਮੂਹ ਜਨਤਾ ਅਤੇ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਅਤੇ ਇਨਕਲਾਬੀ ਸਲੋਗਨ ਦਾ ਅਨਾਦਰ ਕਰਨ ਵਾਲੇ ਨਗਰ ਪੰਚਾਇਤ ਰਾਜਾਸਾਂਸੀ ਦੇ ਜ਼ੁੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਅਤੇ ਅੱਖਾਂ ਮੀਟ ਕੇ ਬੈਠੀ ਹਲਕਾ ਇੰਚਾਰਜ ਸੋਨੀਆ ਮਾਨ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਦੇਸ਼ ਦੇ ਅਮਰ ਸ਼ਹੀਦਾਂ ਦਾ ਇਸ ਤਰ੍ਹਾਂ ਮਜ਼ਾਕ ਉਡਾਉਣ ਦੀ ਹਿੰਮਤ ਨਾ ਕਰ ਸਕੇ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.