September 22, 2026

Justice News

ਅਵਾਮ ਦੀ ਆਵਾਜ਼

ਨਸ਼ਾ ਪੰਜਾਬ ਦੀ ਤਰੱਕੀ ਦਾ ਸਭ ਤੋਂ ਵੱਡਾ ਦੁਸ਼ਮਣ; ਮਾਨ ਸਰਕਾਰ ਨੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਥਾਂ ਸਿਰਫ਼ ਬਿਆਨਬਾਜ਼ੀ ਕੀਤੀ: ਬਲਦੇਵ ਸਿੰਘ ਔਲਖ

ਅਜਨਾਲਾ

( ਜਸਟਿਸ ਨਿਊਜ਼  )

ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ, ਪਰਿਵਾਰਾਂ ਅਤੇ ਆਰਥਿਕ ਤਰੱਕੀ ਨੂੰ ਤਬਾਹ ਕਰ ਰਿਹਾ ਹੈ। ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ, ਉਦੋਂ ਤੱਕ ਸੂਬੇ ਦੀ ਅਸਲ ਤਰੱਕੀ ਸੰਭਵ ਨਹੀਂ।

‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅਜਨਾਲਾ ਵਿਖੇ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਮਜ਼ਬੂਤ ਕਰਨ ਨਾਲ ਉਦਯੋਗ ਅਤੇ ਕਾਰੋਬਾਰ ਲਈ ਬਿਹਤਰ ਮਾਹੌਲ ਬਣਿਆ ਹੈ। ਜਿੱਥੇ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੁੰਦੀ ਹੈ, ਉੱਥੇ ਨਿਵੇਸ਼ਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।
ਸਰਦਾਰ ਔਲਖ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਕਦੇ ਖੇਡਾਂ, ਮਿਹਨਤ, ਬਹਾਦਰੀ ਅਤੇ ਖੁਸ਼ਹਾਲੀ ਨਾਲ ਹੁੰਦੀ ਸੀ, ਪਰ ਅੱਜ ਨਸ਼ਿਆਂ ਕਾਰਨ ਪੰਜਾਬ ਦੀ ਸਾਖ ਨੂੰ ਗੰਭੀਰ ਝਟਕਾ ਲੱਗਿਆ ਹੈ। ਇਹ ਸਿਰਫ਼ ਸਰਕਾਰ ਦਾ ਨਹੀਂ, ਸਗੋਂ ਸਮੁੱਚੇ ਸਮਾਜ ਦਾ ਸੰਕਟ ਹੈ ਅਤੇ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲੈਣਾ ਪਵੇਗਾ।
ਉਨ੍ਹਾਂ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤੀ ਦੇ ਵੱਡੇ ਦਾਅਵੇ ਤਾਂ ਕੀਤੇ, ਪਰ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੀ ਸਪਲਾਈ ਅਤੇ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਵਿੱਚ ਨਾਕਾਮ ਰਹੀ ਹੈ। ਪੁਲਿਸ ਦੇ ਬਹਾਦਰ ਜਵਾਨ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਸਰਕਾਰ ਨੂੰ ਉਨ੍ਹਾਂ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਕੇ ਪੂਰੀ ਤਾਕਤ ਅਤੇ ਸੁਰੱਖਿਆ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨੂੰ ਚਲਾਉਣ ਵਾਲੇ ਵੱਡੇ ਤਸਕਰਾਂ, ਸਪਲਾਇਰਾਂ ਅਤੇ ਗੈਂਗਸਟਰ ਨੈੱਟਵਰਕ ’ਤੇ ਨਿਰਣਾਇਕ ਕਾਰਵਾਈ ਤੋਂ ਬਿਨਾਂ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਮਾਨ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਸਿਆਸਤ ਛੱਡ ਕੇ ਨਸ਼ੇ ਦੀ ਜੜ੍ਹ ’ਤੇ ਵਾਰ ਕਰਨਾ ਪਵੇਗਾ।
ਸਰਦਾਰ ਔਲਖ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਿਰੁੱਧ ਲੜਾਈ ਨੂੰ ਸਿਰਫ਼ ਸਿਆਸੀ ਯਾਤਰਾ ਨਾ ਸਮਝਣ, ਸਗੋਂ ਇਸਨੂੰ ਆਪਣੇ ਪਰਿਵਾਰ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੋਕ ਲਹਿਰ ਬਣਾਉਣ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ, ਹੱਸਦਾ-ਖੇਡਦਾ ਪੰਜਾਬ ਅਤੇ ਖਿਡਾਰੀਆਂ ਦਾ ਪੰਜਾਬ’ ਬਣਾਉਣ ਲਈ ਨਸ਼ਿਆਂ ਖ਼ਿਲਾਫ਼ ਸਖ਼ਤ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਨੀ ਪਵੇਗੀ।
ਔਲਖ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਲਈ ਤਿਆਰ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਮਜ਼ਬੂਤ ਸਰਕਾਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਵਿਰੁੱਧ ਕਾਨੂੰਨ ਦੇ ਦਾਇਰੇ ਵਿੱਚ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਨੂੰ ਕਮਜ਼ੋਰ ਕਰਨਾ ਹੋਵੇ ਤਾਂ ਪੰਜਾਬ ਨੂੰ ਕਮਜ਼ੋਰ ਕਰਨਾ ਪਵੇਗਾ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਨਸ਼ਾ ਸਭ ਤੋਂ ਵੱਡਾ ਹਥਿਆਰ ਬਣਾਇਆ ਗਿਆ ਹੈ। ਨਸ਼ਿਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਤਬਾਹ ਕੀਤਾ ਹੈ, ਪਰ ਅੱਜ ਵੀ ਨਸ਼ਿਆਂ ਦੀ ਸਪਲਾਈ ਪੰਜਾਬ ਦੀਆਂ ਗਲੀਆਂ ਤੱਕ ਪਹੁੰਚ ਰਹੀ ਹੈ।
ਸ੍ਰੀ ਬਾਦਲ ਨੇ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਕੁਝ ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਦੀ ਗਾਰੰਟੀ ਦਿੰਦੀ ਸੀ, ਉਹ ਸਾਢੇ ਚਾਰ ਸਾਲ ਬਾਅਦ ਵੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਨਸ਼ਾ ਤਸਕਰੀ ਦਾ ਮੁੱਦਾ ਅੱਜ ਵੀ ਪੰਜਾਬ ਦੇ ਹਰ ਪਰਿਵਾਰ ਦੀ ਚਿੰਤਾ ਬਣਿਆ ਹੋਇਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਤਿੰਨ ਮੋਰਚਿਆਂ ’ਤੇ ਇੱਕੋ ਸਮੇਂ ਲੜਾਈ ਲੜਨੀ ਪਵੇਗੀ—ਸਪਲਾਈ ਚੇਨ ਤੋੜਨੀ, ਨਸ਼ੇ ਦੀ ਲਤ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਅਤੇ ਪੁਨਰਵਾਸ ਕਰਨਾ, ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰੁਜ਼ਗਾਰ ਤੇ ਖੇਡਾਂ ਦੇ ਮੌਕੇ ਪੈਦਾ ਕਰਨਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਦੇ ਹੱਥ ਵਿੱਚ ਰੁਜ਼ਗਾਰ ਹੋਵੇਗਾ ਤਾਂ ਨਸ਼ਾ ਤਸਕਰਾਂ ਲਈ ਉਸ ਨੂੰ ਆਪਣੇ ਜਾਲ ਵਿੱਚ ਫਸਾਉਣਾ ਮੁਸ਼ਕਲ ਹੋਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ, ਖੇਡਾਂ ਦਾ ਪੰਜਾਬ, ਰੁਜ਼ਗਾਰ ਵਾਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਆਵਾਜ਼ ਹੁਣ ਘਰ-ਘਰ ਪਹੁੰਚ ਰਹੀ ਹੈ—“ਕੋਈ ਦਿਨ ਆਵੇਗਾ, ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਵੇਗਾ।”

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਜਗਾਉਣਾ ਅਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵਿਰੁੱਧ ਦੇਸ਼ ਨੇ ਇਕਜੁੱਟ ਹੋ ਕੇ ਲੜਾਈਆਂ ਲੜੀਆਂ ਹਨ, ਉਸੇ ਤਰ੍ਹਾਂ ਨਸ਼ਿਆਂ ਦੇ ਨੈੱਟਵਰਕ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਨਿਰਣਾਇਕ ਢੰਗ ਨਾਲ ਤੋੜਨਾ ਪਵੇਗਾ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜੇਸ਼ ਬਾਘਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਦੋਸ਼ੀ ਬਣਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ; ਨਸ਼ਾ ਪਹੁੰਚਾਉਣ ਵਾਲੇ ਨੈੱਟਵਰਕ ਦੀ ਜੜ੍ਹ ’ਤੇ ਵਾਰ ਕਰਨਾ ਪਵੇਗਾ। ਸਰਕਾਰ ਨੂੰ ਨਸ਼ੇ ਦੀ ਸਪਲਾਈ ਚੇਨ ਤੋੜਨ ਅਤੇ ਵੱਡੇ ਤਸਕਰਾਂ ਤੇ ਨਸ਼ਾ ਕਾਰੋਬਾਰ ਨਾਲ ਜੁੜੇ ਨੈੱਟਵਰਕ ਵਿਰੁੱਧ ਨਿਰਣਾਇਕ ਕਾਰਵਾਈ ਕਰਨੀ ਪਵੇਗੀ।

ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਦੇਸ਼-ਪ੍ਰੇਮ ਦੀ ਉਹੀ ਅੱਗ ਅੱਜ ਵੀ ਮੌਜੂਦ ਹੈ, ਜਿਸ ਨੇ ਭਗਤ ਸਿੰਘ, ਮਦਨ ਲਾਲ ਢੀਂਗਰਾ ਅਤੇ ਅਣਗਿਣਤ ਗ਼ਦਰੀਆਂ ਨੂੰ ਦੇਸ਼ ਲਈ ਕੁਰਬਾਨ ਹੋਣ ਦਾ ਜਜ਼ਬਾ ਦਿੱਤਾ। ਇਸ ਜਵਾਨੀ ਦੇ ਹੱਥ ਵਿੱਚ ਨਸ਼ਾ ਨਹੀਂ, ਸਗੋਂ ਦੇਸ਼-ਨਿਰਮਾਣ ਦਾ ਮੌਕਾ ਹੋਣਾ ਚਾਹੀਦਾ ਹੈ।
ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਵਿੱਚ ਗੁਆ ਰਹੀਆਂ ਹਨ। ਜਿਹੜੀ ਮਾਂ ਆਪਣੇ ਪੁੱਤਰ ਦੇ ਭਵਿੱਖ ਦੇ ਸੁਪਨੇ ਵੇਖਦੀ ਹੈ, ਉਸ ਮਾਂ ਦੀ ਗੋਦ ਨੂੰ ਨਸ਼ੇ ਦੀ ਲਾਸ਼ ਨਾਲ ਨਹੀਂ ਭਰਿਆ ਜਾ ਸਕਦਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹਰ ਸਰਕਾਰ ਅਤੇ ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

(2) ਪ੍ਰੈਸ ਨਾਲ ਗਲਬਾਤ

ਨਸ਼ਿਆਂ ਨੇ ਪੰਜਾਬ ਦੇ ਘਰ-ਘਰ ਨੂੰ ਰੁਆਇਆ, ‘ਆਪ’ ਸਰਕਾਰ ਨੇ ਪੁਲਿਸ ਦਾ ਮਨੋਬਲ ਤੋੜਿਆ: ਬਲਦੇਵ ਸਿੰਘ ਔਲਕਿ

ਰਮਦਾਸ / ਗੁੱਜਰਪੁਰਾ: ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਦਰਦ ਅਤੇ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਸਮਝਦਿਆਂ ਭਾਜਪਾ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਹੈ, ਜੋ ਹਰ ਵਿਧਾਨ ਸਭਾ ਹਲਕੇ ਅਤੇ ਪਿੰਡ-ਪਿੰਡ ਤੱਕ ਪਹੁੰਚ ਰਹੀ ਹੈ।
ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਿਆਨਪੁਰ ਤੋਂ ਡੇਰਾ ਬਾਬਾ ਨਾਨਕ, ਰਮਦਾਸ ਤੱਕ ਯਾਤਰਾ ਦੌਰਾਨ ਲੋਕਾਂ—ਖ਼ਾਸ ਕਰਕੇ ਮਾਵਾਂ, ਭੈਣਾਂ, ਨੌਜਵਾਨਾਂ ਅਤੇ ਬੱਚਿਆਂ—ਦਾ ਜਿਸ ਤਰ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਹ ਪੰਜਾਬ ਦੇ ਨਸ਼ਿਆਂ ਵਿਰੁੱਧ ਉੱਠ ਰਹੀ ਲੋਕ-ਚੇਤਨਾ ਦਾ ਸਪਸ਼ਟ ਸੰਕੇਤ ਹੈ।
ਸਰਦਾਰ ਔਲਖ ਨੇ ਕਿਹਾ ਕਿ “ਇਹ ਕੋਈ ਸਿਆਸੀ ਯਾਤਰਾ ਨਹੀਂ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਸੰਕਲਪ ਹੈ।” ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਚਿੱਟੇ ਨੇ ਉਨ੍ਹਾਂ ਦੇ ਘਰ ਉਜਾੜੇ ਹਨ। ਪੰਜਾਬ ਹੁਣ ਇਸ ਤਬਾਹੀ ਦਾ ਹਿਸਾਬ ਮੰਗ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਸਿਰਫ਼ ਪੁਲਿਸ ਨੂੰ ਦੋਸ਼ੀ ਬਣਾਉਣਾ ਕਾਫ਼ੀ ਨਹੀਂ। ਪੁਲਿਸ ਦੇ ਸਿਰ ’ਤੇ ਸਰਕਾਰ ਦਾ ਹੱਥ ਹੋਵੇ ਤਾਂ ਨਸ਼ਾ ਤਸਕਰਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਾਨੂੰਨ ਦੇ ਸਾਹਮਣੇ ਟਿਕਣ ਦੀ ਹਿੰਮਤ ਨਹੀਂ ਹੋ ਸਕਦੀ। ਪਰ ਪੰਜਾਬ ਵਿੱਚ ‘ਆਪ’ ਸਰਕਾਰ ਨੇ ਪੁਲਿਸ ਦਾ ਮਨੋਬਲ ਡੇਗ ਦਿੱਤਾ ਹੈ। ਭਾਜਪਾ ਸਰਕਾਰ ਬਣਨ ’ਤੇ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਕੇ ਉਸ ਦਾ ਮਨੋਬਲ ਬਹਾਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਨਸ਼ਾ ਮੁਕਤ ਭਾਰਤ ਦਾ ਸਪਸ਼ਟ ਸੰਕਲਪ ਲਿਆ ਹੈ। ਸ੍ਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਦੋ ਸਾਲਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ।

“ਪੰਜਾਬ ਵਿੱਚ ਨਸ਼ਾ, ਗੁੰਡਾਗਰਦੀ ਅਤੇ ਮਾਫੀਆ ਰਾਜ ਖ਼ਤਮ ਕਰਨਾ ਹੈ ਤਾਂ ਕਾਨੂੰਨ ਦਾ ਰਾਜ ਕਾਇਮ ਕਰਨਾ ਪਵੇਗਾ। ਪੰਜਾਬ ਨੂੰ ਮੁੜ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਹੈ ਤਾਂ ਭਾਜਪਾ ਦੀ ਸਰਕਾਰ ਲਿਆਉਣੀ ਪਵੇਗੀ।” — ਬਲਦੇਵ ਸਿੰਘ ਔਲਖ

ਉਨ੍ਹਾਂ ਕਿਹਾ ਕਿ ਗੁਰੂਆਂ, ਸ਼ਹੀਦਾਂ, ਕਿਸਾਨਾਂ ਅਤੇ ਖਿਡਾਰੀਆਂ ਦੀ ਧਰਤੀ ਪੰਜਾਬ ਨੂੰ ਉਸਦੀ ਪੁਰਾਣੀ ਸ਼ਾਨ ਵੱਲ ਵਾਪਸ ਲਿਜਾਣ ਦਾ ਸਮਾਂ ਆ ਗਿਆ ਹੈ। ਸਰਹੱਦ ਦੇ ਬਿਲਕੁਲ ਨੇੜੇ ਵੱਸਦੇ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਇਹ ਹੋਰ ਵੀ ਸਪਸ਼ਟ ਹੁੰਦਾ ਹੈ ਕਿ ਪੰਜਾਬ ਨੂੰ ਮਜ਼ਬੂਤ ਕਾਨੂੰਨ-ਵਿਵਸਥਾ ਅਤੇ ਸੁਰੱਖਿਅਤ ਭਵਿੱਖ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਮਿਲ ਰਿਹਾ ਲੋਕਾਂ ਦਾ ਸਮਰਥਨ ਦੱਸ ਰਿਹਾ ਹੈ ਕਿ ਪੰਜਾਬ ਦੀ ਜਨਤਾ ਨਸ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਚਾਹੁੰਦੀ ਹੈ। ਹੁਣ ਝੂਠੇ ਵਾਅਦਿਆਂ ਅਤੇ ਲਾਰਿਆਂ ਦਾ ਸਮਾਂ ਖ਼ਤਮ ਹੋਣਾ ਚਾਹੀਦਾ ਹੈ। ਪੰਜਾਬ ਨੂੰ ਨਤੀਜੇ ਚਾਹੀਦੇ ਹਨ।

ਸਰਦਾਰ ਔਲਖ ਨੇ ਕਿਹਾ ਕਿ ਭਾਜਪਾ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਨਸ਼ਿਆਂ ਵਿਰੁੱਧ ਇੱਕ ਵੱਡਾ ਸੰਕਲਪ ਲਿਆ ਹੈ। ਲੋਕਾਂ ਦੀ ਇਸ ਆਵਾਜ਼ ਨੂੰ ਮਜ਼ਬੂਤ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ, ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣਾ ਹੀ ਭਾਜਪਾ ਦਾ ਟੀਚਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.