ਅੰਮ੍ਰਿਤਸਰ ‘ਚ ਬਿਨਾਂ HSRP ਨੰਬਰ ਪਲੇਟ ਵਾਲੇ ਵਾਹਨਾਂ ‘ਤੇ ਲੱਗੀ ਰੋਕ: ਪੈਟਰੋਲ-ਡੀਜ਼ਲ ਅਤੇ CNG ਨਹੀਂ ਮਿਲੇਗਾ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) –
ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਰਹੇ ਅਪਰਾਧਾਂ, ਚੋਰੀ, ਸਨੈਚਿੰਗ, ਲੁੱਟ-ਖੋਹ ਅਤੇ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਵਾਂ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਕਿਸੇ ਵੀ ਪੈਟਰੋਲ ਪੰਪ, ਡੀਜ਼ਲ ਜਾਂ CNG ਸਟੇਸ਼ਨ ‘ਤੇ ਬਿਨਾਂ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਵਾਲੇ ਵਾਹਨਾਂ ਨੂੰ ਈਂਧਨ (ਪੈਟਰੋਲ/ਡੀਜ਼ਲ/ਗੈਸ) ਨਹੀਂ ਦਿੱਤਾ ਜਾਵੇਗਾ।
ਹੁਕਮਾਂ ਦੇ ਪ੍ਰਮੁੱਖ ਬਿੰਦੂ ਅਤੇ ਹਦਾਇਤਾਂ:
1. ਈਂਧਨ ਮਿਲਣ ‘ਤੇ ਮੁਕੰਮਲ ਪਾਬੰਦੀ
-
ਕਿਸੇ ਵੀ ਦੋ-ਪਹੀਆ, ਤਿੰਨ-ਪਹੀਆ, ਚਾਰ-ਪਹੀਆ, ਨਿੱਜੀ ਜਾਂ ਵਪਾਰਕ ਵਾਹਨ ‘ਤੇ ਅੱਗੇ ਅਤੇ ਪਿੱਛੇ ਵੈਧ ਅਤੇ ਸਪਸ਼ਟ HSRP ਨੰਬਰ ਪਲੇਟ ਹੋਣੀ ਲਾਜ਼ਮੀ ਹੈ।
-
ਜਿਨ੍ਹਾਂ ਵਾਹਨਾਂ ਦੀ ਨੰਬਰ ਪਲੇਟ ਟੁੱਟੀ, ਮੋੜੀ, ਢੱਕੀ, ਬਦਲੀ ਜਾਂ ਟੈਂਪਰ ਕੀਤੀ ਗਈ ਹੋਵੇਗੀ, ਉਨ੍ਹਾਂ ਨੂੰ ਵੀ ਤੇਲ ਨਹੀਂ ਮਿਲੇਗਾ।
-
ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਬੋਤਲ, ਕੈਨ ਜਾਂ ਕਿਸੇ ਹੋਰ ਬਰਤਨ ਵਿੱਚ ਪੈਟਰੋਲ/ਡੀਜ਼ਲ ਦੇਣ ‘ਤੇ ਪੂਰਨ ਰੋਕ ਹੋਵੇਗੀ।
-
ਛੋਟ: ਨਵੇਂ ਵਾਹਨ (ਜਿਨ੍ਹਾਂ ਕੋਲ ਵੈਧ ਅਸਥਾਈ ਰਜਿਸਟ੍ਰੇਸ਼ਨ ਨੰਬਰ ਹੋਵੇ), ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ‘ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
2. ਪੈਟਰੋਲ ਪੰਪਾਂ ‘ਤੇ 3×3 ਫੁੱਟ ਦੇ ਸੂਚਨਾ ਬੋਰਡ ਲਾਗੂ
ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਅਤੇ CNG ਸਟੇਸ਼ਨਾਂ ਦੇ ਮਾਲਕਾਂ ਨੂੰ ਪ੍ਰਵੇਸ਼ ਦੁਆਰ ਅਤੇ ਤੇਲ ਭਰਨ ਵਾਲੀ ਜਗ੍ਹਾ ‘ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 3 x 3 ਫੁੱਟ ਦਾ ਬੋਰਡ ਲਗਾਉਣਾ ਹੋਵੇਗਾ, ਜਿਸ ‘ਤੇ ਸਪਸ਼ਟ ਲਿਖਿਆ ਹੋਵੇਗਾ:
“ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਿਟੀ ਦੇ ਹੁਕਮਾਂ ਅਨੁਸਾਰ, ਵੈਧ ਰਜਿਸਟ੍ਰੇਸ਼ਨ ਨੰਬਰ ਪਲੇਟ ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਈਂਧਨ ਨਹੀਂ ਦਿੱਤਾ ਜਾਵੇਗਾ।”
3. CCTV/ANPR ਕੈਮਰੇ ਅਤੇ 30 ਦਿਨਾਂ ਦੀ ਵੀਡੀਓ ਰਿਕਾਰਡਿੰਗ
ਸਾਰੇ ਪੰਪ ਮਾਲਕਾਂ ਲਈ CCTV ਸਿਸਟਮ ਚਾਲੂ ਰੱਖਣਾ ਲਾਜ਼ਮੀ ਹੋਵੇਗਾ। ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ‘ਤੇ ਆਉਣ-ਜਾਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਕੈਮਰੇ ਵਿੱਚ ਸਪਸ਼ਟ ਰਿਕਾਰਡ ਹੋਣੀਆਂ ਚਾਹੀਦੀਆਂ ਹਨ। ਇਹ ਫੁਟੇਜ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ, ਜੋ ਮੰਗਣ ‘ਤੇ ਪੁਲਿਸ ਨੂੰ ਮੁਹੱਈਆ ਕਰਵਾਉਣੀ ਹੋਵੇਗੀ।
4. ਹੰਗਾਮਾ ਕਰਨ ‘ਤੇ ਤੁਰੰਤ 112 ‘ਤੇ ਕਾਲ ਦੀ ਹਦਾਇਤ
ਜੇਕਰ ਤੇਲ ਨਾ ਮਿਲਣ ‘ਤੇ ਕੋਈ ਵਾਹਨ ਚਾਲਕ ਪੈਟਰੋਲ ਪੰਪ ‘ਤੇ ਝਗੜਾ, ਗਾਲੀ-ਗਲੋਚ ਜਾਂ ਹੰਗਾਮਾ ਕਰਦਾ ਹੈ, ਤਾਂ ਪੰਪ ਆਪਰੇਟਰ ਤੁਰੰਤ ਨੇੜਲੇ ਥਾਣੇ ਜਾਂ 112 ਅਮਰਜੈਂਸੀ ਨੰਬਰ ‘ਤੇ ਪੁਲਿਸ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ।
5. ਉਲੰਘਣਾ ਕਰਨ ‘ਤੇ ਹੋਵੇਗੀ ਸਖ਼ਤ ਜੇਲ੍ਹ ਤੇ ਕਾਰਵਾਈ
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਮਾਲਕਾਂ, ਚਾਲਕਾਂ ਅਤੇ ਪੈਟਰੋਲ ਪੰਪ ਮਾਲਕਾਂ/ਕਰਮਚਾਰੀਆਂ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਖ਼ਤ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।