September 21, 2026

Justice News

ਅਵਾਮ ਦੀ ਆਵਾਜ਼

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋਵੇ ਵਪਾਰੀ ਵਰਗ: ਨਰੇਸ਼ ਗਰਗ ਪ੍ਰਧਾਨ ਭਾਰਤੀਯ ਵਪਾਰ ਮੰਡਲ ਬਠਿੰਡਾ-ਮੀਟਿੰਗ ’ਚ ਵਪਾਰੀਆਂ ਦੇ ਹਿੱਤਾਂ ਲਈ ਅਹਿਮ ਫੈਸਲੇ — ਨਵੀਂ ਟੀਮ ਦਾ ਵੀ ਐਲਾਨ

ਬਠਿੰਡਾ,

(ਜਸਟਿਸ ਨਿਊਜ਼   )
ਭਾਰਤੀਯ ਵਪਾਰ ਮੰਡਲ ਬਠਿੰਡਾ ਇਕਾਈ ਦੀ ਇੱਕ ਅਹਿਮ ਮੀਟਿੰਗ ਸਥਾਨਕ ਹੋਟਲ ਵੀਆਰਸੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਭਾਰਤੀਯ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਸ਼੍ਰੀ ਨਰੇਸ਼ ਗਰਗ ਵੱਲੋਂ ਕੀਤੀ ਗਈ। ਇਸ ਮੌਕੇ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਦੀਪਕ ਨੰਨਚਾਹਲ ਅਤੇ ਪੰਜਾਬ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਮਮਤਾ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਵਿੱਚ ਬਠਿੰਡਾ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਸ਼ਮੂਲੀਅਤ ਕਰਕੇ ਵਪਾਰ ਜਗਤ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਵਪਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼੍ਰੀ ਨਰੇਸ਼ ਗਰਗ ਨੇ ਕਿਹਾ ਕਿ ਭਾਰਤੀਯ ਵਪਾਰ ਮੰਡਲ ਦਾ ਮੁੱਖ ਉਦੇਸ਼ ਵਪਾਰੀ ਵਰਗ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਅਤੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਉਣਾ ਹੈ। ਉਨ੍ਹਾਂ ਕਿਹਾ ਕਿ ਮੰਡਲ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦਾ, ਸਗੋਂ ਸਮੂਹ ਵਪਾਰੀ ਵਰਗ ਦੇ ਹਿੱਤਾਂ ਲਈ ਕੰਮ ਕਰਨ ਵਾਲਾ ਸੰਗਠਨ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਭਾਰਤੀਯ ਵਪਾਰ ਮੰਡਲ ਨੂੰ ਹੋਰ ਮਜ਼ਬੂਤ ਕਰਕੇ ਵੱਧ ਤੋਂ ਵੱਧ ਵਪਾਰੀਆਂ ਨੂੰ ਇਸ ਨਾਲ ਜੋੜਿਆ ਜਾਵੇਗਾ। ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਇਕੱਠੇ ਹੋ ਕੇ ਉਚਿਤ ਮੰਚਾਂ ’ਤੇ ਉਠਾਇਆ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਲਗਾਤਾਰ ਸੰਪਰਕ ਕੀਤਾ ਜਾਵੇਗਾ।
ਭਾਰਤੀਯ ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਦੀਪਕ ਨੰਨਚਾਹਲ ਨੇ ਕਿਹਾ ਕਿ ਮੰਡਲ ਵੱਲੋਂ ਦਿੱਲੀ ਵਿਖੇ ਹਰ ਸੋਮਵਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ੂਮ ਮੀਟਿੰਗ ਕੀਤੀ ਜਾਂਦੀ ਹੈ। ਇਨ੍ਹਾਂ ਮੀਟਿੰਗਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਪਾਰੀ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਸਬੰਧਤ ਅਧਿਕਾਰੀਆਂ ਸਾਹਮਣੇ ਰੱਖਿਆ ਜਾਂਦਾ ਹੈ। ਉਨ੍ਹਾਂ ਬਠਿੰਡਾ ਦੇ ਵਪਾਰੀਆਂ ਨੂੰ ਵੀ ਇਨ੍ਹਾਂ ਮੀਟਿੰਗਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਉਚਿਤ ਪੱਧਰ ਤੱਕ ਪਹੁੰਚਾਉਣ ਲਈ ਇੱਕ ਹੋਰ ਪ੍ਰਭਾਵਸ਼ਾਲੀ ਮੰਚ ਮਿਲੇਗਾ।
ਪੰਜਾਬ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਮਮਤਾ ਜੈਨ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੀਆਂ ਕੰਮਕਾਜੀ ਅਤੇ ਕਾਰੋਬਾਰੀ ਮਹਿਲਾਵਾਂ ਨੂੰ ਵੀ ਭਾਰਤੀਯ ਵਪਾਰ ਮੰਡਲ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਊਟੀਕ, ਸੈਲੂਨ ਅਤੇ ਹੋਰ ਛੋਟੇ ਕਾਰੋਬਾਰਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਵਿਹਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਸੰਗਠਿਤ ਰੂਪ ਵਿੱਚ ਸਬੰਧਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ।
ਇਸ ਮੌਕੇ ਉਪ ਪ੍ਰਧਾਨ ਭਾਰਤ ਭੂਸ਼ਣ ਅਤੇ ਬਠਿੰਡਾ ਸੰਗਠਨ ਦੇ ਮੈਨੇਜਰ ਲਖਵਿੰਦਰ ਸਿੰਘ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਭ ਤੋਂ ਪਹਿਲਾ ਕਦਮ ਵਪਾਰੀਆਂ ਦਾ ਇਕੱਠੇ ਹੋਣਾ ਅਤੇ ਇੱਕ ਮਜ਼ਬੂਤ ਸੰਗਠਨ ਦਾ ਹਿੱਸਾ ਬਣਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀਯ ਵਪਾਰ ਮੰਡਲ ਬਠਿੰਡਾ ਦੀਆਂ ਮੀਟਿੰਗਾਂ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ, ਤਾਂ ਜੋ ਵਪਾਰੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਯੋਜਨਾਵਾਂ ਬਾਰੇ ਸਿੱਧੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਅਸਲ ਸਮੱਸਿਆਵਾਂ ਨੂੰ ਅਧਿਕਾਰੀਆਂ ਦੇ ਸਾਹਮਣੇ ਰੱਖ ਕੇ ਮੌਕੇ ’ਤੇ ਹੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਪਾਰੀਆਂ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾ ਕੇ ਉਨ੍ਹਾਂ ਨੂੰ ਨਵੀਂ ਟੈਕਨੋਲੋਜੀ, ਆਨਲਾਈਨ ਬਿਜ਼ਨਸ, ਡਿਜੀਟਲ ਪਲੇਟਫਾਰਮਾਂ ਅਤੇ ਕਾਰੋਬਾਰ ਕਰਨ ਦੇ ਨਵੇਂ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਵੱਲੋਂ ਨਵੇਂ ਕਾਰੋਬਾਰ ਸ਼ੁਰੂ ਕਰਨ ਸਮੇਂ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਹੂਲਤਾਂ ਦਾ ਲਾਭ ਲੈਣ ਲਈ ਵੀ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਮੀਟਿੰਗ ਦੌਰਾਨ ਭਾਰਤੀਯ ਵਪਾਰ ਮੰਡਲ ਬਠਿੰਡਾ ਦੀ ਕਾਰਜਕਾਰਨੀ ਦਾ ਵਿਸਥਾਰ ਕਰਦਿਆਂ ਸ਼੍ਰੀ ਸੱਤਪਾਲ ਗੁਪਤਾ, ਸ਼੍ਰੀ ਸ਼ਤੀਸ ਬਾਂਸਲ, ਸ਼੍ਰੀ ਸੁਖਦੇਵ ਸਿੰਘ ਬਾਹੀਆ ਅਤੇ ਸ਼੍ਰੀ ਇਕਬਾਲ ਸਿੰਘ ਭਾਟੀਆ ਨੂੰ ਜਨਰਲ ਸਕੱਤਰ ਅਤੇ ਸ਼੍ਰੀ ਅਸ਼ੋਕ ਸਿੰਗਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਸ਼੍ਰੀ ਮੋਹਿਤ ਜਿੰਦਲ, ਸ਼੍ਰੀ ਪ੍ਰਵੀਨ ਕੁਮਾਰ, ਸ਼੍ਰੀ ਵਰੁਣ ਗੁਪਤਾ, ਸ਼੍ਰੀ ਆਤਿਸ਼ ਬਾਂਸਲ, ਸ਼੍ਰੀ ਗੁਲਜ਼ਾਰ ਗੁਪਤਾ, ਸ਼੍ਰੀ ਅਰੁਣ ਸਿੰਗਲ, ਸ਼੍ਰੀ ਅਸ਼ੋਕ ਕਾਂਸਲ, ਸ਼੍ਰੀ ਰਾਜੀਵ ਬਾਂਸਲ, ਸ਼੍ਰੀ ਸਤੀਸ਼ ਗਰਗ, ਸ਼੍ਰੀ ਅਰਵਿੰਦ ਗਰਗ, ਸ਼੍ਰੀ ਭਾਰਤ ਭੂਸ਼ਣ, ਸ਼੍ਰੀ ਮੋਹਿਤ ਕੁਮਾਰ, ਸ਼੍ਰੀ ਵਰੁਣ ਬਾਂਸਲ, ਸ਼੍ਰੀ ਗੁਰਜੀਤ ਸਿੰਘ, ਸ਼੍ਰੀ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ।
ਮੀਟਿੰਗ ਦੇ ਅੰਤ ਵਿੱਚ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਬਠਿੰਡਾ ਦੇ ਵਪਾਰੀ ਵਰਗ ਨੂੰ ਇੱਕ ਮਜ਼ਬੂਤ, ਇਕਜੁੱਟ ਅਤੇ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਨ ਲਈ ਸਾਂਝੇ ਤੌਰ ’ਤੇ ਕੰਮ ਕੀਤਾ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.