ਧਰਮਕੋਟ /ਮੋਗਾ
( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ)
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਤਹਿਤ ਲੋਹਾਰਾ ਤੇ ਜਨੇਰ ਪਿੰਡ ‘ਚ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ, ਜਿਸਦਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਲਾਹਾ ਲਿਆ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਸਾਹਿਬ ਦੇ ਪਵਿੱਤਰ ਜੀਵਨ, ਮਨੁੱਖਤਾਵਾਦੀ ਫਲਸਫੇ ਅਤੇ ਸਿੱਖਿਆਵਾਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡਾਂ ਵਿਚ ਵਿਸ਼ੇਸ਼ ਦਸਤਾਵੇਜ਼ੀ ਸ਼ੋਅ ਦਿਖਾਏ ਜਾ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਅਧਿਆਤਮਕ ਵਿਰਸੇ ਨਾਲ ਜੋੜਿਆ ਜਾ ਸਕੇ।
ਲੋਹਾਰਾ ਤੇ ਜਨੇਰ ਵਿਚ ਵਿਸ਼ੇਸ਼ ਵੈਨ ਉੱਪਰ ਲਗਾਈ ਗਈ ਆਧੁਨਿਕ ਵੱਡ-ਅਕਾਰੀ ਐਲ.ਈ.ਡੀ. ਸਕ੍ਰੀਨ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜਿਕ ਬਰਾਬਰੀ ਦੇ ਦਰਸ਼ਨ ਅਤੇ ਲੋਕ-ਭਲਾਈ ਦੀ ਸੋਚ ‘ਤੇ ਅਧਾਰਿਤ 30 ਮਿੰਟ ਦੀ ਇੱਕ ਬੇਹੱਦ ਪ੍ਰਭਾਵਸ਼ਾਲੀ ਦਸਤਾਵੇਜ਼ੀ ਫ਼ਿਲਮ ਸੰਗਤਾਂ ਦੇ ਸਨਮੁਖ ਪੇਸ਼ ਕੀਤੀ , ਜਿਸ ਦੀ ਸੰਗਤ ਵਲੋਂ ਸ਼ਲਾਘਾ ਕੀਤੀ ਗਈ। ਸ਼ੋਅ ਦੇਖਣ ਉਪਰੰਤ ਹਾਜ਼ਰ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਅਤੇ ਵਡਮੁੱਲਾ ਉਦਮ ਹੈ ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਦਇਆ, ਪ੍ਰੇਮ, ਆਪਸੀ ਭਾਈਚਾਰੇ ਦੇ ਸੰਦੇਸ਼ ਰਾਹੀਂ ਸਮਾਜ ਨੰੋ ਇਕ ਨਵੀਂ ਸੇਧ ਦਿੱਤੀ, ਜਿਸ ’ਤੇ ਚੱਲਦਿਆਂ ਸਾਨੂੰ ਸਭ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ, ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Leave a Reply