September 7, 2026

Justice News

ਅਵਾਮ ਦੀ ਆਵਾਜ਼

ਚੰਡੀਗੜ੍ਹ ਵਿੱਚ IMPCC ਦੀ ਅਹਿਮ ਮੀਟਿੰਗ: ਸਰਕਾਰੀ ਸਕੀਮਾਂ ਦੇ ਪ੍ਰਭਾਵਸ਼ਾਲੀ ਪ੍ਰਚਾਰ-ਪ੍ਰਸਾਰ ਅਤੇ ਅੰਤਰ-ਵਿਭਾਗੀ ਤਾਲਮੇਲ ‘ਤੇ ਦਿੱਤਾ ਗਿਆ ਜ਼ੋਰ

ਚੰਡੀਗੜ੍ਹ,

(ਜਸਟਿਸ ਨਿਊਜ਼  )

ਇੰਟਰ ਮੀਡੀਆ ਪਬਲਿਸਿਟੀ ਕੋਆਰਡੀਨੇਸ਼ਨ ਕਮੇਟੀ (IMPCC) ਦੀ ਮੀਟਿੰਗ ਅੱਜ CSIR–ਇੰਸਟੀਚਿਊਟ ਆਫ਼ ਮਾਈਕ੍ਰੋਬਾਇਲ ਟੈਕਨਾਲੋਜੀ (IMTECH), ਚੰਡੀਗੜ੍ਹ ਵਿੱਚ ਪੱਤਰ ਸੂਚਨਾ ਦਫ਼ਤਰ ਦੇ ਤਾਲਮੇਲ ਨਾਲ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੇ ਭਾਗ ਲਿਆ।

ਇਸ ਮੌਕੇ CSIR–IMTECH ਦੀ ਡਾਇਰੈਕਟਰ ਸ਼੍ਰੀਮਤੀ ਅਲਕਾ ਰਾਓ ਨੇ ਸੰਸਥਾ ਦੀਆਂ ਪ੍ਰਮੁੱਖ ਪ੍ਰਾਪਤੀਆਂ ਅਤੇ ਸੂਖਮ-ਜੀਵ ਖੋਜ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮਾਈਕ੍ਰੋਬਾਇਲ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਕੀਤੀ ਜਾ ਰਹੀ ਖੋਜ ਦਾ ਸਮਾਜ ਨੂੰ ਵਿਆਪਕ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਮਾਈਕ੍ਰੋਬਸ ਡਿਪਾਜ਼ਟਰੀ, ਬਾਇਓ-ਇਕਾਨਮੀ, ਬਾਇਓ-ਸੇਫ਼ਟੀ ਅਤੇ ਮਾਈਕ੍ਰੋਬਾਇਲ ਟੈਕਨਾਲੋਜੀ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਸੰਸਥਾ ਦੀ ਭੂਮਿਕਾ ‘ਤੇ ਚਾਨਣਾ ਪਾਇਆ।

ਸ਼੍ਰੀਮਤੀ ਅਲਕਾ ਰਾਓ ਨੇ ਦੱਸਿਆ ਕਿ CSIR–IMTECH ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਅਤੇ ਤਾਲਮੇਲ ਰਾਹੀਂ ਖੋਜ ਅਤੇ ਨਵੀਨਤਾ (ਇਨੋਵੇਸ਼ਨ) ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਨਾਸਾ (NASA) ਸਮੇਤ ਵੱਖ-ਵੱਖ ਸੰਸਥਾਵਾਂ ਨਾਲ ਵਿਗਿਆਨਕ ਸਹਿਯੋਗ ਅਤੇ ਮਾਈਕ੍ਰੋਬਾਇਲ ਖੋਜ ਨਾਲ ਜੁੜੇ ਯਤਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨਾਲੋਜੀ ਨੂੰ ਸਮਾਜ ਨਾਲ ਜੋੜਨਾ ਅਤੇ ਵਿਗਿਆਨਕ ਪ੍ਰਾਪਤੀਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ PIB, ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਡਾਇਰੈਕਟਰ ਸ਼੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ IMPCC ਦੀ ਮੀਟਿੰਗ ਵੱਖ-ਵੱਖ ਸਰਕਾਰੀ ਵਿਭਾਗਾਂ ਦਰਮਿਆਨ ਤਾਲਮੇਲ ਕਾਇਮ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗ ਆਪੋ-ਆਪਣੇ ਪੱਧਰ ‘ਤੇ ਕਈ ਲੋਕ-ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰ ਰਹੇ ਹਨ, ਪਰ ਜੇਕਰ ਇਨ੍ਹਾਂ ਪ੍ਰੋਗਰਾਮਾਂ ਦੇ ਪ੍ਰਚਾਰ-ਪ੍ਰਸਾਰ ਲਈ ਵਿਭਾਗ ਆਪਸ ਵਿੱਚ ਤਾਲਮੇਲ ਕਾਇਮ ਕਰਨ ਅਤੇ ਆਪਣੀਆਂ ਗਤੀਵਿਧੀਆਂ ਨੂੰ ਇੱਕ-ਦੂਜੇ ਨਾਲ ਬਿਹਤਰ ਢੰਗ ਨਾਲ ਜੋੜਨ, ਤਾਂ ਇਨ੍ਹਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਸ਼੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਵਿਭਾਗਾਂ ਨੂੰ ਆਪਣੇ ਪ੍ਰੋਗਰਾਮਾਂ ਅਤੇ ਮੁਹਿੰਮਾਂ ਨੂੰ ਵਿਆਪਕ ਲੋਕ-ਹਿੱਤ ਦੇ ਨਜ਼ਰੀਏ ਤੋਂ ਇੱਕ-ਦੂਜੇ ਨਾਲ ਤਾਲਮੇਲ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਜੋ ਉਪਲਬਧ ਸਰੋਤਾਂ ਅਤੇ ਸੰਚਾਰ ਮਾਧਿਅਮਾਂ ਦੀ ਪ੍ਰਭਾਵਸ਼ਾਲੀ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਰਾਹੀਂ ਸਰਕਾਰੀ ਸਕੀਮਾਂ ਅਤੇ ਪ੍ਰਾਪਤੀਆਂ ਦੀ ਪਹੁੰਚ ਅਤੇ ਪ੍ਰਭਾਵ ਦੋਵਾਂ ਨੂੰ ਵਧਾਇਆ ਜਾ ਸਕਦਾ ਹੈ।

ਕੇਂਦਰੀ ਸੰਚਾਰ ਬਿਊਰੋ (CBC), ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਸੁਸ਼੍ਰੀ ਸਪਨਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ IMPCC ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦਰਮਿਆਨ ਨਿਯਮਿਤ ਸੰਵਾਦ ਅਤੇ ਤਾਲਮੇਲ ਨਾਲ ਸਰਕਾਰੀ ਸੰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।

ਸੁਸ਼੍ਰੀ ਸਪਨਾ ਨੇ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਸੋਸ਼ਲ ਮੀਡੀਆ ਦੀ ਵਧਦੀ ਭੂਮਿਕਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਤੱਕ ਸਰਕਾਰੀ ਪਹਿਲਕਦਮੀਆਂ ਦੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਰਣਨੀਤਕ ਵਰਤੋਂ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਸਰਕਾਰ ਅਤੇ ਨੌਜਵਾਨਾਂ ਦਰਮਿਆਨ ਸਿੱਧਾ ਸੰਵਾਦ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਲੋਕ-ਭਲਾਈ ਸਕੀਮਾਂ ਨਾਲ ਜੋੜਨ ਦੀਆਂ ਵਿਆਪਕ ਸੰਭਾਵਨਾਵਾਂ ਹਨ।

ਮੀਟਿੰਗ ਵਿੱਚ ਸੀਮਾ ਸੁਰੱਖਿਆ ਬਲ (BSF), ਅਕਾਸ਼ਵਾਣੀ (AIR), ਦੂਰਸੰਚਾਰ ਵਿਭਾਗ, ਉੱਚ ਸਿੱਖਿਆ ਵਿਭਾਗ, ਦੂਰਦਰਸ਼ਨ, ਰਾਸ਼ਟਰੀ ਅੰਕੜਾ ਦਫ਼ਤਰ (NSO), ਇੰਡੀਅਨ ਆਇਲ, ਪੈਟਰੋਲੀਅਮ ਖੇਤਰ, MY Bharat, ਰਾਸ਼ਟਰੀ ਸੇਵਾ ਯੋਜਨਾ (NSS), ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI), ਰੱਖਿਆ ਲੋਕ ਸੰਪਰਕ ਅਧਿਕਾਰੀ (PRO Defence), ਮਰਦਮਸ਼ੁਮਾਰੀ ਵਿਭਾਗ, ਭਾਰਤੀ ਮਿਆਰ ਬਿਊਰੋ (BIS), IISER, SLBC, ਆਮਦਨ ਕਰ ਵਿਭਾਗ, ਮਰਦਮਸ਼ੁਮਾਰੀ ਵਿਭਾਗ, PEC ਸਮੇਤ ਆਦਿ ਵੱਖ-ਵੱਖ ਕੇਂਦਰੀ ਵਿਭਾਗਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਵਿਭਾਗਾਂ ਦੀਆਂ ਗਤੀਵਿਧੀਆਂ, ਆਗਾਮੀ ਪ੍ਰੋਗਰਾਮਾਂ ਅਤੇ ਲੋਕ-ਭਲਾਈ ਪਹਿਲਕਦਮੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਸਰਕਾਰੀ ਸੰਚਾਰ ਅਤੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ।

ਮੀਟਿੰਗ ਦੀ ਸਮਾਪਤੀ ਵੱਖ-ਵੱਖ ਵਿਭਾਗਾਂ ਦਰਮਿਆਨ ਨਿਰੰਤਰ ਤਾਲਮੇਲ ਬਣਾਈ ਰੱਖਣ ਅਤੇ ਲੋਕ-ਭਲਾਈ ਸਕੀਮਾਂ ਤੇ ਪ੍ਰੋਗਰਾਮਾਂ ਦੀ ਜਾਣਕਾਰੀ ਨੂੰ ਹੋਰ ਪ੍ਰਭਾਵਸ਼ਾਲੀ, ਸਰਲ ਅਤੇ ਵਿਆਪਕ ਤਰੀਕੇ ਨਾਲ ਆਮ ਜਨਤਾ ਤੱਕ ਪਹੁੰਚਾਉਣ ਦੇ ਸੰਕਲਪ ਨਾਲ ਹੋਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.