ਕਿਸੇ ਵੀ ਕੌਮ ਦਾ ਭਵਿੱਖ ਉਸ ਦੇ ਬੱਚਿਆਂ ਦੇ ਵਰਤਮਾਨ ਵਿੱਚ ਲੁਕਿਆ ਹੁੰਦਾ ਹੈ। ਜੇ ਬਚਪਨ ਖੁਸ਼ਹਾਲ, ਸੰਸਕਾਰੀ ਅਤੇ ਸੰਵੇਦਨਸ਼ੀਲ ਹੋਵੇਗਾ ਤਾਂ ਸਮਾਜ ਦਾ ਭਵਿੱਖ ਵੀ ਉਮੀਦਾਂ ਨਾਲ ਭਰਿਆ ਹੋਵੇਗਾ। ਪਰ ਅੱਜ ਇੱਕ ਅਜਿਹਾ ਸੰਕਟ ਸਾਡੇ ਘਰਾਂ ਦੀ ਚੌਖਟ ਪਾਰ ਕਰ ਚੁੱਕਾ ਹੈ ਜਿਸ ਬਾਰੇ ਅਸੀਂ ਗੰਭੀਰਤਾ ਨਾਲ ਸੋਚਣ ਤੋਂ ਅਜੇ ਵੀ ਕਤਰਾ ਰਹੇ ਹਾਂ। ਇਹ ਸੰਕਟ ਨਾ ਕਿਸੇ ਮਹਾਂਮਾਰੀ ਦਾ ਹੈ, ਨਾ ਆਰਥਿਕ ਮੰਦਹਾਲੀ ਦਾ ਅਤੇ ਨਾ ਹੀ ਕਿਸੇ ਕੁਦਰਤੀ ਆਫ਼ਤ ਦਾ। ਇਹ ਸੰਕਟ ਹੈ ਬਚਪਨ ਦੇ ਹੌਲੀ-ਹੌਲੀ ਸਕਰੀਨਾਂ ਵਿੱਚ ਕੈਦ ਹੋ ਜਾਣ ਦਾ।
ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬੇਸ਼ੱਕ ਬਹੁਤ ਸੁਖਾਲਾ ਬਣਾਇਆ ਹੈ। ਜਾਣਕਾਰੀ ਦੀ ਦੁਨੀਆ ਉਂਗਲਾਂ ਦੇ ਸਿਰਿਆਂ ‘ਤੇ ਆ ਗਈ ਹੈ ਅਤੇ ਸਿੱਖਿਆ ਦੇ ਨਵੇਂ ਰਾਹ ਖੁੱਲ੍ਹੇ ਹਨ। ਪਰ ਹਰ ਕ੍ਰਾਂਤੀ ਦੀ ਤਰ੍ਹਾਂ ਡਿਜ਼ੀਟਲ ਕ੍ਰਾਂਤੀ ਵੀ ਆਪਣੇ ਨਾਲ ਕੁਝ ਚੁਣੌਤੀਆਂ ਲੈ ਕੇ ਆਈ ਹੈ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅਸੀਂ ਤਕਨਾਲੋਜੀ ਨੂੰ ਆਪਣੇ ਜੀਵਨ ਦਾ ਸਾਧਨ ਬਣਾਈਏ ਜਾਂ ਉਸ ਨੂੰ ਆਪਣੇ ਰਿਸ਼ਤਿਆਂ ਦਾ ਬਦਲ ਬਣਨ ਦੇਈਏ। ਬਦਕਿਸਮਤੀ ਨਾਲ ਅੱਜ ਕਈ ਘਰਾਂ ਵਿੱਚ ਮੋਬਾਇਲ ਨੇ ਪਰਿਵਾਰਕ ਸੰਵਾਦ ਦੀ ਥਾਂ ਲੈ ਲਈ ਹੈ।
ਇੱਕ ਸਮਾਂ ਸੀ ਜਦੋਂ ਘਰ ਦੀਆਂ ਸ਼ਾਮਾਂ ਹਾਸੇ, ਕਹਾਣੀਆਂ, ਲੋਕ-ਗੀਤਾਂ, ਦਾਦਾ-ਦਾਦੀ ਦੀਆਂ ਨਸੀਹਤਾਂ ਅਤੇ ਸਾਂਝੇ ਭੋਜਨ ਨਾਲ ਰੌਣਕਮਈ ਹੁੰਦੀਆਂ ਸਨ। ਅੱਜ ਉਹੀ ਸ਼ਾਮਾਂ ਅਕਸਰ ਖਾਮੋਸ਼ ਹਨ। ਹਰ ਮੈਂਬਰ ਆਪਣੇ-ਆਪਣੇ ਮੋਬਾਇਲ ਦੀ ਸਕਰੀਨ ਵਿੱਚ ਗੁੰਮ ਹੈ। ਸਭ ਇੱਕੋ ਛੱਤ ਹੇਠ ਰਹਿੰਦੇ ਹਨ, ਪਰ ਆਪਸੀ ਗੱਲਬਾਤ ਘਟਦੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਪੈ ਰਿਹਾ ਹੈ, ਕਿਉਂਕਿ ਉਹ ਆਪਣੇ ਬਚਪਨ ਦੇ ਸਭ ਤੋਂ ਮਹੱਤਵਪੂਰਨ ਸਾਲ ਭਾਵਨਾਤਮਕ ਨੇੜਤਾ ਦੀ ਬਜਾਏ ਡਿਜ਼ੀਟਲ ਇਕੱਲੇਪਣ ਵਿੱਚ ਬਿਤਾ ਰਹੇ ਹਨ।
ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਬੱਚੇ ਮੋਬਾਇਲ ਵਰਤ ਰਹੇ ਹਨ; ਚਿੰਤਾ ਇਸ ਗੱਲ ਦੀ ਹੈ ਕਿ ਉਹ ਮੋਬਾਇਲ ਨਾਲ ਜੁੜਦੇ-ਜੁੜਦੇ ਪਰਿਵਾਰ ਤੋਂ ਟੁੱਟਦੇ ਜਾ ਰਹੇ ਹਨ। ਜਦੋਂ ਬੱਚੇ ਦੀ ਪਹਿਲੀ ਦੋਸਤੀ ਮਾਪਿਆਂ ਨਾਲੋਂ ਸਕਰੀਨ ਨਾਲ ਬਣ ਜਾਵੇ, ਜਦੋਂ ਉਸ ਦੇ ਸਵਾਲਾਂ ਦਾ ਜਵਾਬ ਪਰਿਵਾਰ ਦੀ ਗੋਦ ਦੀ ਥਾਂ ਇੰਟਰਨੈੱਟ ਦੇਵੇ ਅਤੇ ਜਦੋਂ ਉਸ ਦੀ ਖੁਸ਼ੀ ਖੁੱਲ੍ਹੇ ਮੈਦਾਨਾਂ ਦੀ ਥਾਂ ਇੱਕ ਛੋਟੀ ਜਿਹੀ ਸਕਰੀਨ ਵਿੱਚ ਸੀਮਤ ਹੋ ਜਾਵੇ, ਤਾਂ ਇਹ ਸਿਰਫ਼ ਪਰਿਵਾਰ ਦੀ ਨਹੀਂ, ਪੂਰੇ ਸਮਾਜ ਦੀ ਚਿੰਤਾ ਬਣ ਜਾਂਦੀ ਹੈ।
ਬੱਚਿਆਂ ਦੀ ਪਰਵਰਿਸ਼ ਸਿਰਫ਼ ਭੋਜਨ, ਕੱਪੜੇ ਅਤੇ ਸਿੱਖਿਆ ਦੇਣ ਨਾਲ ਪੂਰੀ ਨਹੀਂ ਹੁੰਦੀ। ਉਨ੍ਹਾਂ ਨੂੰ ਸਮਾਂ ਦੇਣਾ, ਗੱਲ ਸੁਣਨਾ, ਉਨ੍ਹਾਂ ਨਾਲ ਖੇਡਣਾ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਚੰਗੇ ਸੰਸਕਾਰ ਦੇਣਾ ਵੀ ਉਤਨਾ ਹੀ ਜ਼ਰੂਰੀ ਹੈ। ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਕਈ ਮਾਪੇ ਸਮੇਂ ਦੀ ਕਮੀ ਦਾ ਹਵਾਲਾ ਦੇ ਕੇ ਬੱਚਿਆਂ ਦੇ ਹੱਥ ਵਿੱਚ ਮੋਬਾਇਲ ਫੜਾ ਦਿੰਦੇ ਹਨ। ਇਹ ਕੁਝ ਪਲਾਂ ਦੀ ਸਹੂਲਤ ਤਾਂ ਦੇ ਸਕਦਾ ਹੈ, ਪਰ ਲੰਬੇ ਸਮੇਂ ਵਿੱਚ ਇਹ ਭਾਵਨਾਤਮਕ ਦੂਰੀ ਦੀ ਨੀਂਹ ਵੀ ਰੱਖ ਸਕਦਾ ਹੈ।
ਇਹ ਵੀ ਸੱਚ ਹੈ ਕਿ ਸਿਰਫ਼ ਬੱਚਿਆਂ ਨੂੰ ਦੋਸ਼ ਦੇਣ ਨਾਲ ਗੱਲ ਨਹੀਂ ਬਣੇਗੀ। ਜੇ ਮਾਪੇ ਆਪ ਹਰ ਵੇਲੇ ਮੋਬਾਇਲ ਵਿੱਚ ਰੁੱਝੇ ਰਹਿਣਗੇ, ਤਾਂ ਬੱਚੇ ਵੀ ਉਹੀ ਸਿੱਖਣਗੇ। ਬੱਚਿਆਂ ਦੀ ਸਭ ਤੋਂ ਵੱਡੀ ਪਾਠ-ਪੁਸਤਕ ਉਨ੍ਹਾਂ ਦੇ ਮਾਪੇ ਹੁੰਦੇ ਹਨ। ਇਸ ਲਈ ਡਿਜ਼ੀਟਲ ਅਨੁਸ਼ਾਸਨ ਦੀ ਸ਼ੁਰੂਆਤ ਘਰ ਦੇ ਵੱਡਿਆਂ ਤੋਂ ਹੋਣੀ ਚਾਹੀਦੀ ਹੈ। ਘਰ ਵਿੱਚ ਅਜਿਹੇ ਸਮੇਂ ਨਿਰਧਾਰਤ ਹੋਣੇ ਚਾਹੀਦੇ ਹਨ ਜਦੋਂ ਸਾਰੇ ਮੈਂਬਰ ਬਿਨਾਂ ਮੋਬਾਇਲ ਦੇ ਇਕੱਠੇ ਬੈਠਣ, ਭੋਜਨ ਕਰਨ, ਵਿਚਾਰ ਸਾਂਝੇ ਕਰਨ ਜਾਂ ਕੋਈ ਸਾਂਝੀ ਗਤੀਵਿਧੀ ਕਰਨ। ਇਹ ਆਦਤਾਂ ਸਿਰਫ਼ ਰਿਸ਼ਤਿਆਂ ਨੂੰ ਮਜ਼ਬੂਤ ਨਹੀਂ ਕਰਦੀਆਂ, ਸਗੋਂ ਬੱਚਿਆਂ ਦੇ ਮਨ ਵਿੱਚ ਸੁਰੱਖਿਆ ਅਤੇ ਆਪਣੇਪਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।
ਸਕੂਲਾਂ ਦੀ ਭੂਮਿਕਾ ਵੀ ਇੱਥੇ ਬੇਹੱਦ ਮਹੱਤਵਪੂਰਨ ਹੈ। ਸਿੱਖਿਆ ਦਾ ਮਕਸਦ ਕੇਵਲ ਪ੍ਰੀਖਿਆਵਾਂ ਵਿੱਚ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਇੱਕ ਸੰਤੁਲਿਤ ਅਤੇ ਜ਼ਿੰਮੇਵਾਰ ਸ਼ਖ਼ਸੀਅਤ ਦਾ ਨਿਰਮਾਣ ਕਰਨਾ ਹੈ। ਖੇਡਾਂ, ਪੁਸਤਕ ਪਾਠ, ਨਾਟਕ, ਸੰਗੀਤ, ਕਲਾ, ਸਮਾਜਿਕ ਸੇਵਾ ਅਤੇ ਕੁਦਰਤ ਨਾਲ ਜੁੜੀਆਂ ਗਤੀਵਿਧੀਆਂ ਬੱਚਿਆਂ ਨੂੰ ਅਸਲ ਜੀਵਨ ਨਾਲ ਜੋੜਦੀਆਂ ਹਨ। ਜਦੋਂ ਸਕੂਲ ਅਤੇ ਪਰਿਵਾਰ ਮਿਲ ਕੇ ਬੱਚਿਆਂ ਨੂੰ ਅਜਿਹੇ ਮੌਕੇ ਦਿੰਦੇ ਹਨ, ਤਾਂ ਮੋਬਾਇਲ ਦੀ ਖਿੱਚ ਆਪਣੇ ਆਪ ਘੱਟ ਹੋਣ ਲੱਗਦੀ ਹੈ।
ਸਰਕਾਰਾਂ ਅਤੇ ਨੀਤੀ-ਨਿਰਮਾਤਾਵਾਂ ਲਈ ਵੀ ਇਹ ਵਿਚਾਰ ਦਾ ਵਿਸ਼ਾ ਹੈ। ਡਿਜ਼ੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਪਰ ਇਸ ਦੇ ਨਾਲ ਡਿਜ਼ੀਟਲ ਸਾਖਰਤਾ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਜਾਗਰੂਕਤਾ ਵੀ ਉਤਨੀ ਹੀ ਲਾਜ਼ਮੀ ਹੈ। ਸਕੂਲਾਂ ਵਿੱਚ ਮਾਪਿਆਂ ਲਈ ਜਾਗਰੂਕਤਾ ਪ੍ਰੋਗਰਾਮ, ਬੱਚਿਆਂ ਲਈ ਡਿਜ਼ੀਟਲ ਸੰਤੁਲਨ ਬਾਰੇ ਸੈਸ਼ਨ ਅਤੇ ਖੇਡਾਂ ਤੇ ਪਾਠਨ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਾਂ ਸਮੇਂ ਦੀ ਲੋੜ ਹਨ।
ਸਵਾਲ ਮੋਬਾਇਲ ਦਾ ਨਹੀਂ, ਤਰਜੀਹਾਂ ਦਾ ਹੈ। ਕੀ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਦੇਣ ਦੀ ਥਾਂ ਸਿਰਫ਼ ਸਹੂਲਤਾਂ ਦੇ ਕੇ ਆਪਣਾ ਫ਼ਰਜ਼ ਪੂਰਾ ਸਮਝ ਰਹੇ ਹਾਂ? ਕੀ ਅਸੀਂ ਉਨ੍ਹਾਂ ਨੂੰ ਡਿਜ਼ੀਟਲ ਤੌਰ ‘ਤੇ ਸਮਰੱਥ ਤਾਂ ਬਣਾ ਰਹੇ ਹਾਂ, ਪਰ ਭਾਵਨਾਤਮਕ ਤੌਰ ‘ਤੇ ਕਮਜ਼ੋਰ ਵੀ ਕਰ ਰਹੇ ਹਾਂ? ਇਹ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦਾ ਜਵਾਬ ਹਰ ਪਰਿਵਾਰ ਨੂੰ ਆਪਣੇ ਅੰਦਰ ਝਾਤ ਮਾਰ ਕੇ ਲੱਭਣਾ ਪਵੇਗਾ।
ਬਚਪਨ ਇੱਕ ਵਾਰ ਹੀ ਮਿਲਦਾ ਹੈ। ਜੇ ਇਹ ਸਕਰੀਨਾਂ ਦੀ ਚਮਕ ਵਿੱਚ ਗੁਆਚ ਗਿਆ ਤਾਂ ਇਸ ਨੂੰ ਮੁੜ ਹਾਸਲ ਕਰਨਾ ਸੰਭਵ ਨਹੀਂ ਹੋਵੇਗਾ। ਇਸ ਲਈ ਅੱਜ ਲੋੜ ਇਸ ਗੱਲ ਦੀ ਨਹੀਂ ਕਿ ਬੱਚਿਆਂ ਤੋਂ ਮੋਬਾਇਲ ਖੋਹ ਲਿਆ ਜਾਵੇ, ਸਗੋਂ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਪਰਿਵਾਰ ਦਾ ਸਾਥ, ਆਪਣੇਪਣ ਦਾ ਅਹਿਸਾਸ ਅਤੇ ਸੰਵਾਦ ਦਾ ਮਾਹੌਲ ਵਾਪਸ ਦਿੱਤਾ ਜਾਵੇ। ਕਿਉਂਕਿ ਜਿਨ੍ਹਾਂ ਬੱਚਿਆਂ ਦਾ ਹੱਥ ਪਰਿਵਾਰ ਫੜਦਾ ਹੈ, ਉਹੀ ਅੱਗੇ ਚੱਲ ਕੇ ਸਮਾਜ ਦਾ ਹੱਥ ਫੜਨ ਦੇ ਯੋਗ ਬਣਦੇ ਹਨ।
ਸਾਡੇ ਘਰਾਂ ਦੀ ਅਸਲ ਰੌਣਕ ਮਹਿੰਗੇ ਮੋਬਾਇਲ ਨਹੀਂ, ਸਗੋਂ ਬੱਚਿਆਂ ਦੀਆਂ ਖਿੜਖਿੜਾਹਟਾਂ ਹਨ। ਇਹ ਖਿੜਖਿੜਾਹਟਾਂ ਉਦੋਂ ਹੀ ਬਚ ਸਕਣਗੀਆਂ ਜਦੋਂ ਅਸੀਂ ਸਕਰੀਨਾਂ ਦੀ ਚਮਕ ਨਾਲੋਂ ਰਿਸ਼ਤਿਆਂ ਦੀ ਗਰਮਾਹਟ ਨੂੰ ਵੱਧ ਮਹੱਤਵ ਦੇਵਾਂਗੇ। ਇਹੀ ਸਮੇਂ ਦਾ ਸੰਦੇਸ਼ ਹੈ, ਇਹੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਅਤੇ ਇਹੀ ਇੱਕ ਸਿਹਤਮੰਦ, ਸੰਵੇਦਨਸ਼ੀਲ ਅਤੇ ਸੰਸਕਾਰੀ ਸਮਾਜ ਦੀ ਨੀਂਹ ਵੀ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਪਿੰਡ ਵੜਿੰਗ ਖੇੜਾ
ਤਹਿਸੀਲ ਮਲੋਟ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
79860-27454
Leave a Reply