ਏ.ਆਰ.ਓ. ਲੁਧਿਆਣਾ ਅਗਨੀਵੀਰ ਭਰਤੀ ਰੈਲੀ 2026 ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ
ਲੁਧਿਆਣਾ,
( ਜਸਟਿਸ ਨਿਊਜ਼ )
ਸਹਾਇਕ ਕਮਿਸ਼ਨਰ (ਜਨਰਲ) ਲੁਧਿਆਣਾ ਸ੍ਰੀਮਤੀ ਪਾਇਲ ਗੋਇਲ ਨੇ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ ਲੁਧਿਆਣਾ ਕਰਨਲ ਪ੍ਰਵੀਨ ਕੁਮਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ 01 ਤੋਂ 07 ਅਕਤੂਬਰ 2026 ਤੱਕ ਲੁਧਿਆਣਾ ਵਿਖੇ ਹੋਣ ਵਾਲੀ ਏ.ਆਰ.ਓ. ਲੁਧਿਆਣਾ ਅਗਨੀਵੀਰ ਭਰਤੀ ਰੈਲੀ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਜ਼ੋਨਲ ਰਿਕਰੂਟਮੈਂਟ ਦਫ਼ਤਰ, ਜਲੰਧਰ ਅਧੀਨ ਆਰਮੀ ਭਰਤੀ ਦਫ਼ਤਰ, ਲੁਧਿਆਣਾ ਵੱਲੋਂ ਵਜਰਾ ਕੋਰ ਦੇ ਜਵਾਨਾਂ ਦੇ ਸਹਿਯੋਗ ਨਾਲ ਭਾਰਤੀ ਫੌਜ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਅਗਨੀਵੀਰਾਂ ਦੀ ਭਰਤੀ ਵਾਸਤੇ ਇਹ ਰੈਲੀ ਕਰਵਾਈ ਜਾ ਰਹੀ ਹੈ। ਇਸ ਭਰਤੀ ਰੈਲੀ ਵਿੱਚ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਉਹ ਯੋਗ ਨੌਜਵਾਨ ਹਿੱਸਾ ਲੈ ਸਕਣਗੇ, ਜਿਨ੍ਹਾਂ ਨੇ ਕਾਮਨ ਐਂਟ੍ਰੈਂਸ ਐਗਜ਼ਾਮੀਨੇਸ਼ਨ (ਸੀ.ਈ.ਈ.) ਪਾਸ ਕੀਤਾ ਹੈ।
ਡਾਇਰੈਕਟਰ ਭਰਤੀ ਕਰਨਲ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੀਆਂ ਪ੍ਰਮੁੱਖ ਭਰਤੀ ਰੈਲੀਆਂ ਵਿੱਚੋਂ ਇੱਕ ਹੋਣ ਦੇ ਮੱਦੇਨਜ਼ਰ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ 6000 ਤੋਂ ਵੱਧ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਏ.ਆਰ.ਓ. ਲੁਧਿਆਣਾ ਦੀ ਭਰਤੀ ਰੈਲੀ ਸਿਵਲ-ਮਿਲਟਰੀ ਏਕਤਾ ਦੀ ਇੱਕ ਉੱਤਮ ਮਿਸਾਲ ਹੈ, ਜਿਸ ਦਾ ਸਫਲ ਪ੍ਰਦਰਸ਼ਨ ਸਾਲ 2024 ਅਤੇ 2025 ਦੀਆਂ ਅਗਨੀਵੀਰ ਭਰਤੀ ਰੈਲੀਆਂ ਦੌਰਾਨ ਵੀ ਹੋਇਆ ਸੀ।
ਸ੍ਰੀਮਤੀ ਪਾਇਲ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਰਤੀ ਰੈਲੀ ਦੇ ਸਫਲ ਅਤੇ ਸੁਚਾਰੂ ਆਯੋਜਨ ਲਈ ਭਾਰਤੀ ਫੌਜ ਨੂੰ ਹਰ ਲੋੜੀਂਦੀ ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚਾਗਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੈਲੀ ਦੌਰਾਨ ਪੀਣ ਵਾਲੇ ਪਾਣੀ, ਸਫਾਈ, ਸੁਰੱਖਿਆ, ਆਵਾਜਾਈ, ਮੈਡੀਕਲ ਸਹੂਲਤਾਂ ਅਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।