ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕੰਵਲਜੀਤ ਸਿੰਘ ਸੰਧੂ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ‘ਸਵੱਛਤਾ ਪਖਵਾੜੇ’ ਦੀ ਸ਼ੁਰੂਆਤ
ਅੰਮ੍ਰਿਤਸਰ
( ਰਣਜੀਤ ਸਿੰਘ ਮਸੌਣ/ ਸੁਰਿੰਦਰ ਸੋਨੂੰ)-
ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਫ਼ਾਈ ਅਤੇ ਸਵੱਛਤਾ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ. ਕੰਵਲਜੀਤ ਸਿੰਘ ਸੰਧੂ ਵੱਲੋਂ ‘ਸਵੱਛਤਾ ਪਖਵਾੜੇ’ ਦੀ ਸ਼ੁਰੂਆਤ ਕੀਤੀ ਗਈ।
ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਫ਼ੈਜ਼ਪੁਰਾ ਵਿਖੇ ਮੁੱਖ ਅਧਿਆਪਕ ਹਰਦਿਆਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕੰਵਲਜੀਤ ਸਿੰਘ ਸੰਧੂ ਨੇ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਅੰਦਰ 1 ਸਤੰਬਰ ਤੋਂ 15 ਸਤੰਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਸ. ਸੰਧੂ ਨੇ ਕਿਹਾ ਕਿ ਅਰੋਗ ਜੀਵਨ ਲਈ ਸਫ਼ਾਈ ਦੇ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ, ਘਰ ਅਤੇ ਸਕੂਲ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਲ ਵਿੱਚ ਘੱਟੋ-ਘੱਟ 100 ਘੰਟੇ ਸਫ਼ਾਈ ਲੇਖੇ ਲਾਉਣ ਦੀ ਸਹੁੰ ਵੀ ਚੁੱਕੀ।
ਇਸ ਸਮਾਗਮ ਦੌਰਾਨ ਪਰਮਿੰਦਰ ਸਿੰਘ ਸਰਪੰਚ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ), ਰਜਿੰਦਰ ਸਿੰਘ (ਕੋਆਰਡੀਨੇਟਰ ਸਮਾਰਟ ਸਕੂਲ), ਗੁਰਪ੍ਰੀਤ ਸਿੰਘ ਵਡਾਲੀ ਗੁਰੂ (ਜ਼ਿਲ੍ਹਾ ਨੋਡਲ ਅਫ਼ਸਰ), ਸੁਪਰਡੈਂਟ ਅਨਿਲ ਕੁਮਾਰ ਮਹਾਜਨ, ਯਾਦਵਿੰਦਰ ਸਿੰਘ (ਬੀ.ਆਰ.ਸੀ. ਅੰਮ੍ਰਿਤਸਰ-2), ਮੁਨੀਸ਼ ਕੁਮਾਰ (ਏ.ਸੀ. ਸਮਾਰਟ ਸਕੂਲ), ਵਿਜੈ ਕੁਮਾਰ (ਡੀ.ਆਰ.ਸੀ.), ਰੁਪਿੰਦਰ ਸਿੰਘ (ਏ.ਸੀ.ਪੀ. ਜਨਰਲ), ਅਮਰਪ੍ਰੀਤ ਸਿੰਘ ਨਿਜਾਮਪੁਰਾ, ਅਮਨਦੀਪ ਸਿੰਘ ਮਹਿਲਾਂਵਾਲਾ, ਬਿਕਰਮ ਸਿੰਘ ਕਲੇਰ, ਸੁਰਿੰਦਰ ਸਿੰਘ, ਕਪਿਲ ਸ਼ਰਮਾ, ਆਯੂਸ਼ ਕੁਮਾਰ ਅਤੇ ਕੰਵਲਜੀਤ ਸਿੰਘ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ