ਖੰਨਾ ‘ਚ ਯੁੱਧ ਨਸ਼ਿਆਂ ਵਿਰੁੱਧ ਅਧੀਨ ਵੱਡੀ ਕਾਰਵਾਈ, ਨਸ਼ਾ ਵੇਚਣ ਵਾਲਾ ਕੈਮਿਸਟ ਫੜਿਆ, ਮੈਡੀਕਲ ਸਟੋਰ ਕੀਤਾ ਸੀਲ,ਗਰੇਵਾਲ ਮੈਡੀਕਲ ਸਟੋਰ ਦੇ ਸੰਚਾਲਕ ਰਛਪਾਲ ਸਿੰਘ ਖਿਲਾਫ ਪਹਿਲਾਂ ਵੀ ਦਰਜ ਹਨ ਦੋ ਮੁਕੱਦਮੇ, ਲਾਇਸੰਸ ਹੋਵੇਗਾ ਰੱਦ
ਖੰਨਾ, ਲੁਧਿਆਣਾ
🙁 ਜਸਟਿਸ ਨਿਊਜ਼)
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਦਿਖਾਇਆ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨੇੜੇ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟ ਖ਼ਿਲਾਫ਼ ਖੰਨਾ ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 460 ਪਾਬੰਦੀਸ਼ੁਦਾ ਪ੍ਰੈਗਾਬਾਲਿਨ 300 ਐਮ.ਜੀ ਕੈਪਸੂਲ ਬਰਾਮਦ ਕੀਤੇ। ਕਾਰਵਾਈ ਤੋਂ ਬਾਅਦ ਮੈਡੀਕਲ ਸਟੋਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਇਸ ਕਾਰਵਾਈ ਨੂੰ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਨਸ਼ਿਆਂ ਖ਼ਿਲਾਫ਼ ਸਖ਼ਤ ਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੈਡੀਕਲ ਸਟੋਰਾਂ ਦੀ ਆੜ ਵਿੱਚ ਨਸ਼ੀਲੀਆਂ ਜਾਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖੰਨਾ ਪੁਲਿਸ ਵੱਲੋਂ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਅਜਿਹੇ ਸਟੋਰਾਂ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਖੰਨਾ ਪੁਲਿਸ ਦੇ ਸਹਿਯੋਗ ਨਾਲ ਗਰੇਵਾਲ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਪ੍ਰੈਗਾਬਾਲਿਨ 300 ਐਮਜੀ ਦੇ ਕੁੱਲ 460 ਕੈਪਸੂਲ ਬਰਾਮਦ ਹੋਏ। ਇਨ੍ਹਾਂ ਦਵਾਈਆਂ ਦੀ ਵਿਕਰੀ ਸਬੰਧੀ ਜਦੋਂ ਰਿਕਾਰਡ ਮੰਗਿਆ ਗਿਆ ਤਾਂ ਕੈਮਿਸਟ ਇਸ ਸਬੰਧੀ ਕੋਈ ਸੰਤੋਸ਼ਜਨਕ ਰਿਕਾਰਡ ਪੇਸ਼ ਨਹੀਂ ਕਰ ਸਕਿਆ।
ਪੁਲਿਸ ਨੇ ਮੌਕੇ ’ਤੇ ਕੈਮਿਸਟ ਰਛਸਪਾਲ ਸਿੰਘ ਵਾਸੀ ਪਿੰਡ ਕੋਟ ਪਨੇਚ, ਹਾਲ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ, ਖੰਨਾ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਕੋਲੋਂ 460 ਕੈਪਸੂਲਾਂ ਤੋਂ ਇਲਾਵਾ 16,500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸਤੋਂ ਬਾਅਦ ਮੈਡੀਕਲ ਸਟੋਰ ਨੂੰ ਵੀ ਤੁਰੰਤ ਸੀਲ ਕਰ ਦਿੱਤਾ ਗਿਆ ਅਤੇ ਅਗਲੇ ਹੁਕਮਾਂ ਤੱਕ ਸਟੋਰ ਬੰਦ ਰਹੇਗਾ।
ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਨੇ ਦੱਸਿਆ ਕਿ ਰਛਪਾਲ ਸਿੰਘ ਦਾ ਪਹਿਲਾਂ ਦਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ 12 ਅਗਸਤ 2023 ਨੂੰ ਉਸਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਹੋਈ ਸੀ। ਇਸ ਮਾਮਲੇ ਵਿੱਚ ਉਹ ਕਰੀਬ ਚਾਰ ਮਹੀਨੇ ਲੁਧਿਆਣਾ ਜੇਲ੍ਹ ਵਿੱਚ ਰਿਹਾ ਅਤੇ 8 ਦਸੰਬਰ 2023 ਨੂੰ ਰਿਹਾਅ ਹੋਇਆ ਸੀ। ਹੁਣ ਦੁਬਾਰਾ ਨਸ਼ੀਲੀਆਂ ਦਵਾਈਆਂ ਵੇਚਣ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਡਾ. ਸੰਦੀਪ ਕੌਸ਼ਿਕ ਨੇ ਕਿਹਾ ਕਿ ਮੁਲਜ਼ਮ ਦਾ ਮੈਡੀਕਲ ਸਟੋਰ ਲਾਇਸੈਂਸ ਰੱਦ ਕਰਨ ਲਈ ਵੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੇ ਵੀ ਮੈਡੀਕਲ ਸਟੋਰ ਸੰਚਾਲਕ ਨਿਯਮਾਂ ਦੀ ਉਲੰਘਣਾ ਕਰਕੇ ਪਾਬੰਦੀਸ਼ੁਦਾ ਦਵਾਈਆਂ ਨੂੰ ਨਸ਼ੇ ਵਜੋਂ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਜੰਗ ਲਗਾਤਾਰ ਜਾਰੀ ਰਹੇਗੀ। ਨਸ਼ਾ ਵੇਚਣ ਵਾਲੇ ਚਾਹੇ ਕਿਸੇ ਵੀ ਢੰਗ ਨਾਲ ਆਪਣਾ ਕਾਲਾ ਕਾਰੋਬਾਰ ਚਲਾਉਣ ਦੀ ਕੋਸ਼ਿਸ਼ ਕਰਨ, ਪ੍ਰੰਤੂ ਉਹ ਕਾਨੂੰਨ ਦੇ ਸ਼ਿਕੰਜੇ ਚੋਂ ਨਹੀਂ ਬਚ ਸਕਦੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।
ਇਸ ਮੌਕੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਜਰਨੈਲ ਸਿੰਘ, ਸਦਰ ਥਾਣਾ ਐਸ.ਐਚ.ਓ ਪਵਿੱਤਰ ਸਿੰਘ ਅਤੇ ਮਹਿਲਾ ਸਬ ਇੰਸਪੈਕਟਰ ਜਸਪ੍ਰੀਤ ਕੌਰ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।