ਐਡਵੋਕੇਟ ਸਿਮਰਜੀਤ ਕੌਰ, ਉਨ੍ਹਾਂ ਦੀ ਮਾਤਾ ਅਤੇ ਭਰਾ ਨੂੰ ਨੋ ਮੈਪਿੰਗ ਨੋਟਿਸ ਜਾਰੀ ਕਰਨ `ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਕੀਤਾ ਜਾਰੀ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)-
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਐਡੋਵੋਕੇਟ ਸ੍ਰੀਮਤੀ ਸਿਮਰਜੀਤ ਕੌਰ, ਵੋਟਰ ਹਲਕਾ ਅੰਮ੍ਰਿਤਸਰ ਦੱਖਣੀ ਵੱਲੋਂ ਵੋਟ ਕੱਟਣ ਦੀ ਕੀਤੀ ਸ਼ਿਕਾਇਤ ਸਬੰਧੀ ਸਪੱਸ਼ਟ ਕੀਤਾ ਹੈ ਕਿ ਸ੍ਰੀਮਤੀ ਸਿਮਰਜੀਤ ਕੌਰ, ਉਨ੍ਹਾਂ ਦੀ ਮਾਤਾ ਅਤੇ ਭਰਾ ਨੂੰ ਨੋ ਮੈਪਿੰਗ ਨੋਟਿਸ ਜਾਰੀ ਜਾਰੀ ਕੀਤੇ ਗਏ ਹਨ ਕਿਉਂਕਿ ਤਸਦੀਕ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਵੇਰਵਿਆਂ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋ ਸਕੀ।
ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਨੋ ਮੈਪਿੰਗ ਨੋਟਿਸ ਜਾਰੀ ਹੋਣ ਦਾ ਇਹ ਅਰਥ ਨਹੀਂ ਹੈ ਕਿ ਵੋਟਰ ਦਾ ਨਾਮ ਡਿਲੀਟ ਕਰ ਦਿੱਤਾ ਗਿਆ ਹੈ ਜਾਂ ਵੋਟ ਕੱਟ ਦਿੱਤੀ ਗਈ ਹੈ। ਇਸ ਨੋਟਿਸ ਦਾ ਉਦੇਸ਼ ਵੋਟਰ ਨੂੰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦੇਣਾ ਹੈ, ਤਾਂ ਜੋ ਚੋਣ ਰਿਕਾਰਡ ਅਤੇ ਵੋਟਰ ਦੀ ਯੋਗਤਾ ਦੀ ਵਿਧੀਵਤ ਤਸਦੀਕ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਸਬੰਧਤ ਬੀ.ਐੱਲ.ਓ. ਵੱਲੋਂ ਪਰਿਵਾਰ ਨਾਲ ਸੰਪਰਕ ਕਰਕੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਏ.ਈ.ਆਰ.ਓ. ਵੱਲੋਂ ਵੀ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਈ.ਆ
ਰ.ਓ. ਵੱਲੋਂ ਖੁਦ ਸ੍ਰੀਮਤੀ ਸਿਮਰਜੀਤ ਕੌਰ ਨੂੰ ਤਸਦੀਕ ਦੇ ਉਦੇਸ਼ ਲਈ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ।
ਸ੍ਰੀਮਤੀ ਸਿਮਰਜੀਤ ਕੌਰ ਵੱਲੋਂ ਆਪਣਾ ਮੈਟ੍ਰਿਕ ਸਰਟੀਫਿਕੇਟ ਪੇਸ਼ ਕੀਤਾ ਗਿਆ ਹੈ, ਜੋ ਉਨ੍ਹਾਂ ਦੇ ਮਾਮਲੇ ਵਿੱਚ ਲੋੜੀਂਦੀ ਲਿੰਕੇਜ/ਯੋਗਤਾ ਸਥਾਪਤ ਕਰਨ ਲਈ ਇੱਕ ਵੈਧ ਦਸਤਾਵੇਜ਼ ਹੈ। ਹਾਲਾਂਕਿ, ਉਨ੍ਹਾਂ ਦੀ ਮਾਤਾ ਅਤੇ ਭਰਾ ਵੱਲੋਂ ਹੁਣ ਤੱਕ ਕੇਵਲ ਆਧਾਰ ਕਾਰਡ ਅਤੇ ਬੈਂਕ ਪਾਸਬੁੱਕਾਂ (ਜੋ 01. 07. 1987 ਤੋਂ ਬਾਅਦ ਜਾਰੀ ਹੋਈਆਂ ਹਨ) ਪੇਸ਼ ਕੀਤੀਆਂ ਗਈਆਂ ਹਨ, ਜੋ ਲੋੜੀਂਦੀ ਲਿੰਕੇਜ/ਯੋਗਤਾ ਸਥਾਪਤ ਕਰਨ ਲਈ ਵੈਧ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਦਸਤਾਵੇਜ਼ਾਂ ਦੇ ਨਾਲ ਲਾਗੂ ਤਸਦੀਕੀ ਲੋੜਾਂ ਅਨੁਸਾਰ ਇੱਕ ਹੋਰ ਸਬੰਧਤ ਦਸਤਾਵੇਜ਼ ਪੇਸ਼ ਕਰਨਾ ਜ਼ਰੂਰੀ ਹੈ।
ਜ਼ਿਲ੍ਹਾ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀਮਤੀ ਸਿਮਰਜੀਤ ਕੌਰ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਅਜੇ ਵੀ ਬਰਕਰਾਰ ਹੈ। ਕੇਵਲ ਨੋ ਮੈਪਿੰਗ ਨੋਟਿਸ਼ ਜਾਰੀ ਹੋਣ ਦੇ ਆਧਾਰ `ਤੇ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚੋਂ ਡਿਲੀਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਸੁਣਵਾਈ ਦੀ ਮਿਤੀ ਤੱਕ ਬਾਕੀ ਰਹਿੰਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਨਿਰਧਾਰਤ ਪ੍ਰਕਿਰਿਆ ਅਨੁਸਾਰ, ਜੇਕਰ ਲੋੜ ਪੈਂਦੀ ਹੈ ਤਾਂ ਸੁਣਵਾਈ ਨੂੰ ਇੱਕ ਵਾਰ ਮੁੜ ਨਿਰਧਾਰਤ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਤਸਦੀਕ ਦੀ ਪ੍ਰਕਿਰਿਆ ਪੂਰੀ ਕਰਨ ਲਈ ਵਾਧੂ ਮੌਕਾ ਮਿਲ ਸਕੇ।
ਇਸ ਲਈ, ਇਹ ਦੋਸ਼ ਕਿ ਸ੍ਰੀਮਤੀ ਸਿਮਰਜੀਤ ਕੌਰ ਦੀ ਵੋਟ “ਕੱਟਣ” ਜਾਂ ਡਿਲੀਟ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਸਹੀ ਨਹੀਂ ਹੈ। ਇਹ ਨੋਟਿਸ ਨਿਰਧਾਰਤ ਤਸਦੀਕ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਵੋਟਰ ਸੂਚੀ ਦੇ ਰਿਕਾਰਡ ਦੀ ਸਹੀ ਤਸਦੀਕ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਹਰੇਕ ਯੋਗ ਵੋਟਰ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।
ਜ਼ਿ਼ਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਵੱਲੋਂ ਇਹ ਦੁਹਰਾਇਆ ਜਾਂਦਾ ਹੈ ਕਿ ਕਿਸੇ ਵੀ ਯੋਗ ਵੋਟਰ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਦੇਣ ਤੋਂ ਵਾਂਝਾ ਨਹੀਂ ਕੀਤਾ ਜਾ ਰਿਹਾ। ਨੋ ਮੈਪਿੰਗ ਨੋਟਿਸ਼ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੀ.ਐੱਲ.ਓ./ਈ.ਆਰ.ਓ./ਏ.ਈ.ਆਰ.ਓ ਨਾਲ ਸਹਿਯੋਗ ਕਰਨ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਪੇਸ਼ ਕਰਨ।