ਲੁਧਿਆਣਾ,
( ਵਿਜੈ ਭਾਂਬਰੀ )
ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਨਾਏ ਜਾ ਰਹੇ ਮਮਤਾ ਦਿਵਸ (ਟੀਕਾਕਰਨ ਦਿਵਸ) ਦੇ ਤਹਿਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਮਾਸ ਮੀਡੀਆ ਟੀਮ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਹਸਪਤਾਲ ਵਿੱਚ ਆਈਆਂ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਸੁਰੱਖਿਅਤ ਮਾਤਰਤਵ, ਸੰਸਥਾਗਤ ਜਣੇਪੇ, ਨਿਯਮਿਤ ਜਣੇਪਾ-ਪੂਰਵ ਜਾਂਚਾਂ, ਸਮੇਂ ਸਿਰ ਟੀਕਾਕਰਨ, ਸੰਤੁਲਿਤ ਖੁਰਾਕ, ਨਵਜੰਮੇ ਬੱਚੇ ਦੀ ਸਹੀ ਦੇਖਭਾਲ ਅਤੇ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪਿਲਾਉਣ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਮਾਵਾਂ ਨੂੰ ਇਹ ਵੀ ਸਮਝਾਇਆ ਕਿ ਗਰਭ ਅਵਸਥਾ ਦੌਰਾਨ ਛੋਟੀ-ਛੋਟੀ ਸਾਵਧਾਨੀਆਂ ਅਪਣਾ ਕੇ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਗਰਭ ਅਵਸਥਾ ਦਾ ਹਰ ਪੜਾਅ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਦੌਰਾਨ ਨਿਯਮਿਤ ਸਿਹਤ ਜਾਂਚਾਂ, ਲੋੜੀਂਦੇ ਟੀਕੇ, ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦਾ ਸੇਵਨ, ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਨਿੱਜੀ ਸਫ਼ਾਈ ਅਤੇ ਡਾਕਟਰੀ ਸਲਾਹ ਦੀ ਪਾਲਣਾ ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਗਰਭਵਤੀ ਮਹਿਲਾ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੋਣ ‘ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਜਣੇਪਾ ਹਮੇਸ਼ਾ ਮਾਹਿਰ ਡਾਕਟਰਾਂ ਅਤੇ ਸਿਖਲਾਈ ਪ੍ਰਾਪਤ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਿਹਤ ਸੰਸਥਾ ਵਿੱਚ ਹੀ ਕਰਵਾਉਣਾ ਚਾਹੀਦਾ ਹੈ।
ਡਾ. ਰਮਨਦੀਪ ਕੌਰ ਨੇ ਅੱਗੇ ਕਿਹਾ ਕਿ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਪਹਿਲਾ ਗਾੜ੍ਹਾ ਦੁੱਧ (ਕੋਲੋਸਟ੍ਰਮ) ਜ਼ਰੂਰ ਪਿਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਲਈ ਪਹਿਲਾ ਕੁਦਰਤੀ ਟੀਕਾ ਹੈ, ਜੋ ਉਸ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ ਇਸ ਦੌਰਾਨ ਪਾਣੀ ਜਾਂ ਹੋਰ ਕੋਈ ਖੁਰਾਕ ਨਾ ਦਿੱਤੀ ਜਾਵੇ। ਛੇ ਮਹੀਨੇ ਬਾਅਦ ਪੂਰਕ ਆਹਾਰ ਦੇ ਨਾਲ-ਨਾਲ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਬੱਚੇ ਦੇ ਸਿਹਤਮੰਦ ਵਿਕਾਸ ਲਈ ਬਹੁਤ ਲਾਭਦਾਇਕ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ, ਜੱਚਾ-ਬੱਚਾ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਕਈ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਜਣੇਪਾ-ਪੂਰਵ ਅਤੇ ਜਣੇਪਾ-ਉਪਰੰਤ ਜਾਂਚਾਂ, ਲੋੜੀਂਦੇ ਟੀਕੇ, ਮਾਤਾ ਅਤੇ ਬੱਚਾ ਸਿਹਤ ਸਲਾਹ-ਮਸ਼ਵਰਾ, ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਹੋਰ ਕਈ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਦਾ ਟੀਕਾਕਰਨ ਨਿਰਧਾਰਤ ਸਮੇਂ ਅਨੁਸਾਰ ਜ਼ਰੂਰ ਕਰਵਾਉਣ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰਾਜਿੰਦਰ ਸਿੰਘ ਨੇ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੁਰੱਖਿਅਤ ਜਣੇਪੇ, ਮਾਂ ਦੇ ਦੁੱਧ ਦੇ ਲਾਭਾਂ ਅਤੇ ਮਾਤਾ-ਬੱਚਾ ਸਿਹਤ ਨਾਲ ਸਬੰਧਤ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਦਿਆਂ ਸਾਰਿਆਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।ਜਾਗਰੂਕਤਾ ਸੈਸ਼ਨ ਦੌਰਾਨ ਮਹਿਲਾਵਾਂ ਨੇ ਮਾਤਾ ਅਤੇ ਬੱਚਾ ਸਿਹਤ ਨਾਲ ਸਬੰਧਤ ਆਪਣੇ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਸਿਹਤ ਟੀਮ ਵੱਲੋਂ ਵਿਸਥਾਰ ਨਾਲ ਜਵਾਬ ਦਿੱਤੇ ਗਏ। ਹਾਜ਼ਰ ਮਹਿਲਾਵਾਂ ਨੇ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਲਾਭਦਾਇਕ ਦੱਸਦਿਆਂ ਸੁਰੱਖਿਅਤ ਮਾਤਰਤਵ ਅਤੇ ਬੱਚਿਆਂ ਦੀ ਬਿਹਤਰ ਸਿਹਤ ਲਈ ਦੱਸੇ ਗਏ ਸੁਝਾਵਾਂ ਨੂੰ ਅਪਣਾਉਣ ਦਾ ਭਰੋਸਾ ਦਿੱਤਾ। ਅੰਤ ਵਿੱਚ ਸਿਹਤ ਵਿਭਾਗ ਵੱਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਮਤਾ ਦਿਵਸ ਦੌਰਾਨ ਉਪਲਬਧ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਅਤੇ ਸਿਹਤਮੰਦ ਮਾਂ, ਸਿਹਤਮੰਦ ਬੱਚੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
Leave a Reply