August 25, 2026

Justice News

ਅਵਾਮ ਦੀ ਆਵਾਜ਼

ਫੈਡਰੇਸ਼ਨ (ਮਹਿਤਾ) ਵੱਲੋਂ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ। ਐਸ ਜੀ ਪੀ ਸੀ ਵੱਲੋਂ ਰੱਖੇ ਗਏ 29 ਅਗਸਤ ਦੇ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦੀ ਅਪੀਲ।

ਅੰਮ੍ਰਿਤਸਰ
( ਜਸਟਿਸ ਨਿਊਜ਼ )
ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਿੱਖ ਕੌਮ ਲਈ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ 2026 ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 27 ਅਗਸਤ 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 29 ਅਗਸਤ 2026 ਨੂੰ ਭੋਗ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ।
ਇਸ ਸਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਸਮੁੱਚੀ ਸਾਧ-ਸੰਗਤ, ਸਿੱਖ ਜਥੇਬੰਦੀਆਂ, ਨੌਜਵਾਨਾਂ ਅਤੇ ਪੰਥ ਦਰਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 29 ਅਗਸਤ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ।
                ਭਾਈ ਢੋਟ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਿਰਫ਼ ਕੁਝ ਵਿਅਕਤੀਆਂ ਦਾ ਮਾਮਲਾ ਨਹੀਂ, ਸਗੋਂ ਇਹ ਨਿਆਂ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੀ ਬਰਾਬਰ ਲਾਗੂ ਹੋਣ ਦੀ ਮਰਯਾਦਾ ਨਾਲ ਜੁੜਿਆ ਹੋਇਆ ਮਸਲਾ ਹੈ। ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਸਿੱਖ ਕੌਮ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਨੂੰ ਲੰਮੇ ਸਮੇਂ ਤੋਂ ਸੰਵਿਧਾਨਕ ਅਤੇ ਜਮਹੂਰੀ ਢੰਗ ਹਲ ਕਰਨ ਲਈ ਚਾਰਾਜੋਈ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 29 ਅਗਸਤ ਦਾ ਇਹ ਸਮਾਗਮ ਕਿਸੇ ਵਿਰੋਧ ਜਾਂ ਟਕਰਾਅ ਦੀ ਭਾਵਨਾ ਨਾਲ ਨਹੀਂ, ਬਲਕਿ ਗੁਰੂ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸ-ਬੇਨਤੀ ਕਰਨ ਦਾ ਮੌਕਾ ਹੈ। ਸਮੁੱਚੀ ਸੰਗਤ ਇਕੱਤਰ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ, ਉਨ੍ਹਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰੇ।
ਭਾਈ ਅਮਰਬੀਰ ਸਿੰਘ ਢੋਟ ਅਤੇ ਭਾਈ ਲਖਬੀਰ ਸਿੰਘ ਸੇਖੋਂ ਨੇ ਕਿਹਾ ਕਿ ਸਿੱਖ ਸੰਗਤ ਨੂੰ ਇਸ ਅਰਦਾਸ ਸਮਾਗਮ ਵਿੱਚ ਸ਼ਾਂਤਮਈ, ਅਨੁਸ਼ਾਸਿਤ ਅਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਆਪਣੀ ਪੰਥਕ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਵਿੱਚ ਸ਼ਾਮਿਲ ਹੋਣ।
ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਜੋਕੇ,ਗੁਰਦੀਪ ਸਿੰਘ ਸੁਰਸਿੰਘ ,ਅਵਤਾਰ ਸਿੰਘ ਬੁੱਟਰ, ਗੁਰਮੁੱਖ ਸਿੰਘ ਮੋਹਨਭੰਡਾਰੀ ,ਦਲਜੀਤ ਸਿੰਘ ਜੋੜਾ,ਬਲਵਿੰਦਰ ਸਿੰਘ ਕੰਬੋਜ,ਸਿਮਰਨਜੀਤ ਸਿੰਘ ਭੁੱਲਰ, ਰਜਿੰਦਰ ਸਿੰਘ ਰਾਜੂ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.