ਵਿਸ਼ਵ ਸਿੱਖ ਮਿਲਟਰੀ ਸ਼ਹੀਦ ਯਾਦਗਾਰੀ ਕਮੇਟੀ (ਇਟਲੀ) ਦੇ ਆਗੂਆਂ ਦਾ ਅੰਮ੍ਰਿਤਸਰ ਵਿਖੇ ਸਨਮਾਨ
ਅੰਮ੍ਰਿਤਸਰ,
( ਪੱਤਰ ਪ੍ਰੇਰਕ )
ਵਰਲਡ ਸਿੱਖ ਮਿਲਟਰੀ ਸ਼ਹੀਦ ਯਾਦਗਾਰੀ ਕਮੇਟੀ (ਰਜਿ. ਇਟਲੀ) ਦੇ ਕਮੇਟੀ ਮੈਂਬਰ ਸ. ਮਨਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅੱਜ ਅੰਮ੍ਰਿਤਸਰ ਦੌਰੇ ਦੌਰਾਨ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਅੰਮ੍ਰਿਤਸਰ ਮੋਟਰ ਵਿਖੇ ਸ. ਅਮਨਦੀਪ ਸਿੰਘ ਵਾਲੀਆ ਦੇ ਦਫ਼ਤਰ ਵਿੱਚ ਨਿੱਘਾ ਸਵਾਗਤ ਅਤੇ ਸਰੋਪਾ ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਗੁਰਵਿੰਦਰ ਸਿੰਘ ਮਾਹਲ, ਡਾ. ਰਣਬੀਰ ਸਿੰਘ, ਸ. ਤਜਿੰਦਰ ਸਿੰਘ ਅਤੇ ਸ. ਗੁਰਮੀਤ ਸਿੰਘ ਵਾਲੀਆ (ਕੈਨੇਡਾ) ਵੀ ਹਾਜ਼ਰ ਸਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਵਰਲਡ ਸਿੱਖ ਮਿਲਟਰੀ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਸਿੱਖ ਸੈਨਿਕਾਂ ਦੀਆਂ ਵਿਸ਼ਵ ਯੁੱਧਾਂ ਅਤੇ ਹੋਰ ਜੰਗਾਂ ਵਿੱਚ ਦਿੱਤੀਆਂ ਅਦੁੱਤੀ ਕੁਰਬਾਨੀਆਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਵਿਸ਼ਵ ਪੱਧਰ ‘ਤੇ ਮਾਣ-ਸਨਮਾਨ ਦਿਵਾਉਣ ਦਾ ਮਹਾਨ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹੀ ਆਪਣੀ ਵਿਰਾਸਤ ਨੂੰ ਸਦਾ ਜਿਉਂਦਾ ਰੱਖਦੀਆਂ ਹਨ।
ਉਨ੍ਹਾਂ ਦੱਸਿਆ ਕਿ ਕਮੇਟੀ ਇਟਲੀ ਅਤੇ ਯੂਰਪ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਸਾਲਾਨਾ ਯਾਦਗਾਰੀ ਸਮਾਗਮ, ਅਰਦਾਸਾਂ ਅਤੇ ਇਤਿਹਾਸਕ ਜਾਗਰੂਕਤਾ ਮੁਹਿੰਮਾਂ ਚਲਾਉਂਦੀ ਹੈ। ਨਾਲ ਹੀ ਇਤਾਲਵੀ ਪ੍ਰਸ਼ਾਸਨ ਨਾਲ ਤਾਲਮੇਲ ਰਾਹੀਂ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਣਦਾ ਸਨਮਾਨ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਸਮਾਗਮ ਦੌਰਾਨ ਸਿੱਖ ਸੈਨਿਕਾਂ ਦੀ ਸ਼ੌਰਿਆਮਈ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਂਝੇ ਉਪਰਾਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।