ਅੰਕੜਿਆਂ ਤੋਂ ਸਪਲਾਈ ਤੱਕ: ਆਈਸੀਐੱਮਆਰ ਬਿਹਤਰ ਭਵਿੱਖ ਲਈ ਭਾਰਤ ਦੀ ਸਿਹਤ ਖੋਜ ਨੂੰ ਨਵੇਂ ਸਿਰੇ ਤੋਂ ਘੜ ਰਿਹਾ ਹੈ
ਡਾ. ਰਾਜੀਵ ਬਹਿਲ
ਇੱਕ ਸਦੀ ਦੀ ਸ਼ਾਂਤ ਕ੍ਰਾਂਤੀ, ਇੱਕ ਦਹਾਕੇ ਦਾ ਜ਼ਰੂਰੀ ਸੁਧਾਰ ਅਤੇ ਵਿਕਸਿਤ ਭਾਰਤ 2047 ਦਾ ਰੋਡਮੈਪ
“ਪ੍ਰਭਾਵ ਇਕੱਲੇ ਕਿਸੇ ਵਿਅਕਤੀ ਨਾਲ ਨਹੀਂ– ਸਗੋਂ ਪ੍ਰਣਾਲੀਆਂ ਦੇ ਤਾਲਮੇਲ ਨਾਲ ਸੰਭਵ ਹੁੰਦਾ ਹੈ। ਇਕੱਠੇ ਮਿਲ ਕੇ,
ਅਸੀਂ ਅੰਕੜਿਆਂ ਤੋਂ… ਫੈਸਲੇ… ਅਤੇ ਫਿਰ ਪ੍ਰਭਾਵ ਛੱਡਣ ਤੱਕ ਦੀ ਯਾਤਰਾ ਪੂਰੀ ਕਰਾਂਗੇ।”
ਹੁਣ ਜਦੋਂ ਦੇਸ਼ ‘ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਸਾਡੇ
ਸਾਹਮਣੇ ਸਵਾਲ ਸਿਰਫ਼ ਬਿਮਾਰੀਆਂ ਦਾ ਇਲਾਜ ਕਰਨ ਦੇ ਤਰੀਕਿਆਂ ਦਾ ਨਹੀਂ, ਸਗੋਂ ਭਵਿੱਖ ਦੀਆਂ ਜ਼ਰੂਰਤਾਂ ਦਾ
ਅਨੁਮਾਨ ਲਗਾ ਲੈਣ ਵਾਲੀ ਇੱਕ ਅਜਿਹੀ ਸਿਹਤ ਪ੍ਰਣਾਲੀ ਦੇ ਨਿਰਮਾਣ ਦਾ ਵੀ ਹੈ ਜੋ ਸਭ ਦੇ ਲਈ ਨਿਆਪੂਰਨ ਅਤੇ
ਨਵੀਂ ਸੋਚ ਉੱਤੇ ਅਧਾਰਿਤ ਹੋਵੇ। ਇਸ ਬਦਲਾਅ ਦੇ ਕੇਂਦਰ ਵਿੱਚ ਸਿਹਤ ਖੋਜ ਦਾ ਇੱਕ ਅਜਿਹਾ ਨਵਾਂ ਦ੍ਰਿਸ਼ਟੀਕੋਣ ਹੈ,
ਜੋ ਅੰਕੜਿਆਂ ਨੂੰ ਫੈਸਲਿਆਂ ਨਾਲ ਅਤੇ ਫਿਰ ਫੈਸਲਿਆਂ ਨੂੰ ਪ੍ਰਭਾਵ ਨਾਲ ਜੋੜਦਾ ਹੈ।
ਕੋਵਿਡ-19 ਮਹਾਮਾਰੀ ਤੋਂ ਮਿਲੇ ਸਖ਼ਤ ਤਜਰਬਿਆਂ ਤੋਂ ਸਬਕ ਲੈਂਦੇ ਹੋਏ, ਜੈਵ-ਚਿਕਿਤਸਾ ਖੋਜ (ਬਾਇਓਮੈਡੀਕਲ
ਰਿਸਰਚ) ਦੀ ਦੇਸ਼ ਦੀ ਸਰਬ-ਉੱਚ ਸੰਸਥਾ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ
ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਵਿੱਚ ਸੰਸਥਾਗਤ ਢਾਂਚੇ
ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਤੋਂ ਲੈ ਕੇ ਖੋਜ ਦੇ ਲਈ ਫੰਡ ਦੇਣ ਅਤੇ ਉਸ ਨੂੰ ਅਸਰਦਾਰ ਨਤੀਜਿਆਂ ਵਿੱਚ ਬਦਲਣ
ਦੇ ਤਰੀਕਿਆਂ ਨੂੰ ਠੋਸ ਬਣਾਉਣਾ ਸ਼ਾਮਲ ਹੈ। ਜਿਹੜੀ ਪ੍ਰਣਾਲੀ ਕਦੇ ਬਿਖਰੀ ਹੋਈ ਅਤੇ ਜਾਂਚਕਰਤਾਵਾਂ ਦੀ ਪੁੱਛਗਿੱਛ
’ਤੇ ਟਿਕੀ ਹੋਈ ਸੀ, ਉਹ ਹੁਣ ਤਕਨੀਕ ਵੱਲੋਂ ਸੰਚਾਲਿਤ ਅਤੇ ਟੀਚਿਆਂ ’ਤੇ ਕੇਂਦ੍ਰਿਤ ਇੱਕ ਈਕੋਸਿਸਟਮ ਵਿੱਚ ਬਦਲ
ਰਹੀ ਹੈ। ਇਹ ਬਦਲਾਅ ਸਿਰਫ਼ ਪ੍ਰਸ਼ਾਸਨਿਕ ਨਹੀਂ, ਸਗੋਂ ਦਾਰਸ਼ਨਿਕ ਵੀ ਹੈ। ਇਹ ਰਾਸ਼ਟਰੀ ਤਰਜੀਹਾਂ ਦੇ ਅਨੁਕੂਲ,
ਸੰਸਥਾ-ਅਧਾਰਿਤ ਤਾਲਮੇਲ ਵਾਲੀ ਖੋਜ ਦੀ ਦਿਸ਼ਾ ਵਿੱਚ ਇੱਕ ਅਜਿਹੀ ਸੋਚੀ-ਸਮਝੀ ਪਹਿਲਕਦਮੀ ਨੂੰ ਦਰਸਾਉਂਦਾ ਹੈ,
ਜਿੱਥੇ ਵਿਗਿਆਨ ਦਾ ਉਦੇਸ਼ ਸਿਰਫ਼ ਗਿਆਨ ਦੀ ਸਿਰਜਣਾ ਨਹੀਂ ਸਗੋਂ ਜਨਤਕ ਸਿਹਤ ਦੀਆਂ ਗੰਭੀਰ ਚੁਣੌਤੀਆਂ ਦਾ
ਹੱਲ ਕਰਨਾ ਵੀ ਹੈ।
ਇਸ ਬਦਲਾਅ ਦਾ ਇੱਕ ਮੁੱਖ ਅਧਾਰ ਆਈਸੀਐੱਮਆਰ ਦੇ ਸੰਸਥਾਗਤ ਢਾਂਚੇ ਦਾ ਪੁਨਰਗਠਨ ਹੈ। ਹਾਲੀਆ ਸੁਧਾਰਾਂ
ਨੇ ਕਈ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਨੂੰ ਵਧਾਇਆ ਹੈ ਅਤੇ ਉਨ੍ਹਾਂ ਨੂੰ ਸੀਮਤ ਦਾਇਰੇ ਵਾਲੀਆਂ ਇਕਾਈਆਂ ਦੀ
ਬਜਾਏ ਅੰਤਰ-ਵਿਸ਼ਾਗਤ ਕੇਂਦਰਾਂ ਵਜੋਂ ਨਵੀਂ ਪਛਾਣ ਦਿੱਤੀ ਹੈ। ਡਿਜੀਟਲ ਹੈਲਥ ਅਤੇ ਡੇਟਾ ਸਾਇੰਸ, ਬੱਚਿਆਂ ਦੀ
ਸਿਹਤ, ਮਹਿਲਾਵਾਂ ਦੀ ਸਿਹਤ, ਅਤੇ ਖੂਨ ਤੇ ਪ੍ਰਤੀਰੋਧਕ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਵਰਗੇ ਖੇਤਰਾਂ ਵੱਲ
ਸੰਸਥਾਵਾਂ ਦਾ ਝੁਕਾਅ, ਭਾਰਤ ਵਿੱਚ ਬਿਮਾਰੀਆਂ ਦੇ ਬਦਲਦੇ ਸਰੂਪ ਅਤੇ ਤਕਨੀਕੀ ਸਮਰੱਥਾਵਾਂ ਨੂੰ ਦਰਸਾਉਂਦਾ ਹੈ।
ਦੇਸ਼ ਭਰ ਵਿੱਚ ਉੱਤਰ-ਪੂਰਬ ਦੇ ਡਿਬਰੂਗੜ੍ਹ ਤੋਂ ਲੈ ਕੇ ਪੱਛਮ ਦੇ ਜੋਧਪੁਰ ਤੱਕ, ਖੇਤਰੀ ‘ਨੈਸ਼ਨਲ ਇੰਸਟੀਚਿਊਟ ਆਫ਼
ਹੈਲਥ ਰਿਸਰਚ’ ਦੇ ਨੈੱਟਵਰਕ ਦਾ ਨਿਰਮਾਣ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਹ ਸੰਸਥਾਵਾਂ ਰਾਜ ਅਤੇ ਜ਼ਿਲ੍ਹਾ
ਪੱਧਰ ਦੀਆਂ ਸਿਹਤ ਪ੍ਰਣਾਲੀਆਂ ਨਾਲ ਮਿਲ ਕੇ ਸੰਚਾਲਨ ਖੋਜ (ਓਪਰੇਸ਼ਨਲ ਰਿਸਰਚ) ਕਰਨਗੀਆਂ, ਤਾਂ ਜੋ ਜ਼ਰੂਰੀ
ਖੋਜ ਅਤੇ ਉਸ ਦੇ ਨਤੀਜਿਆਂ ਦਾ ਜ਼ਮੀਨੀ ਪੱਧਰ ’ਤੇ ਸਹੀ ਉਪਯੋਗ ਯਕੀਨੀ ਬਣਾਇਆ ਜਾ ਸਕੇ। ਇਹ ਕੋਈ ਮਾਮੂਲੀ
ਬਦਲਾਅ ਨਹੀਂ ਹਨ, ਸਗੋਂ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਕੂਲ ਤਿਆਰ ਵਿਗਿਆਨ ਦੀ ਦਿਸ਼ਾ ਵਿੱਚ ਇੱਕ ਅਜਿਹੇ
ਰਣਨੀਤਕ ਬਦਲਾਅ ਦਾ ਸੰਕੇਤ ਹਨ ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਜੀਨੋਮਿਕਸ ਅਤੇ ਰੀਅਲ-ਟਾਈਮ
ਡੇਟਾ ਸਿਸਟਮ ਜਨਤਕ ਸਿਹਤ ਨਾਲ ਜੁੜੇ ਫੈਸਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਵੱਖ-ਵੱਖ ਰਹਿ ਕੇ ਕੰਮ ਕਰਨ ਦੇ ਤਰੀਕੇ ਤੋਂ ਹਟ ਕੇ ਇੱਕ ਆਪਸ ਵਿੱਚ ਜੁੜੇ ਹੋਏ ਰਾਸ਼ਟਰੀ ਖੋਜ ਈਕੋਸਿਸਟਮ ਦੀ
ਦਿਸ਼ਾ ਵਿੱਚ ਵਧਣਾ ਵੀ ਉਨਾ ਹੀ ਮਹੱਤਵਪੂਰਨ ਹੈ। ਹੁਣ ਸੰਸਥਾਵਾਂ ਨੂੰ ਅਜਿਹੇ ਰਿਸੋਰਸ ਸੈਂਟਰਾਂ ਵਜੋਂ ਦੇਖਿਆ ਜਾ
ਰਿਹਾ ਹੈ ਜੋ ਇੱਕ ਸਾਂਝੇ ਰਾਸ਼ਟਰੀ ਮਿਸ਼ਨ ਵਿੱਚ ਯੋਗਦਾਨ ਦੇਣ ਅਤੇ ਕਿਸੇ ਇੱਕ ਸਥਾਨ ’ਤੇ ਮਿਲੇ ਤੱਥਾਂ ਦੀ ਵਰਤੋਂ ਪੂਰੇ
ਦੇਸ਼ ਵਿੱਚ ਕਾਰਵਾਈ ਲਈ ਕੀਤੀ ਜਾਣੀ ਯਕੀਨੀ ਬਣਾਉਣ। ਪ੍ਰਣਾਲੀਗਤ-ਪੱਧਰ ਦੀ ਇਹ ਸੋਚ ਇੱਕ ਅਜਿਹੇ ਦੌਰ ਵਿੱਚ
ਬੇਹੱਦ ਜ਼ਰੂਰੀ ਹੈ ਜਦੋਂ ਸਿਹਤ ਸਬੰਧੀ ਚੁਣੌਤੀਆਂ – ਭਾਵੇਂ ਉਹ ਰੋਗਾਣੂ-ਰੋਧਕ ਪ੍ਰਤੀਰੋਧ (ਐਂਟੀਮਾਈਕ੍ਰੋਬੀਅਲ
ਰੇਜ਼ਿਸਟੈਂਸ) ਜਾਂ ਮਹਾਮਾਰੀ ਜਾਂ ਫਿਰ ਗੈਰ-ਸੰਚਾਰੀ ਬਿਮਾਰੀਆਂ ਨਾਲ ਜੁੜੀਆਂ ਹੋਣ – ਜਟਿਲ ਅਤੇ ਆਪਸ ਵਿੱਚ
ਜੁੜੀਆਂ ਹੋਈਆਂ ਹਨ। ਸੰਸਥਾਗਤ ਸੁਧਾਰਾਂ ਦੇ ਨਾਲ-ਨਾਲ, ਖੋਜ ਨਾਲ ਸੰਬੰਧਿਤ ਫੰਡਿੰਗ ਈਕੋਸਿਸਟਮ ਨੂੰ ਬੁਨਿਆਦੀ
ਤੌਰ ’ਤੇ ਫਿਰ ਤੋਂ ਤਿਆਰ ਕਰਨਾ ਵੀ ਜ਼ਰੂਰੀ ਹੈ। ਫੰਡਿੰਗ ਦੇ ਤਰੀਕੇ ਦੀ ਦ੍ਰਿਸ਼ਟੀ ਤੋਂ, ਅੰਦਰੂਨੀ (ਇੰਟ੍ਰਾ-ਮਿਊਰਲ) ਅਤੇ
ਬਾਹਰੀ (ਐਕਸਟ੍ਰਾ-ਮਿਊਰਲ) ਖੋਜ ਦੇ ਵਿਚਕਾਰਲੀ ਵੰਡ ਬਿਲਕੁਲ ਸਾਫ਼ ਹੈ। ਪਰ ਨਾਲ ਹੀ, ਉਨ੍ਹਾਂ ਨੂੰ ਤੁਲਨਾਤਮਕ
ਰੂਪ ਵਿੱਚ ਵਧੇਰੇ ਇੱਕਜੁੱਟ ਅਤੇ ਨਤੀਜੇ ’ਤੇ ਕੇਂਦ੍ਰਿਤ ਢਾਂਚੇ ਦੇ ਜ਼ਰੀਏ ਜੋੜਿਆ ਜਾਂਦਾ ਹੈ। ਅੰਦਰੂਨੀ ਖੋਜ
(ਇੰਟ੍ਰਾਮਿਊਰਲ ਰਿਸਰਚ) ਹੁਣ ਮੁੱਖ ਰੂਪ ਵਿੱਚ ਸੰਸਥਾ ਦੀ ਪਹਿਲਕਦਮੀ ’ਤੇ ਕੀਤੀ ਜਾਂਦੀ ਹੈ। ਇਹ ਸਪਸ਼ਟ ਰੂਪ
ਵਿੱਚ ਤੈਅ ਟੀਚਿਆਂ ਦੇ ਅਨੁਕੂਲ ਹੁੰਦੀ ਹੈ ਅਤੇ ਖੋਜ ਦੇ ਨਤੀਜਿਆਂ ਨੂੰ ਅਸਲ ਵਰਤੋਂ ਵਿੱਚ ਲਿਆਉਣ ਦੀ ਪ੍ਰਕਿਰਿਆ ਨੂੰ
ਤੇਜ਼ ਕਰਨ ਲਈ ਇਸ ਨੂੰ ਇੱਕ ਤੈਅ ਸਮਾਂ-ਸੀਮਾ ਦੇ ਅੰਦਰ ਵਿਵਸਥਿਤ ਕੀਤਾ ਜਾਂਦਾ ਹੈ। ਦੂਜੇ ਪਾਸੇ, ਬਾਹਰੀ ਖੋਜ
(ਐਕਸਟ੍ਰਾ-ਮਿਊਰਲ ਰਿਸਰਚ) ਨੂੰ ਚਾਰ ਪੜਾਵਾਂ ਵਾਲੇ ਨਵੀਨਤਾ ਚੱਕਰ – ਵੇਰਵਾ, ਖੋਜ, ਵਿਕਾਸ ਅਤੇ ਸਪਲਾਈ –
ਵਿੱਚ ਫਿਰ ਤੋਂ ਵਿਵਸਥਿਤ ਕੀਤਾ ਗਿਆ ਹੈ। ਇਸ ਨਾਲ ਚੰਗੇ ਵਿਚਾਰਾਂ ਨੂੰ ਵਿਵਸਥਿਤ ਤਰੀਕੇ ਨਾਲ ਅਜਿਹੇ ਹੱਲਾਂ ਵਿੱਚ
ਬਦਲਣਾ ਯਕੀਨੀ ਹੁੰਦਾ ਹੈ, ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਲਾਗੂ ਕੀਤਾ ਜਾ ਸਕੇ
ਲੈਬਾਰਟਰੀ ਵਿੱਚ ਕੀਤੀ ਗਈ ਖੋਜ ਤੋਂ ਲੈ ਕੇ ਆਮ ਲੋਕਾਂ ਤੱਕ ਸੇਵਾ ਪਹੁੰਚਾਉਣ ਤੱਕ ਦੀ ਇਹ ਤਾਲਮੇਲ ਵਾਲੀ
ਪ੍ਰਕਿਰਿਆ, ਯੋਜਨਾਵਾਂ ਨੂੰ ਫੰਡ ਦੇਣ ਦੀ ਬਜਾਏ ਹੱਲ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ।
ਇਸ ਨੂੰ ‘ਨੈਸ਼ਨਲ ਹੈਲਥ ਰਿਸਰਚ ਪ੍ਰੋਗਰਾਮ’ (ਐੱਨਐੱਚਆਰਪੀ) ਤੋਂ ਹੋਰ ਮਜ਼ਬੂਤੀ ਮਿਲਦੀ ਹੈ। ਇਸ ਪ੍ਰੋਗਰਾਮ ਨੇ
ਰੋਗਾਣੂ-ਰੋਧਕ ਪ੍ਰਤੀਰੋਧ (ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ) ਅਤੇ ਤਪਦਿਕ (ਟੀਬੀ) ਤੋਂ ਲੈ ਕੇ ਮਾਨਸਿਕ ਸਿਹਤ, ਪੋਸ਼ਣ
ਅਤੇ ਆਪਾਤਕਾਲੀਨ ਦੇਖਭਾਲ ਵਰਗੇ ਤੇਰ੍ਹਾਂ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ ਹੈ। ਮਿਸ਼ਨ-ਮੋਡ ਵਾਲੇ ਇਹ ਪ੍ਰੋਗਰਾਮ
ਅਜਿਹੀਆਂ ਵੱਖ-ਵੱਖ ਸੰਸਥਾਵਾਂ ਦੇ ਵਿਚਕਾਰ ਸਹਿਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ
ਵੱਡੇ ਨਿਵੇਸ਼ ਅਤੇ ਅਸਲ ਨਤੀਜਿਆਂ ’ਤੇ ਸਾਫ਼ ਫੋਕਸ ਦਾ ਸਮਰਥਨ ਹਾਸਲ ਹੈ।
ਤਕਨੀਕ ਵੀ ਪਰਿਵਰਤਨਕਾਰੀ ਭੂਮਿਕਾ ਨਿਭਾ ਰਹੀ ਹੈ। ਡਾਇਗਨੋਸਟਿਕਸ, ਨਿਗਰਾਨੀ ਅਤੇ ਪ੍ਰੋਗਰਾਮ ਨੂੰ ਲਾਗੂ
ਕਰਨ ਦੀ ਪ੍ਰਕਿਰਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸ਼ਾਮਲ ਕਰਨ ਨਾਲ ਸ਼ਹਿਰੀ ਅਤੇ ਪੇਂਡੂ ਸਿਹਤ ਸੇਵਾਵਾਂ
ਦੇ ਵਿਚਕਾਰ ਲੰਬੇ ਸਮੇਂ ਤੋਂ ਚਲੀ ਆ ਰਹੀ ਖਾਈ ਨੂੰ ਪੂਰਨ ਵਿੱਚ ਮਦਦ ਮਿਲ ਰਹੀ ਹੈ। ਜਿੱਥੇ ਤਪਦਿਕ (ਟੀਬੀ) ਅਤੇ
ਡਾਇਬੀਟਿਕ ਰੇਟਿਨੋਪੈਥੀ ਦੀ ਜਾਂਚ ਵਿੱਚ ਏਆਈ-ਅਧਾਰਿਤ ਉਪਕਰਨ ਪਹਿਲਾਂ ਹੀ ਮੋਹਰੀ ਕਤਾਰ ਦੇ ਸਿਹਤ
ਕਰਮਚਾਰੀਆਂ ਦੀ ਮਦਦ ਕਰ ਰਹੇ ਹਨ, ਉੱਥੇ ਹੀ ਏਆਈ-ਸੰਚਾਲਿਤ ਪੋਸ਼ਣ ਸੰਬੰਧੀ ਨਿਗਰਾਨੀ (ਨਿਊਟ੍ਰੀਸ਼ਨਲ
ਮਾਨੀਟਰਿੰਗ) ਵਰਗੇ ਰਚਨਾਤਮਕ ਕਦਮ ਵੱਡੇ ਪੱਧਰ ’ਤੇ ਪ੍ਰੋਗਰਾਮ ਦੇ ਲਾਗੂਕਰਨ ਨੂੰ ਬਿਹਤਰ ਬਣਾ ਰਹੇ ਹਨ। ਟੀਕੇ
(ਵੈਕਸੀਨ) ਪਹੁੰਚਾਉਣ ਤੋਂ ਸ਼ੁਰੂ ਹੋਈ ਅਤੇ ਹੁਣ ਕੌਰਨੀਆ ਵਰਗੀ ਜ਼ਰੂਰੀ ਮੈਡੀਕਲ ਸਪਲਾਈ ਨੂੰ ਯਕੀਨੀ ਬਣਾਉਣ
ਦੀ ਵਿਸਤਾਰਿਤ ਭੂਮਿਕਾ ਨਿਭਾਉਣ ਵਾਲੀ ‘ਆਈ-ਡ੍ਰੋਨ’ ਪਹਿਲਕਦਮੀ, ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਿਵੇਂ
ਆਧੁਨਿਕ ਤਕਨੀਕ ਭੂਗੋਲਿਕ ਰੁਕਾਵਟਾਂ ਨੂੰ ਪਾਰ ਕਰਕੇ ਭਾਈਚਾਰਿਆਂ ਤੱਕ ਸਿਹਤ ਸੇਵਾਵਾਂ ਪਹੁੰਚਾ ਸਕਦੀ ਹੈ।
ਵਿਗਿਆਨ ਦੇ ਮੋਰਚੇ ’ਤੇ, ਮੈਡੀਕਲ ਤਕਨੀਕ (ਮੈਡਟੈੱਕ) ਦੇ ਦਾਇਰੇ ਵਿੱਚ ਹੋ ਰਹੀ ਪ੍ਰਗਤੀ – ਜਿਸ ਵਿੱਚ ਮੈਡੀਕਲ
ਉਪਕਰਨਾਂ ਅਤੇ ਡਾਇਗਨੋਸਟਿਕਸ ਤੋਂ ਲੈ ਕੇ ਅਗਲੀ ਪੀੜ੍ਹੀ ਦੇ ਟੀਕੇ ਅਤੇ ਇਲਾਜ ਦੇ ਤਰੀਕੇ ਸ਼ਾਮਲ ਹਨ – ਮਰੀਜ਼ਾਂ
’ਤੇ ਕੇਂਦ੍ਰਿਤ ਅਤੇ ਵਧੇਰੇ ਸਹੀ ਇਲਾਜ ਨੂੰ ਸੰਭਵ ਬਣਾ ਰਹੀ ਹੈ। ਇਸ ਦੇ ਨਾਲ ਹੀ, ਨਵੇਂ ਅਤੇ ਤੱਥਾਂ ’ਤੇ ਅਧਾਰਿਤ
ਮਾਡਲਾਂ ਦੇ ਜ਼ਰੀਏ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਦੁਨੀਆ ਭਰ ਵਿੱਚ ਪਛਾਣ
ਮਿਲ ਰਹੀ ਹੈ। ਸਥਾਨਕ ਪੱਧਰ ’ਤੇ ਰਚਨਾਤਮਕਤਾ ਨੂੰ ਹੁਲਾਰਾ ਦੇਣ ਦੇ ਕਦਮਾਂ ਨਾਲ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤੀ
ਮਿਲ ਰਹੀ ਹੈ। 'ਫਰਸਟ ਇਨ ਦ ਵਰਲਡ ਚੈਲੇਂਜ' ਵਰਗੀਆਂ ਯੋਜਨਾਵਾਂ ਦੇ ਨਾਲ-ਨਾਲ 'ਮੈਡਟੈੱਕ-ਮਿਤ੍ਰ' ਅਤੇ
'ਮੈਡੀਕਲ ਇਨੋਵੇਸ਼ਨ-ਪੇਟੈਂਟ ਮਿਤ੍ਰ' ਵਰਗੇ ਪਲੈਟਫਾਰਮ, ਖੋਜ ਤੋਂ ਲੈ ਕੇ ਵਪਾਰੀਕਰਨ ਤੱਕ ਦੀ ਯਾਤਰਾ ਨੂੰ ਗਤੀ ਦੇ
ਰਹੇ ਹਨ। ਇਸ ਨਾਲ ਸਰਕਾਰੀ ਫੰਡਿੰਗ ਨਾਲ ਹੋਣ ਵਾਲੀ ਵਿਗਿਆਨਕ ਪ੍ਰਗਤੀ ਦਾ ਲੋਕਾਂ ਲਈ ਸਸਤੀ ਅਤੇ ਆਸਾਨੀ
ਨਾਲ ਉਪਲਬਧ ਹੋਣ ਵਾਲੀ ਤਕਨੀਕ ਵਿੱਚ ਬਦਲ ਜਾਣਾ ਯਕੀਨੀ ਹੋ ਰਿਹਾ ਹੈ।
ਹਾਲਾਂਕਿ, ਇਨ੍ਹਾਂ ਸੁਧਾਰਾਂ ਦੀ ਅਸਲੀ ਪਰਖ ਜਨ-ਸਿਹਤ ’ਤੇ ਇਨ੍ਹਾਂ ਦੇ ਪ੍ਰਭਾਵ ਤੋਂ ਹੁੰਦੀ ਹੈ। ‘ਇੰਡੀਆ ਹਾਈਪਰਟੈਨਸ਼ਨ
ਕੰਟਰੋਲ ਇਨੀਸ਼ੀਏਟਿਵ’ ਵਰਗੀਆਂ ਪਹਿਲਕਦਮੀਆਂ ਨੇ ਇਹ ਦਿਖਾਇਆ ਹੈ ਕਿ ਤੱਥਾਂ ’ਤੇ ਅਧਾਰਿਤ ਰਣਨੀਤੀਆਂ
ਕਿਵੇਂ ਵੱਡੇ ਪੱਧਰ ’ਤੇ ਪੁਰਾਣੀਆਂ ਬਿਮਾਰੀਆਂ ਦੇ ਪ੍ਰਬੰਧਨ ਵਿੱਚ ਬਦਲਾਅ ਲਿਆ ਸਕਦੀਆਂ ਹਨ। ਆਪਾਤਕਾਲੀਨ
ਦੇਖਭਾਲ ਦੇ ਖੇਤਰ ਵਿੱਚ ਮਿਸ਼ਨ-ਮੋਡ ਪ੍ਰੋਗਰਾਮ, ਜਿਨ੍ਹਾਂ ਵਿੱਚ ਮੋਬਾਈਲ ਸਟ੍ਰੋਕ ਯੂਨਿਟ ਅਤੇ ਤੇਜ਼ੀ ਨਾਲ ਕੰਮ ਕਰਨ
ਵਾਲੇ ਕਾਰਡੀਅਕ ਰਿਸਪਾਂਸ ਸਿਸਟਮ ਸ਼ਾਮਲ ਹਨ, ਜਾਨਲੇਵਾ ਸਥਿਤੀਆਂ ਵਿੱਚ ਇਲਾਜ ਦੇ ਨਤੀਜਿਆਂ ਨੂੰ ਨਵੇਂ ਸਿਰੇ
ਤੋਂ ਪਰਿਭਾਸ਼ਿਤ ਕਰ ਰਹੇ ਹਨ। ਡਾਇਗਨੋਸਟਿਕ ਨੈੱਟਵਰਕ ਦਾ ਵਿਸਤਾਰ ਅਤੇ ਸਵਦੇਸ਼ੀ ਤਕਨੀਕਾਂ, ਕੈਂਸਰ ਤੋਂ ਲੈ ਕੇ
ਛੂਤ ਦੀਆਂ ਬਿਮਾਰੀਆਂ ਦੇ ਪ੍ਰਕੋਪ ਤੱਕ ਦੀਆਂ ਵੱਖ-ਵੱਖ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਅਤੇ ਉਨ੍ਹਾਂ ਦੇ ਇਲਾਜ
ਦੀ ਪ੍ਰਕਿਰਿਆ ਨੂੰ ਬਿਹਤਰ ਬਣਾ ਰਹੀਆਂ ਹਨ। ਇਹ ਕੋਸ਼ਿਸ਼ਾਂ ‘ਰਾਸ਼ਟਰੀ ਸਿਹਤ ਨੀਤੀ 2017’ ਦੇ ਅਨੁਕੂਲ ਹਨ, ਜੋ
ਬਿਮਾਰੀ ਤੋਂ ਬਚਾਅ ਅਤੇ ਸਿਹਤ ਨੂੰ ਹੁਲਾਰਾ ਦੇਣ, ਸਭ ਦੇ ਲਈ ਸਿਹਤ ਸੇਵਾਵਾਂ ਨੂੰ ਆਸਾਨ ਬਣਾਉਣ ਅਤੇ ਚੰਗੀ
ਗੁਣਵੱਤਾ ਵਾਲੀ ਦੇਖਭਾਲ ’ਤੇ ਜ਼ੋਰ ਦਿੰਦੀਆਂ ਹਨ। ਇਹ ਸਮਾਨਤਾ ਦੇ ਪ੍ਰਤੀ ਇੱਕ ਵਿਆਪਕ ਵਚਨਬੱਧਤਾ ਨੂੰ ਵੀ
ਦਰਸਾਉਂਦੀਆਂ ਹਨ ਤਾਂ ਜੋ ਵਿਗਿਆਨਕ ਪ੍ਰਗਤੀ ਦਾ ਲਾਭ ਇਲਾਕੇ ਜਾਂ ਸਮਾਜਿਕ-ਆਰਥਿਕ ਸਥਿਤੀ ਦੇ ਬੰਧਨਾਂ ਤੋਂ
ਪਰੇ ਹਰ ਨਾਗਰਿਕ ਤੱਕ ਪਹੁੰਚੇ। ਭਵਿੱਖ ਵੱਲ ਦੇਖਦੇ ਹੋਏ, ਸਾਡਾ ਦ੍ਰਿਸ਼ਟੀਕੋਣ ਬਿਲਕੁਲ ਸਪਸ਼ਟ ਹੈ।
ਆਈਸੀਐੱਮਆਰ ਇੱਕ ਉਤਪ੍ਰੇਰਕ ਵਜੋਂ ਕੰਮ ਕਰਨਾ ਜਾਰੀ ਰੱਖੇਗਾ ਅਤੇ ਇੱਕ ਮਜ਼ਬੂਤ ਤੇ ਤੇਜ਼ੀ ਨਾਲ ਸਰਗਰਮ ਹੋਣ
ਵਾਲਾ ਸਿਹਤ ਈਕੋਸਿਸਟਮ ਬਣਾਉਣ ਲਈ ਖੋਜਕਰਤਾਵਾਂ, ਡਾਕਟਰਾਂ, ਨੀਤੀ-ਘੜ੍ਹਨ ਵਾਲਿਆਂ ਅਤੇ ਉਦਯੋਗ ਜਗਤ
ਨੂੰ ਇੱਕ ਮੰਚ ’ਤੇ ਲਿਆਏਗਾ। ਸਾਲ 2047 ਦਾ ਰੋਡਮੈਪ ਡਿਜੀਟਲ ਹੈਲਥ, ਬਾਇਓ-ਮੈਨੂਫੈਕਚਰਿੰਗ ਅਤੇ ਟਿਕਾਊ
ਵਿਕਾਸ ਦੇ ਖੇਤਰ ਵਿੱਚ ਹੋਈ ਪ੍ਰਗਤੀ ਨਾਲ ਤੈਅ ਹੋਵੇਗਾ, ਜਿਸ ਵਿੱਚ ਸਮਰੱਥਾ ਵਿਕਾਸ ਅਤੇ ਗਲੋਬਲ ਸਹਿਯੋਗ ’ਤੇ
ਖਾਸ ਜ਼ੋਰ ਦਿੱਤਾ ਜਾਵੇਗਾ।
ਇਹ ਸਮਝਣਾ ਮਹੱਤਵਪੂਰਨ ਹੈ ਕਿ ਸਿਹਤ ਖੋਜ ਕੋਈ ਇਕੱਲਾ ਯਤਨ ਨਹੀਂ ਹੈ, ਇਹ ਇੱਕ ਸਮੂਹਿਕ ਰਾਸ਼ਟਰੀ ਉੱਦਮ
ਹੈ। ਆਈਸੀਐੱਮਆਰ ਵਿੱਚ ਹੋ ਰਿਹਾ ਬਦਲਾਅ ਸਾਰੇ ਹਿੱਤਧਾਰਕਾਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ, ਮਿਲ ਕੇ ਹੱਲ
ਤਿਆਰ ਕਰਨ ਅਤੇ ਇਹ ਯਕੀਨੀ ਬਣਾਉਣ ਦਾ ਇੱਕ ਸੱਦਾ ਹੈ ਕਿ ਵਿਗਿਆਨ ਸਭ ਤੋਂ ਸਾਰਥਕ ਤਰੀਕੇ ਨਾਲ ਸਮਾਜ
ਦੀ ਸੇਵਾ ਕਰੇ। ਸਿਹਤ ਖੋਜ ਪ੍ਰਣਾਲੀ ਵਿੱਚ ਸੁਧਾਰ ਆਪਣੇ ਆਪ ਵਿੱਚ ਕੋਈ ਅੰਤਿਮ ਟੀਚਾ ਨਹੀਂ ਹੈ। ਇਹ ਉਹ ਨੀਂਹ ਹੈ
ਜਿਸ ’ਤੇ ਇੱਕ ਸਿਹਤਮੰਦ, ਵਧੇਰੇ ਨਿਆਪੂਰਨ ਅਤੇ ਵਧੇਰੇ ਮਜ਼ਬੂਤ ਭਾਰਤ ਦਾ ਨਿਰਮਾਣ ਹੋਵੇਗਾ – ਇੱਕ ਅਜਿਹਾ
ਭਾਰਤ ਜਿੱਥੇ ਹਰ ਖੋਜ ਦਾ ਲਾਭ ਲੋਕਾਂ ਤੱਕ ਪਹੁੰਚੇਗਾ ਅਤੇ ਹਰ ਨਵੇਂ ਕਦਮ ਦਾ ਪ੍ਰਭਾਵ ਅਸਲ ਵਿੱਚ ਦਿਖਾਈ ਦੇਵੇਗਾ।
(ਲੇਖਕ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਭਾਰਤੀ ਮੈਡੀਕਲ ਖੋਜ
ਕੌਂਸਲ (ਆਈਸੀਐੱਮਆਰ) ਦੇ ਡਾਇਰੈਕਟਰ ਜਨਰਲ ਹਨ)