September 2, 2026

Justice News

ਅਵਾਮ ਦੀ ਆਵਾਜ਼

ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ ਨੂੰ ਨਾਲ ਲੈ ਕੇ ਖੰਨਾ ਦੇ ਏ.ਐਸ ਮਾਡਰਨ ਸਕੂਲ ਵਿਖੇ ਗਿਣਤੀ ਕੇਂਦਰ ਪੁੱਜੇ, 200 ਮੀਟਰ ਏਰੀਆ ਰਹੇਗਾ ਨੋ ਵਹੀਕਲ ਜ਼ੋਨ

ਖੰਨਾ, ਲੁਧਿਆਣਾ,
:(ਜਸਟਿਸ ਨਿਊਜ਼)
ਨਗਰ ਕੌਂਸਲ ਚੋਣਾਂ ਦੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਖੰਨਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਬਣਾਏ ਗਏ ਗਿਣਤੀ ਕੇਂਦਰਾਂ ਖੰਨਾ, ਸਮਰਾਲਾ, ਦੋਰਾਹਾ ਦਾ ਦੌਰਾ ਕਰਕੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਖੰਨਾ ਦੇ ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਗੌਰਤਲਬ ਹੈ ਕਿ ਖੰਨਾ, ਪਾਇਲ, ਦੋਰਾਹਾ ਅਤੇ ਸਮਰਾਲਾ ਨਗਰ ਕੌਂਸਲ ਲਈ 26 ਮਈ ਨੂੰ ਵੋਟਿੰਗ ਹੋਈ ਸੀ, ਜਦਕਿ ਵੋਟਾਂ ਦੀ ਗਿਣਤੀ 29 ਮਈ ਨੂੰ ਖੰਨਾ, ਦੋਰਾਹਾ ਅਤੇ ਸਮਰਾਲਾ ਵਿੱਚ ਕਰਵਾਈ ਜਾ ਰਹੀ ਹੈ। ਖੰਨਾ ਦਾ ਗਿਣਤੀ ਕੇਂਦਰ ਏ.ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਇਆ ਗਿਆ ਹੈ, ਜਿੱਥੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਅਤੇ ਐਸ.ਡੀ.ਐਮ ਸਵਾਤੀ ਟਿਵਾਣਾ ਨੇ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਲਈ ਕਰੀਬ 410 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 2 ਐਸ.ਪੀ ਅਤੇ 9 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਡਿਊਟੀ ’ਤੇ ਲਗਾਇਆ ਗਿਆ ਹੈ। ਇਲਾਕਿਆਂ ਵਿੱਚ ਪੈਟਰੋਲਿੰਗ ਪਾਰਟੀਆਂ ਲਗਾਤਾਰ ਗਸ਼ਤ ਕਰਨਗੀਆਂ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਝਗੜਾਲੂ ਅਤੇ ਅਸਾਮਾਜਿਕ ਅਨਸਰਾਂ ਖਿਲਾਫ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਵੀ ਪੁਲਿਸ ਵੱਲੋਂ ਕੜੀ ਨਿਗਰਾਨੀ ਰੱਖੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਗਲਤ ਜਾਣਕਾਰੀ, ਅਫਵਾਹ ਜਾਂ ਭੜਕਾਊ ਸਮੱਗਰੀ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਬਾਹਰ 200 ਮੀਟਰ ਤੱਕ ਦਾ ਇਲਾਕਾ “ਨੋ ਵਹੀਕਲ ਜੋਨ” ਕਰਾਰ ਦਿੱਤਾ ਗਿਆ ਹੈ। ਸਿਰਫ ਪਛਾਣ ਪੱਤਰ ਦੇ ਆਧਾਰ ’ਤੇ ਹੀ ਅੰਦਰ ਦਾਖਲਾ ਦਿੱਤਾ ਜਾਵੇਗਾ। ਉਮੀਦਵਾਰਾਂ ਅਤੇ ਅਧਿਕਾਰਤ ਕਾਊਂਟਿੰਗ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ। ਗਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ।
ਉਨ੍ਹਾਂ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਾਰ-ਜਿੱਤ ਨਿਸ਼ਚਿਤ ਹੁੰਦੀ ਹੈ, ਇਸ ਲਈ ਸਾਰੇ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਬਚਣ। ਜੇਕਰ ਕਿਸੇ ਨੇ ਹਥਿਆਰਾਂ ਦੀ ਨੁਮਾਇਸ਼ ਕੀਤੀ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ ਨੇ ਦੱਸਿਆ ਕਿ ਖੰਨਾ ਵਿੱਚ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 14 ਟੇਬਲਾਂ ’ਤੇ ਗਿਣਤੀ ਹੋਵੇਗੀ, ਜਦਕਿ 2 ਟੇਬਲ ਰਿਜ਼ਰਵ ਰੱਖੇ ਗਏ ਹਨ। ਜੇਕਰ ਕੋਈ ਉਮੀਦਵਾਰ ਦੁਬਾਰਾ ਗਿਣਤੀ ਜਾਂ ਹੋਰ ਕੋਈ ਇਤਰਾਜ਼ ਦਾਇਰ ਕਰਦਾ ਹੈ ਤਾਂ ਰਿਜ਼ਰਵ ਟੇਬਲਾਂ ’ਤੇ ਇਸਨੂੰ ਦੂਰ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਗਿਣਤੀ ਕੇਂਦਰ ਦੇ ਅੰਦਰ ਮੋਬਾਈਲ ਫੋਨ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਮੀਡੀਆ ਲਈ ਵਿਸ਼ੇਸ਼ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ, ਜੋ ਹਰ ਰਾਊਂਡ ਦੀ ਅਧਿਕਾਰਤ ਜਾਣਕਾਰੀ ਮੀਡੀਆ ਨਾਲ ਸਾਂਝੀ ਕਰੇਗਾ। ਐਸ.ਡੀ.ਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਚੋਣ ਆਯੋਗ, ਲੁਧਿਆਣਾ ਪ੍ਰਸ਼ਾਸਨ ਜਾਂ ਅਧਿਕਾਰਤ ਮੀਡੀਆ ਅਦਾਰਿਆਂ ਵੱਲੋਂ ਜਾਰੀ ਕੀਤੀ ਜਾਣਕਾਰੀ ’ਤੇ ਹੀ ਭਰੋਸਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.