August 29, 2026

Justice News

ਅਵਾਮ ਦੀ ਆਵਾਜ਼

ਸੂਬੇ ਵਿੱਚ ਚਿੱਟੇ ਦੇ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਕਬਰਾਂ ਦੇ ਰਾਹ ਪਾਇਆ ਕੁੜੀਆਂ ਵੀ ਨਸ਼ੇ ਦੀ ਦਲਦਲ ਵਿੱਚ ਫਸਕੇ ਕਰ ਰਹੀਆਂ ਹਨ ਆਪਣੀ ਜਿੰਦਗੀ ਬਰਬਾਦ : ਬਲਜਿੰਦਰ ਸਿੰਘ ਖਾਲਸਾ

ਹੁਸ਼ਿਆਰਪੁਰ

( ਤਰਸੇਮ ਦੀਵਾਨਾ )

ਪੰਜਾਬ ਵਿੱਚ ਦਿਨ-ਬ-ਦਿਨ ਪੈਰ ਪਸਾਰ ਚੁੱਕੇ ਚਿੱਟੇ ਦੇ ਘਾਤਕ ਨਸ਼ੇ ਨੇ ਸੂਬੇ ਦੀ ਹੱਸਦੀ-ਖੇਡਦੀ ਨੌਜਵਾਨ ਪੀੜ੍ਹੀ ਨੂੰ ਕਬਰਾਂ ਦੇ ਰਸਤੇ ਪਾ ਦਿੱਤਾ ਹੈ। ਇਸ ਨਸ਼ੇ ਦੀ ਲਾਮਿਸਾਲ ਮਾਰ ਨੇ ਅਣਗਿਣਤ ਹੱਸਦੇ-ਵੱਸਦੇ ਘਰ ਉਜਾੜ ਕੇ ਖਾਲੀ ਕਰ ਦਿੱਤੇ ਹਨ। ਇਨ੍ਹਾਂ ਗੰਭੀਰ ਹਾਲਾਤਾਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਯੂਰ ਜੀਵਨ ਆਯੂਰਵੈਦਿਕ  ਰਿਸਰਚ ਸੈਂਟਰ ਦੇ ਐਮ ਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਦੂਜਾ ਘਰ ਇਸ ਨਾਮੁਰਾਦ ਨਸ਼ੇ ਦੀ ਅੱਗ ਵਿੱਚ ਸੜ ਰਿਹਾ ਹੈ। ਸਭ ਤੋਂ ਵੱਧ ਦੁਖਦਾਈ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਹੁਣ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਸਾਡੀਆਂ ਧੀਆਂ-ਭੈਣਾਂ (ਨੌਜਵਾਨ ਕੁੜੀਆਂ) ਵੀ ਇਸ ਚਿੱਟੇ ਦੇ ਨਸ਼ੇ ਦੀ ਭਿਆਨਕ ਦਲਦਲ ਵਿੱਚ ਬੁਰੀ ਤਰ੍ਹਾਂ ਲਿਪਤ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਚੁੱਕਾ ‘ਚਿੱਟੇ’ (ਸਿੰਥੈਟਿਕ ਨਸ਼ੇ ) ਦਾ ਕੋਹੜ ਦਿਨ-ਬ-ਦਿਨ ਹੋਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਪਿੰਡਾਂ ਤੇ ਸਹਿਰਾ ਤੋਂ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੇ ਹਰ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਈ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਵੀਰ ਇਸ ਘਾਤਕ ਨਸ਼ੇ ਦੀ ਭੇਟ ਚੜ੍ਹ ਰਹੇ ਹਨ, ਜਿਸ ਕਾਰਨ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਤਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ਦੇ ਗੱਭਰੂ ਅਤੇ ਮੁਟਿਆਰਾਂ ਆਪਣੀ ਅਣਖ ਅਤੇ ਸਿਹਤ ਲਈ ਜਾਣੇ ਜਾਂਦੇ ਸਨ, ਅੱਜ ਉਹ ਨਸ਼ੇ ਦੀ ਓਵਰਡੋਜ਼ ਕਾਰਨ ਸਿਵਿਆਂ ਦੇ ਰਾਹ ਪੈ ਰਹੇ ਹਨ। ਉਹਨਾ ਕਿਹਾ ਕਿ “ਚਿੱਟੇ ਦੇ ਇਸ ਛੇਵੇਂ ਦਰਿਆ ਨੇ ਪੰਜਾਬ ਦੇ ਮਾਵਾਂ ਦੇ ਪੁੱਤ ਅਤੇ ਧੀਆਂ ਖੋਹ ਕੇ ਕਈ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੱਤੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਕਥਿਤ ਨਾਕਾਮੀ ਕਾਰਨ ਅੱਜ ਨਸ਼ਾ ਘਰ-ਘਰ ਤੱਕ ਪਹੁੰਚ ਚੁੱਕਾ ਹੈ, ਜਿਸ ਨੂੰ ਰੋਕਣ ਲਈ ਸਖ਼ਤ ਅਤੇ ਇਮਾਨਦਾਰ ਕਦਮ ਚੁੱਕਣ ਦੀ ਤੁਰੰਤ ਲੋੜ ਹੈ।” ਉਹਨਾਂ  ਪੰਜਾਬ ਦੇ ਸਮੂਹ ਮਾਪਿਆਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਵਾਨੀ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਖੁਦ ਅੱਗੇ ਆਉਣ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਤੁਰੰਤ ਕੋਈ ਸਖ਼ਤ ਅਤੇ ਜ਼ਮੀਨੀ ਪੱਧਰ ‘ਤੇ ਕਾਰਵਾਈ ਨਾ ਕੀਤੀ ਗਈ, ਤਾਂ ਪੰਜਾਬ ਦੀ ਤਬਾਹੀ ਦੇ ਮੰਜ਼ਰ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.