October 21, 2026

Justice News

ਅਵਾਮ ਦੀ ਆਵਾਜ਼

ਸੜਕ ਪਾਰ ਕਰਦੇ ਸਮੇਂ ਮੋਬਾਈਲ ਤੋਂ ਦੂਰੀ—ਜਾਨ ਦੀ ਸੁਰੱਖਿਆ ਲਈ ਲਾਜ਼ਮੀ

 

ਅੱਜ ਦੇ ਆਧੁਨਿਕ ਯੁੱਗ ਵਿੱਚ ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਪਰ ਜਿੱਥੇ ਇਹ ਸਹੂਲਤਾਂ ਦਿੰਦਾ ਹੈ, ਉੱਥੇ ਬੇਧਿਆਨੀ ਵਰਤੋਂ ਕਾਰਨ ਇਹ ਖ਼ਤਰਾ ਵੀ ਬਣ ਜਾਂਦਾ ਹੈ, ਖ਼ਾਸ ਕਰਕੇ ਸੜਕ ਪਾਰ ਕਰਦੇ ਸਮੇਂ। ਅਸੀਂ ਸਭ ਜਾਣਦੇ ਹਾਂ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਬਹੁਤ ਸਾਰੇ ਲੋਕ ਇਹ ਨਿਯਮ ਮੰਨਦੇ ਵੀ ਹਨ। ਪਰ ਮੌਜੂਦਾ ਸਮੇਂ ਦੀ ਇੱਕ ਬਹੁਤ ਅਹਿਮ ਗੱਲ, ਜੋ ਅਕਸਰ ਨਜ਼ਰਅੰਦਾਜ਼ ਹੋ ਜਾਂਦੀ ਹੈ, ਉਹ ਹੈ ਸੜਕ ਪਾਰ ਕਰਦੇ ਹੋਏ ਮੋਬਾਈਲ ਅਤੇ ਹੈਡਫੋਨ ਦੀ ਵਰਤੋਂ।
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਫ਼ੋਨ ਵਿੱਚ ਗੱਲਾਂ ਕਰਦੇ, ਮੈਸੇਜ ਪੜ੍ਹਦੇ ਜਾਂ ਮਿਊਜ਼ਿਕ ਸੁਣਦੇ ਹੋਏ ਬਿਨਾਂ ਆਲੇ-ਦੁਆਲੇ ਦੇ ਟਰੈਫਿਕ ਵੱਲ ਧਿਆਨ ਦਿੱਤੇ ਸੜਕ ਪਾਰ ਕਰ ਲੈਂਦੇ ਹਨ। ਇਹ ਲਾਪਰਵਾਹੀ ਖ਼ਾਸ ਕਰਕੇ ਹਾਈਵੇਆਂ ਤੇ ਬਹੁਤ ਜਾਨਲੇਵਾ ਸਾਬਿਤ ਹੋ ਸਕਦੀ ਹੈ। ਜਦੋਂ ਧਿਆਨ ਫ਼ੋਨ ‘ਚ ਹੁੰਦਾ ਹੈ ਤਾਂ ਅਸੀਂ ਨਾ ਤਾਂ ਆ ਰਹੀਆਂ ਗੱਡੀਆਂ ਦੀ ਆਵਾਜ਼ ਸੁਣ ਪਾਂਦੇ ਹਾਂ ਅਤੇ ਨਾ ਹੀ ਉਨ੍ਹਾਂ ਦੀ ਰਫ਼ਤਾਰ ਦਾ ਅੰਦਾਜ਼ਾ ਲਗਾ ਸਕਦੇ ਹਾਂ।
ਇਸ ਤਰ੍ਹਾਂ ਦੀ ਬੇਧਿਆਨੀ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਸਿਰਫ਼ ਪੈਦਲ ਯਾਤਰੀ ਲਈ ਹੀ ਨਹੀਂ, ਸਗੋਂ ਵਾਹਨ ਚਾਲਕਾਂ ਅਤੇ ਹੋਰ ਲੋਕਾਂ ਲਈ ਵੀ ਵੱਡਾ ਖ਼ਤਰਾ ਬਣ ਜਾਂਦੀਆਂ ਹਨ। ਇੱਕ ਛੋਟੀ ਜਿਹੀ ਗਲਤੀ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਸਕਦੀ ਹੈ।
ਇਸ ਲਈ ਲੋੜ ਹੈ ਕਿ ਜਦੋਂ ਵੀ ਸੜਕ ਪਾਰ ਕਰਨੀ ਹੋਵੇ, ਸਭ ਤੋਂ ਪਹਿਲਾਂ ਮੋਬਾਈਲ ਨੂੰ ਜੇਬ ਵਿੱਚ ਰੱਖਿਆ ਜਾਵੇ ਅਤੇ ਹੈਡਫੋਨ ਜਾਂ ਈਅਰਬਡਜ਼ ਬੰਦ ਕਰ ਦਿੱਤੇ ਜਾਣ। ਦੋਵਾਂ ਪਾਸਿਆਂ ਵੱਲ ਧਿਆਨ ਨਾਲ ਦੇਖ ਕੇ, ਜ਼ੈਬਰਾ ਕ੍ਰੋਸਿੰਗ ਜਾਂ ਨਿਰਧਾਰਤ ਥਾਂ ਤੋਂ ਹੀ ਸੜਕ ਪਾਰ ਕੀਤੀ ਜਾਵੇ। ਇਹ ਛੋਟੀਆਂ ਪਰ ਅਹਿਮ ਸਾਵਧਾਨੀਆਂ ਸਾਨੂੰ ਅਤੇ ਹੋਰਨਾਂ ਨੂੰ ਸੁਰੱਖਿਅਤ ਰੱਖ ਸਕਦੀਆਂ ਹਨ।
ਸੜਕ ਸੁਰੱਖਿਆ ਸਿਰਫ਼ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ। ਜੇ ਅਸੀਂ ਥੋੜ੍ਹੀ ਜਿਹੀ ਸਾਵਧਾਨੀ ਅਪਣਾਈਏ, ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਓ, ਸਾਰੇ ਮਿਲ ਕੇ ਇਹ ਸੰਕਲਪ ਲਈਏ ਕਿ ਸੜਕ ਪਾਰ ਕਰਦੇ ਸਮੇਂ ਫ਼ੋਨ ਤੋਂ ਦੂਰੀ ਬਣਾਈ ਰੱਖਾਂਗੇ ਅਤੇ ਸੁਰੱਖਿਆ ਨੂੰ ਪਹਿਲ ਦੇਵਾਂਗੇ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਮੋਬਾ 8427791277

Leave a Reply

Your email address will not be published. Required fields are marked *

Copyright © All rights reserved. | Newsphere by AF themes.