ਖੰਨਾ, /ਲੁਧਿਆਣਾ/
:(ਜਸਟਿਸ ਨਿਊਜ਼)
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੋਮਵਾਰ ਨੂੰ ਹਲਕਾ ਖੰਨਾ ਦੇ ਪਿੰਡ ਤੁਰਮਰੀ ਵਿੱਚ 13.30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਮਾਡਲ ਪਲੇਅ ਗਰਾਊਂਡ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜੋ ਸਥਾਨਕ ਨਿਵਾਸੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਾ ਹੈ। ਇਹ ਅਤਿ ਆਧੁਨਿਕ ਸਹੂਲਤ ਪੇਂਡੂ ਖੇਤਰਾਂ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ਦਾ ਹਿੱਸਾ ਹੈ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਵੱਲੋਂ ਇਤਿਹਾਸਕ ਪਹਿਲਕਦਮੀ ਤਹਿਤ 1,250 ਕਰੋੜ ਰੁਪਏ ਦੀ ਲਾਗਤ ਨਾਲ 3,100 ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 250 ਅੱਜ ਲੋਕ ਅਰਪਣ ਕੀਤੇ ਗਏ ਹਨ। ਜੁਲਾਈ 2026 ਤੱਕ ਸਾਰੇ ਆਧੁਨਿਕ ਖੇਡ ਮੈਦਾਨ ਮੁਕੰਮਲ ਹੋਣਗੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੇ ਲਈ ਨਵੀਂ ਦਿਸ਼ਾ ਦੇਣਗੇ। ਪੰਜਾਬ ਵਿੱਚ 3,100 ਤੋਂ ਵੱਧ ਮਾਡਲ ਪਲੇਅ ਗਰਾਊਂਡ ਵਿਕਸਤ ਕਰਨ ਦੇ ਪ੍ਰੋਜੈਕਟ ਨੂੰ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੁਆਰਾ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਅਤੇ ਉਨ੍ਹਾਂ ਨੂੰ ਵਿਕਾਸ ਦੇ ਅਰਥਪੂਰਨ ਮੌਕੇ ਪ੍ਰਦਾਨ ਕਰਨ ਲਈ ਇੱਕ ਦੂਰਦਰਸ਼ੀ ਕਦਮ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਤੁਰਮਰੀ ਦਾ ਪਲੇਅ ਗਰਾਊਂਡ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਵਿੱਚ ਵਾਲੀਬਾਲ ਅਤੇ ਮੁੱਕੇਬਾਜ਼ੀ ਦੀਆਂ ਸਹੂਲਤਾਂ, ਇੱਕ ਵਾਕਿੰਗ ਟ੍ਰੈਕ, ਬੱਚਿਆਂ ਲਈ ਝੂਲੇ ਅਤੇ ਸਟਰੀਟ ਲਾਈਟਾਂ ਆਦਿ ਸ਼ਾਮਲ ਹੈ, ਜੋ ਹਰ ਉਮਰ ਵਰਗ ਲਈ ਇੱਕ ਵਿਆਪਕ ਮਨੋਰੰਜਨ ਸਥਾਨ ਬਣਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਹਰ ਪਿੰਡ ਨੂੰ ਅਜਿਹੇ ਚੰਗੀ ਤਰ੍ਹਾਂ ਵਿਕਸਤ ਖੇਡ ਮੈਦਾਨਾਂ ਤੱਕ ਪਹੁੰਚ ਹੋਵੇ, ਜੋ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਗੇ ਸਗੋਂ ਭਾਈਚਾਰਕ ਸ਼ਮੂਲੀਅਤ ਨੂੰ ਵੀ ਮਜ਼ਬੂਤ ਕਰਨਗੇ।
ਨਸ਼ਿਆਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਸੌਂਦ ਨੇ ਕਿਹਾ ਕਿ ਖੇਡਾਂ ਦਾ ਬੁਨਿਆਦੀ ਢਾਂਚਾ ਬਣਾ ਕੇ ਨੌਜਵਾਨਾਂ ਨੂੰ ਉਸਾਰੂ ਅਤੇ ਸਿਹਤਮੰਦ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਮੁੱਖ ਰਣਨੀਤੀ ਹੈ। ਉਨ੍ਹਾਂ ਇਸ ਪਹਿਲਕਦਮੀ ਨੂੰ ‘ਆਪ’ ਸਰਕਾਰ ਦਾ “ਸੁਪਨਾ ਪ੍ਰੋਜੈਕਟ” ਕਰਾਰ ਦਿੱਤਾ ਅਤੇ ਕਿਹਾ ਕਿ ਪਿੰਡ ਤੁਰਮੁਰੀ ਵਿੱਚ ਮਾਡਲ ਪਲੇਅ ਗਰਾਊਂਡ ਦਾ ਉਦਘਾਟਨ ਕਰਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ।
ਸੌਂਦ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਵਿੱਚ ਖੇਡ ਕ੍ਰਾਂਤੀ ਦੀ ਨੀਂਹ ਰੱਖੇਗੀ। ਉਨ੍ਹਾਂ ਅੱਗੇ ਕਿਹਾ, “ਸਾਡਾ ਉਦੇਸ਼ ਸਿਰਫ਼ ਖੇਡ ਮੈਦਾਨ ਸਥਾਪਤ ਕਰਨਾ ਨਹੀਂ ਹੈ, ਸਗੋਂ ਇੱਕ ਸਿਹਤਮੰਦ, ਮਜ਼ਬੂਤ ਅਤੇ ਵਧੇਰੇ ਆਤਮ ਵਿਸ਼ਵਾਸੀ ਪੰਜਾਬ ਬਣਾਉਣਾ ਹੈ। ਇਹ ਖੇਡ ਮੈਦਾਨ ਭਵਿੱਖ ਦੇ ਖਿਡਾਰੀਆਂ ਅਤੇ ਜ਼ਿੰਮੇਵਾਰ ਨਾਗਰਿਕਾਂ ਦਾ ਪਾਲਣ-ਪੋਸ਼ਣ ਕਰਨਗੇ।” ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੇਂਡੂ ਭਾਈਚਾਰਿਆਂ ਲਈ ਲੰਬੇ ਸਮੇਂ ਦੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸਹੂਲਤਾਂ ਦੀ ਗੁਣਵੱਤਾ ਅਤੇ ਰੱਖ-ਰਖਾਅ ਦੀ ਨਿਗਰਾਨੀ ਕਰਦੀ ਰਹੇਗੀ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰੰਗਲਾ ਪੰਜਾਬ ਫੇਜ-2 ਦੇ ਤਹਿਤ ਪਿੰਡ ਤੁਰਮਰੀ ਦੇ ਸ਼ਮਸ਼ਾਨ ਘਾਟ ਦੀ ਰਿਪੇਅਰ ਲਈ 3 ਲੱਖ ਰੁਪਏ ਦੀ ਗਰਾਂਟ ਪਿੰਡ ਤੁਰਮਰੀ ਦੀ ਪੰਚਾਇਤ ਨੂੰ ਦਿੱਤੀ ਗਈ। ਇਸ ਮੌਕੇ ਮੰਤਰੀ ਸੌਂਦ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਖੇਡ ਗਰਾਊਡ ਵਿੱਚ ਬੂਟਾ ਵੀ ਲਗਾਇਆ।
ਇਸ ਮੌਕੇ ‘ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਨਾਲ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵੱਧਦਾ ਹੈ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਤੁਰਮਰੀ ਦੇ ਕਾਰਗਲ ਸ਼ਹੀਦ ਹਰਜਿੰਦਰ ਸਿੰਘ ਰਾਜੀ ਨੂੰ ਉਹਨਾਂ ਦੀ ਸਮਾਰਕ ‘ਤੇ ਜਾ ਕੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਚੇਅਰਮੈਨ ਬਲਾਕ ਸੰਮਤੀ ਖੰਨਾ ਲਖਵੀਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਪ੍ਰਧਾਨ ਯੂਥ ਵਿੰਗ ਐਡਵੋਕੇਟ ਅਮਨਿੰਦਰ ਸਿੰਘ, ਤੁਰਮਰੀ ਦੇ ਸਰਪੰਚ ਪਰਮਜੀਤ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖੰਨਾ ਸਤਵਿੰਦਰ ਸਿੰਘ ਕੰਗ, ਐਕਸੀਅਨ ਪੰਚਾਇਤੀ ਰਾਜ ਅਰਪਿਤ ਸ਼ਰਮਾ, ਐਸ.ਡੀ.ਓ ਪੰਚਾਇਤੀ ਰਾਜ ਕੁਲਵਿੰਦਰ ਸਿੰਘ, ਸਵਰਨਜੀਤ ਸਿੰਘ ਪੰਚਾਇਤ ਸਕੱਤਰ, ਪ੍ਰਧਾਨ ਯੂਥ ਵਿੰਗ ਐਡਵੋਕੇਟ ਅਮਨਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ, ਪਿੰਡ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
Leave a Reply