August 17, 2026

Justice News

ਅਵਾਮ ਦੀ ਆਵਾਜ਼

ਸਰਦਾਰ ਹਰੀ ਸਿੰਘ ਨਲੂਆ ’ਤੇ ਫ਼ਿਲਮ ਰੋਕਣ ਦੇ ਫ਼ੈਸਲੇ ’ਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਦੇ ਤਿੱਖੇ ਸਵਾਲ-ਜਥੇਦਾਰ ਗੜਗੱਜ ਆਪਣੇ ਫ਼ੈਸਲੇ ਦੀ ਸਿਧਾਂਤਕ ਸਪਸ਼ਟਤਾ ਸੰਗਤ ਸਾਹਮਣੇ ਰੱਖਣ: ਪ੍ਰੋ. ਖਿਆਲਾ

” ਨਲੂਆ ’ਤੇ ਰੋਕ, ਪਰ ‘ਪੰਜਾਬ 95’ ਦੀ ਵਕਾਲਤ—ਕੀ ਖਾਲੜਾ ਸਿੱਖ ਯੋਧਾ ਨਹੀਂ?: ਖਿਆਲਾ”

ਅੰਮ੍ਰਿਤਸਰ,

(  ਜਸਟਿਸ ਨਿਊਜ਼ )

ਸਿੱਖ ਚਿੰਤਕ ਅਤੇ ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਜੀਵਨੀ ’ਤੇ ਫ਼ਿਲਮ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਫ਼ੈਸਲੇ ’ਤੇ ਹੈਰਾਨੀ ਜਤਾਉਂਦਿਆਂ ਕਿਹਾ ਹੈ ਕਿ ਇਸ ਦੇ ਪਿੱਛੇ ਸਿਧਾਂਤਕ ਸਪਸ਼ਟਤਾ ਸੰਗਤ ਦੇ ਸਾਹਮਣੇ ਰੱਖੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਧਾਰਮਿਕ ਮਰਯਾਦਾ ਦੀ ਰੱਖਿਆ ਮੁੱਖ ਉਦੇਸ਼ ਹੈ, ਤਾਂ ਫ਼ਿਲਮਾਂ ਲਈ ਸਪਸ਼ਟ ਮਾਪਦੰਡ ਤੈਅ ਕਰਕੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਸਨ, ਨਾ ਕਿ ਸਾਰਿਆਂ ਉੱਤੇ ਇਕਸਾਰ ਰੋਕ ਲਗਾ ਕੇ ਸੰਦੇਹ ਪੈਦਾ ਕੀਤਾ ਜਾਵੇ।

ਪ੍ਰੋ. ਖਿਆਲਾ ਨੇ ਗਿਆਨੀ ਗੜਗੱਜ ਦੇ ਫ਼ੈਸਲੇ ਵਿੱਚ ਦੋਹਰੇ ਮਾਪਦੰਡਾਂ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਸਿੱਖ ਯੋਧਿਆਂ ਉੱਤੇ ਫ਼ਿਲਮਾਂ ਬਣਾਉਣ ਦੀ ਮਨਾਹੀ ਹੈ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਤਿਆਰ ਕੀਤੀਆਂ ਜਾਂ ਖ਼ਰੀਦੀਆਂ ਗਈਆਂ ਫ਼ਿਲਮਾਂ—ਜਿਵੇਂ ਚਾਰ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ, ਸੁਖਾ ਸਿੰਘ-ਮਹਿਤਾਬ ਸਿੰਘ, ਬੋਤਾ ਸਿੰਘ-ਗਰਜਾ ਸਿੰਘ—ਅਤੇ ਦਮਦਮਾ ਸਾਹਿਬ ਵਿਖੇ ਮੌਜੂਦ  ਸ. ਨਲੂਆ ਦੇ ਅਧਾਰਿਤ ਨਾਟਕ ਮੰਡਲੀਆਂ ਬਾਰੇ ਕੀ ਰਵੱਈਆ ਹੋਵੇਗਾ? ਕੀ ਇਹਨਾਂ ਨੂੰ ਵੀ ਉਸੇ ਕਸੌਟੀ ’ਤੇ ਪਰਖਿਆ ਜਾਵੇਗਾ? ਇਸ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ’ਚ ਕਦੋਂ ਖੜ੍ਹਾ ਕਰੇਗਾ?
ਉਨ੍ਹਾਂ ਇਤਿਹਾਸਕ ਸੰਦਰਭ ਦਿੰਦਿਆਂ ਕਿਹਾ ਕਿ ਬੇਸ਼ੱਕ ਗੁਰੂ ਸਾਹਿਬਾਨ ਨੇ ਸਾਨੂੰ “ਸਾਖੀ ਪਰੰਪਰਾ” ਨਾਲ ਜੋੜਿਆ ਹੈ, ਨਾ ਕਿ “ਝਾਕੀ” ਨਾਲ। ਗੁਰਮਤ ਅਨੁਸਾਰ ਸਵਾਂਗ ਦੀ ਮਨਾਹੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20 ਫਰਵਰੀ 1934 ਨੂੰ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੇ ਮਾਨਵੀ ਚਿਤਰਨ ਨੂੰ ਅਸੂਲਾਂ ਦੇ ਖ਼ਿਲਾਫ਼ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 7 ਅਗਸਤ 1940 ਦੇ ਮਤੇ ਅਤੇ 10 ਜੁਲਾਈ 2003 ਦੀ ਪੁਸ਼ਟੀ ਅਤੇ ਫਿਰ 13 ਦਸੰਬਰ 2022 ਨੂੰ ਵੀ ਧਰਮ ਪ੍ਰਚਾਰ ਕਮੇਟੀ ਦੁਆਰਾ ਵੀ ਇਹ ਮਨਾਹੀ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਪੰਜ ਪਿਆਰਿਆਂ ਤੱਕ ਸੀਮਿਤ ਰਹੀ ਹੈ। ਜਿਸ ’ਚ ਗਿਆਨੀ ਗੜਗੱਜ ਦੁਆਰਾ 2025 ’ਚ ਸਿੱਖ ਯੋਧਿਆਂ ਨੂੰ ਵੀ ਜੋੜ ਦਿਤਾ ਗਿਆ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 2025 ਤੋਂ ਪਹਿਲਾਂ ਕਿਸੇ ਵੀ ਫ਼ੈਸਲੇ ਵਿੱਚ “ਸਿੱਖ ਯੋਧਿਆਂ” ਨੂੰ ਇਸ ਮਨਾਹੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਦਕਿ ਹੁਣ ਇਸ ਦੀ ਵਿਸਥਾਰਿਤ ਵਿਆਖਿਆ ਕਰਕੇ ਯੋਧਿਆਂ ਨੂੰ ਵੀ ਇਸ ਵਿੱਚ ਜੋੜ ਦਿੱਤਾ ਗਿਆ ਹੈ, ਜੋ ਸਿਧਾਂਤਕ ਤੌਰ ’ਤੇ ਗੁੰਝਲਦਾਰ ਅਤੇ ਸੰਦੇਹਪੂਰਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਗਿਆਨੀ ਗੜਗੱਜ ਵੱਲੋਂ ਭਾਨੂਸ਼ਾਲੀ ਸਟੂਡੀਓ ਨੂੰ ਦਿੱਤੇ ਗਏ ਜਵਾਬ ਵਿੱਚ ਸਰਦਾਰ ਨਲੂਆ ਨੂੰ “ਪੁਰਾਤਨ ਸਿੱਖ ਯੋਧਾ” ਦੱਸ ਕੇ ਰੋਕ ਦਾ ਜਸਟਿਫਿਕੇਸ਼ਨ ਦੇਣਾ ਆਪਣੇ ਹੀ ਫ਼ੈਸਲੇ ਦੀ ਗਲਤ ਵਿਆਖਿਆ ਹੈ, ਕਿਉਂਕਿ 28 ਦਸੰਬਰ 2025 ਦੇ ਹੁਕਮਨਾਮੇ ਵਿੱਚ ਸਿੱਖ ਯੋਧਿਆਂ ਦੀ ਕੋਈ ਵੱਖਰੀ ਵਰਗੀਕਰਨ ਨਹੀਂ ਕੀਤੀ ਗਈ।ਉਨ੍ਹਾਂ ਇਸ ਮਾਮਲੇ ਵਿੱਚ ਹੋਰ ਤਿੱਖਾ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਸਿੱਖ ਯੋਧਿਆਂ ’ਤੇ ਫ਼ਿਲਮ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਫਿਰ ਦਲਜੀਤ ਸਿੰਘ ਦੁਸਾਂਝ ਵੱਲੋਂ ਸ੍ਰੀ ਜਸਵੰਤ ਸਿੰਘ ਖਾਲੜਾ ’ਤੇ ਬਣਾਈ ਗਈ ਫ਼ਿਲਮ ‘ਪੰਜਾਬ 95’ ਦੀ ਵਕਾਲਤ ਕਿਵੇਂ ਕੀਤੀ ਜਾ ਸਕਦੀ ਹੈ? ਕੀ ਗਿਆਨੀ ਗੜਗੱਜ ਦੇ ਨਜ਼ਰੀਏ ਅਨੁਸਾਰ ਸ੍ਰੀ ਖਾਲੜਾ ਸਿੱਖ ਯੋਧਾ ਨਹੀਂ ਮੰਨੇ ਜਾਂਦੇ?ਉਨ੍ਹਾਂ 22 ਮਈ 2018 ਨੂੰ ਬਣਾਏ ਗਏ “21 ਮੈਂਬਰੀ ਸਿੱਖ ਸੈਂਸਰ ਬੋਰਡ” ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਫ਼ਿਲਮਾਂ ’ਤੇ ਪੂਰੀ ਪਾਬੰਦੀ ਹੀ ਲਗਾਉਣੀ ਸੀ, ਤਾਂ ਅਕਾਲ ਤਖ਼ਤ ਸਾਹਿਬ ਤੋਂ ਇਸ ਬੋਰਡ ਦੀ ਸਥਾਪਨਾ ਦਾ ਮਕਸਦ ਕੀ ਸੀ? ਇਸ ਨਾਲ ਸਪਸ਼ਟ ਹੁੰਦਾ ਹੈ ਕਿ ਪਹਿਲਾਂ ਨਿਯਮਿਤ ਕਰਨ ਦੀ ਸੋਚ ਸੀ, ਨਾ ਕਿ ਪੂਰੀ ਮਨਾਹੀ।

ਪ੍ਰੋ. ਖਿਆਲਾ ਨੇ ਅਜੋਕੇ ਸਮੇਂ ਵਿੱਚ ਇਤਿਹਾਸਕ ਫ਼ਿਲਮਾਂ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਇਹ ਕੇਵਲ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਕੌਮੀ ਚੇਤਨਾ ਨੂੰ ਜਾਗਰੂਕ ਕਰਨ, ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮੂਲ ਅਤੇ ਮੁੱਲਾਂ ਨਾਲ ਜੋੜਨ ਦਾ ਬਹੁਤ ਪ੍ਰਭਾਵਸ਼ਾਲੀ ਮਾਧਿਅਮ ਹਨ। ਡਿਜ਼ੀਟਲ ਯੁੱਗ ਵਿੱਚ, ਜਿੱਥੇ ਕਿਤਾਬਾਂ ਨਾਲ ਦੂਰੀ ਵਧਦੀ ਜਾ ਰਹੀ ਹੈ, ਉੱਥੇ ਫ਼ਿਲਮਾਂ ਇਤਿਹਾਸ ਨੂੰ ਸਿਰਫ਼ ਪੜ੍ਹਨ ਯੋਗ ਨਹੀਂ, ਸਗੋਂ ਮਹਿਸੂਸ ਕਰਨ ਯੋਗ ਜੀਵੰਤ ਅਨੁਭਵ ਵਿੱਚ ਤਬਦੀਲ ਕਰਦੀਆਂ ਹਨ। ਇਹ ਭਾਸ਼ਾ, ਰਿਵਾਜ਼ਾਂ, ਪਹਿਰਾਵੇ ਅਤੇ ਜੀਵਨ-ਮੁੱਲਾਂ ਨੂੰ ਦ੍ਰਿਸ਼ਮਾਨ ਰੂਪ ਵਿੱਚ ਪੇਸ਼ ਕਰਕੇ ਅਗਲੀ ਪੀੜ੍ਹੀ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਉਂਦੀਆਂ ਹਨ। ਖ਼ਾਸ ਕਰਕੇ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਸੰਦਰਭ ਵਿੱਚ, ਇਹ ਫ਼ਿਲਮਾਂ ਸਿੱਖੀ ਦੇ ਮੂਲ ਸਿਧਾਂਤਾਂ, ਮਹਾਨ ਕੁਰਬਾਨੀਆਂ ਅਤੇ ਇਤਿਹਾਸਕ ਗੌਰਵ ਨੂੰ ਸਮਝਾਉਣ ਦਾ ਇੱਕ ਜੀਵੰਤ ਅਤੇ ਪ੍ਰਭਾਵਸ਼ਾਲੀ ਜਰੀਆ ਬਣ ਸਕਦੀਆਂ ਹਨ।
ਇਤਿਹਾਸਕ ਵਿਸ਼ਿਆਂ ’ਤੇ ਬਣਦੀਆਂ ਫ਼ਿਲਮਾਂ ਦੀ ਵਕਾਲਤ ਕਰਦਿਆਂ ਪ੍ਰੋ. ਖਿਆਲਾ ਨੇ ਕਿਹਾ ਕਿ 18ਵੀਂ ਸਦੀ ਦੇ ਸਿੱਖ ਇਤਿਹਾਸ ਅਤੇ ਸਿੱਖ ਯੋਧਿਆਂ ਦੀ ਬਹਾਦਰੀ ਦੇ ਆਲੇ-ਦੁਆਲੇ ਘੁੰਮਦੀ ਪੰਜਾਬੀ ਫ਼ਿਲਮ ‘ਮਸਤਾਨੇ’ ਅਤੇ ਸਾਰਾਗੜ੍ਹੀ ਦੇ ਇਤਿਹਾਸ ’ਤੇ ਬਣੀਆਂ ਫ਼ਿਲਮਾਂ ਨੇ ਸਿੱਖਾਂ ਦੇ ਕਿਰਦਾਰ, ਸੰਘਰਸ਼ ਅਤੇ ਬਹਾਦਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੂਪਮਾਨ ਕਰਕੇ ਆਮ ਦਰਸ਼ਕਾਂ ਨੂੰ ਜੋੜਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਤੋਂ ਪਹਿਲਾਂ ਫ਼ਿਲਮਾਂ ਵਿੱਚ ਅਕਸਰ ਸਿੱਖ ਕਿਰਦਾਰਾਂ ਨੂੰ ਵਿਅੰਗਾਤਮਿਕ ਜਾਂ ਹਾਸੇ-ਮਜ਼ਾਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਰਿਹਾ, ਪਰ ਅਜਿਹੀਆਂ ਇਤਿਹਾਸਕ ਫ਼ਿਲਮਾਂ ਨੇ ਸਿੱਖ ਪਛਾਣ ਨੂੰ ਗੰਭੀਰਤਾ, ਸ਼ਾਨ ਅਤੇ ਗੌਰਵ ਨਾਲ ਪੇਸ਼ ਕਰਨ ਦੀ ਦਿਸ਼ਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ ਅਜਿਹੀਆਂ ਫ਼ਿਲਮਾਂ ਨਿਰੰਤਰ ਬਣਨੀਆਂ ਚਾਹੀਦੀਆਂ ਹਨ। ਇਸੇ ਸ਼੍ਰੇਣੀ ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਜੀਵਨੀ ਨਾ ਸਿਰਫ਼ ਨਵੀਂ ਪੀੜ੍ਹੀ ਲਈ, ਸਗੋਂ ਸਰਹੱਦਾਂ ’ਤੇ ਪਹਿਰਾ ਦੇ ਰਹੀਆਂ ਸਾਡੀਆਂ ਫ਼ੌਜਾਂ ਅਤੇ ਨੌਜਵਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਸਰਦਾਰ ਹਰੀ ਸਿੰਘ ਨਲੂਆ ਵਰਗੇ ਮਹਾਨ ਇਤਿਹਾਸਕ ਯੋਧੇ ਉੱਤੇ ਫ਼ਿਲਮ ਬਣਾਉਣ ਦੀ ਲੋੜ ਕੇਵਲ ਮਨੋਰੰਜਨ ਲਈ ਨਹੀਂ, ਸਗੋਂ ਕੌਮੀ ਚੇਤਨਾ, ਇਤਿਹਾਸਕ ਯਾਦ ਅਤੇ ਰਾਸ਼ਟਰੀ ਗੌਰਵ ਨੂੰ ਮਜ਼ਬੂਤ ਕਰਨ ਲਈ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਹਾਲੀਵੁੱਡ ਅਤੇ ਬਾਲੀਵੁੱਡ ਵਿੱਚ ਕਈ ਇਤਿਹਾਸਕ ਵਿਸ਼ਿਆਂ ’ਤੇ ਉੱਚ ਪੱਧਰੀ ਫ਼ਿਲਮਾਂ ਬਣਦੀਆਂ ਹਨ, ਪਰ ਸਿੱਖ ਇਤਿਹਾਸ ਨੂੰ ਅਜੇ ਵੀ ਉਸ ਦਰਜੇ ਦੀ ਵਿਸ਼ਵ ਪੱਧਰੀ ਪਹੁੰਚ ਨਹੀਂ ਮਿਲੀ। ਸਰਦਾਰ ਹਰੀ ਸਿੰਘ ਨਲੂਆ ਵਰਗੇ ਮਹਾਨ ਕਿਰਦਾਰ ਉੱਤੇ ਰਿਸਰਚ-ਅਧਾਰਿਤ ਅਤੇ ਮਰਯਾਦਾ ਪੂਰਨ ਫ਼ਿਲਮ ਸਿੱਖ ਇਤਿਹਾਸ ਨੂੰ ਵਿਸ਼ਵ ਮੰਚ ’ਤੇ ਲੈ ਜਾ ਸਕਦੀ ਹੈ। ਸ. ਨਲੂਆ ਨੇ ਅਫ਼ਗ਼ਾਨ ਹਮਲਾਵਰਾਂ ਨੂੰ ਰੋਕ ਕੇ ਭਾਰਤ ਦੀ ਉੱਤਰ-ਪੱਛਮੀ ਸਰਹੱਦਾਂ ਦੀ ਰੱਖਿਆ ਕੀਤੀ। ਉਨ੍ਹਾਂ ਦੀ ਕਹਾਣੀ ਕੇਵਲ ਇੱਕ ਯੋਧੇ ਦੀ ਕਹਾਣੀ ਨਹੀਂ, ਸਗੋਂ ਭਾਰਤ ਦੀ ਸਰਹੱਦੀ ਸੁਰੱਖਿਆ, ਰਾਜਨੀਤਿਕ ਦੂਰ-ਦਰਸ਼ਤਾ ਅਤੇ ਸੈਨਿਕ ਸ਼ਕਤੀ ਦੇ ਮਜ਼ਬੂਤ ਇਤਿਹਾਸ ਦੀ ਪ੍ਰਤੀਕ ਹੈ।ਅੰਤ ਵਿੱਚ ਉਨ੍ਹਾਂ ਕਿਹਾ ਕਿ ਹਰੀ ਸਿੰਘ ਨਲੂਆ ’ਤੇ ਫ਼ਿਲਮ ਬਣਾਉਣਾ ਕੇਵਲ ਕਲਾ ਪ੍ਰੋਜੈਕਟ ਨਹੀਂ, ਸਗੋਂ ਇਤਿਹਾਸਕ ਜ਼ਿੰਮੇਵਾਰੀ ਹੈ। ਹਾਲਾਂਕਿ, ਇਹ ਵੀ ਉਤਨਾ ਹੀ ਜ਼ਰੂਰੀ ਹੈ ਕਿ ਅਜਿਹੀ ਕਿਸੇ ਵੀ ਫ਼ਿਲਮ ਵਿੱਚ ਸਿੱਖ ਰਹਿਤ ਮਰਯਾਦਾ, ਧਾਰਮਿਕ ਸੰਵੇਦਨਸ਼ੀਲਤਾ ਅਤੇ ਪੰਥਕ ਨਿਯਮਾਂ ਦਾ ਪੂਰਾ ਆਦਰ ਕੀਤਾ ਜਾਵੇ—ਤਾਂ ਜੋ ਪ੍ਰੇਰਨਾ ਅਤੇ ਮਰਯਾਦਾ ਦੋਵੇਂ ਕਾਇਮ ਰਹਿਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.