August 17, 2026

Justice News

ਅਵਾਮ ਦੀ ਆਵਾਜ਼

ਸਾਹਨੇਵਾਲ ਚੌਂਕ ਵਿੱਚ ਜਾਮ ਘਟਾਉਣ ਲਈ 1 ਮਈ ਤੋਂ 30 ਜੂਨ ਤੱਕ ਦਿਨ ਦੇ ਸਮੇਂ ਹੈਵੀ ਵਾਹਨ ਨਹੀਂ ਲੰਘਾਏ ਜਾ ਸਕਣਗੇ : ਐਸ.ਡੀ.ਐਮ ਜਸਲੀਨ ਕੌਰ ਭੁੱਲਰ

ਸਾਹਨੇਵਾਲ, /ਲੁਧਿਆਣਾ/
:(ਜਸਟਿਸ ਨਿਊਜ਼)
ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ) ਸ੍ਰੀਮਤੀ ਜਸਲੀਨ ਕੌਰ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਾਹਨੇਵਾਲ ਚੌਂਕ ਵਿੱਚ ਪਹਿਲਾਂ ਹੀ ਭਾਰੀ ਟਰੈਫਿਕ ਨੂੰ ਕੰਟਰੋਲ ਕਰਨ ਲਈ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਹੈਵੀ ਵਾਹਨਾਂ ਨੂੰ ਹੋਰ ਰਸਤੇ ‘ਤੇ ਮੋੜਿਆ ਜਾ ਰਿਹਾ ਸੀ। ਇਕ ਵਿਕਲਪਿਕ ਰਸਤਾ ਵੀ ਬਣਾਇਆ ਗਿਆ ਸੀ ਜੋ ਕਰੀਬ 1.6 ਕਿਲੋਮੀਟਰ ਲੰਬਾ ਹੈ। ਇਹ ਸੜਕ ਸੂਏ ਦੇ ਨਾਲ-ਨਾਲ ਡੇਹਲੋਂ ਰੋਡ ਵਾਲੀ ਸਾਈਡ ਤੋਂ ਨੰਦਪੁਰ ਵਾਲੇ ਪਾਸੇ ਸੀ।
ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਹੁਣ ਇੱਕ ਵੱਡਾ ਪਾਣੀ ਸਪਲਾਈ ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਵਿੱਚ ਪਿੰਡ ਬਿਲਗਾ ਤੋਂ ਲੁਧਿਆਣਾ ਤੱਕ ਪਾਈਪਲਾਈਨ ਵਿਛਾਈ ਜਾ ਰਹੀ ਹੈ। ਪਿੰਡ ਬਿਲਗਾ ਤੋਂ ਲੈ ਕੇ ਲੁਧਿਆਣਾ ਸ਼ਹਿਰ ਤੱਕ ਪਾਣੀ ਨੂੰ ਪਹੁੰਚਾਉਣ ਲਈ ਇਹ ਪਾਈਪਲਾਈਨ ਉਸੇ ਅਲਟਰਨੇਟ ਰੂਟ ਤੇ ਵਿਛਾਈ ਜਾਵੇਗੀ, ਇਸ ਕਰਕੇ ਇਹ ਰਸਤਾ ਵੀ ਕੁਝ ਸਮੇਂ ਲਈ ਬੰਦ ਕਰਨਾ ਪਵੇਗਾ। ਕੰਮ ਮੁਸ਼ਕਿਲ ਹੈ ਕਿਉਂਕਿ ਪਾਈਪਲਾਈਨ ਲੰਬੀ (ਕਰੀਬ 6 ਕਿਲੋਮੀਟਰ) ਅਤੇ ਡੂੰਘੀ ਪਾਉਣੀ ਹੈ, ਨਾਲ ਹੀ ਬਿਜਲੀ ਦੇ ਖੰਭੇ ਵੀ ਸ਼ਿਫਟ ਕਰਨੇ ਹਨ ਅਤੇ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀਆਂ ਲੈਣੀਆਂ ਪਈਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਯੋਜਨਾ ਇਹ ਹੈ ਕਿ ਪਹਿਲਾਂ ਬਿਜਲੀ ਦੇ ਖੰਭੇ ਸ਼ਿਫਟ ਕੀਤੇ ਜਾਣਗੇ, ਫਿਰ ਪਾਈਪਲਾਈਨ ਦਾ ਕੰਮ ਸ਼ੁਰੂ ਹੋਵੇਗਾ। ਇਸ ਸਾਰੇ ਕੰਮ ਲਈ ਲਗਭਗ 2 ਮਹੀਨੇ ਦਾ ਸਮਾਂ ਲੱਗੇਗਾ ਅਤੇ 30 ਜੂਨ 2026 ਤੱਕ ਇਹ ਕੰਮ ਮੁਕੰਮਲ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ।
ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਸ ਕਰਕੇ 1 ਮਈ ਤੋਂ 30 ਜੂਨ ਤੱਕ ਸਾਹਨੇਵਾਲ ਚੌਂਕ ਵਿੱਚ ਦਿਨ ਦੇ ਸਮੇਂ ਕੋਈ ਵੀ ਹੈਵੀ ਟਰੈਫਿਕ ਨਹੀਂ ਆ ਸਕੇਗਾ, ਕਿਉਂਕਿ ਹੁਣ ਕੋਈ ਹੋਰ ਵਿਕਲਪਿਕ ਰਸਤਾ ਨਹੀਂ ਬਚਿਆ। ਪ੍ਰਸ਼ਾਸਨ ਨੇ ਹੈਵੀ ਵਾਹਨਾਂ ਦੇ ਮਾਲਕਾਂ ਅਤੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਸਮੇਂ ਹੈਵੀ ਵਾਹਨਾਂ ਨੂੰ ਲੰਘਾਉਣ, ਤਾਂ ਜੋ ਦਿਨ ਵਿੱਚ ਆਮ ਆਵਾਜਾਈ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।
ਐਸ.ਡੀ.ਐਮ ਲੁਧਿਆਣਾ ਪੂਰਬੀ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਅਤੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵੀ ਇਸ ਕੰਮ ਨੂੰ ਸਮੇਂ-ਸਮੇਂ ‘ਤੇ ਰਿਵਿਊ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਜਲਦੀ ਤੋਂ ਜਲਦੀ ਇਹ ਕੰਮ ਨੇਪਰੇ ਚਾੜਿਆ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੁਝ ਸਮੇਂ ਲਈ ਥੋੜੀ ਮੁਸ਼ਕਿਲ ਸਹਿਣੀ ਪਵੇਗੀ, ਪਰ ਇਹ ਸਾਰਾ ਕੰਮ ਭਵਿੱਖ ਵਿੱਚ ਪੱਕਾ ਹੱਲ ਦੇਵੇਗਾ। ਟਰੈਫਿਕ ਪੁਲਿਸ ਨਾਲ ਮਿਲ ਕੇ ਜਾਮ ਘਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.