August 17, 2026

Justice News

ਅਵਾਮ ਦੀ ਆਵਾਜ਼

ਗਰਮੀਆਂ ਵਿੱਚ ਪਲਾਸਟਿਕ ਬੋਤਲਾਂ ਵਾਲੀਆਂ ਡਰਿੰਕਸ—ਸਹੂਲਤ ਜਾਂ ਸਿਹਤ ਲਈ ਚੁਣੌਤੀ?

 

ਅੱਜ ਦੇ ਸਮੇਂ ਵਿੱਚ ਕੋਲਡ ਡਰਿੰਕਸ, ਐਨਰਜੀ ਡਰਿੰਕਸ ਅਤੇ ਬੋਤਲਬੰਦ ਪਾਣੀ ਹਰ ਉਮਰ ਦੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਖਾਸ ਕਰਕੇ ਗਰਮੀਆਂ ਵਿੱਚ ਇਹਨਾਂ ਦੀ ਵਰਤੋਂ ਕਾਫ਼ੀ ਵੱਧ ਜਾਂਦੀ ਹੈ। ਸਹੂਲਤ ਅਤੇ ਤੁਰੰਤ ਤਾਜ਼ਗੀ ਦੇਣ ਵਾਲੀਆਂ ਇਹ ਡਰਿੰਕਸ ਇੱਕ ਆਮ ਚੋਣ ਬਣ ਗਈਆਂ ਹਨ। ਪਰ ਇਸ ਸਹੂਲਤ ਦੇ ਨਾਲ ਕੁੱਝ ਸਿਹਤ ਸੰਬੰਧੀ ਸਵਾਲ ਵੀ ਜੁੜੇ ਹੋਏ ਹਨ, ਜਿਨ੍ਹਾਂ ਬਾਰੇ ਸੋਚਣਾ ਜ਼ਰੂਰੀ ਹੈ।
ਅਕਸਰ ਅਸੀਂ ਵੇਖਦੇ ਹਾਂ ਕਿ ਬੋਤਲਬੰਦ ਪਾਣੀ ਅਤੇ ਹੋਰ ਡਰਿੰਕਸ ਨੂੰ ਦੁਕਾਨਾਂ ਦੇ ਬਾਹਰ ਧੁੱਪ ਵਿੱਚ ਰੱਖਿਆ ਹੁੰਦਾ ਹੈ। ਆਮ ਹਾਲਾਤਾਂ ਵਿੱਚ ਪਲਾਸਟਿਕ ਬੋਤਲਾਂ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ, ਪਰ ਜਦੋਂ ਇਹ ਬੋਤਲਾਂ ਉੱਚ ਤਾਪਮਾਨ ਜਾਂ ਸਿੱਧੀ ਧੁੱਪ ਵਿੱਚ ਲੰਬੇ ਸਮੇਂ ਲਈ ਰਹਿੰਦੀਆਂ ਹਨ, ਤਾਂ ਉਹਨਾਂ ਵਿੱਚੋਂ ਕੁਝ ਰਸਾਇਣਕ ਤੱਤ ਪਾਣੀ ਜਾਂ ਡਰਿੰਕ ਵਿੱਚ ਘੁਲ ਸਕਦੇ ਹਨ। ਇਸ ਪ੍ਰਕਿਰਿਆ ਨੂੰ “ਲੀਚਿੰਗ” ਕਿਹਾ ਜਾਂਦਾ ਹੈ।
ਕੁੱਝ ਅਧਿਐਨਾਂ ਵਿੱਚ ਦਰਸਾਇਆ ਗਿਆ ਹੈ ਕਿ ਉੱਚ ਤਾਪਮਾਨ ਵਿੱਚ ਰੱਖੀਆਂ ਗਈਆਂ ਪਲਾਸਟਿਕ ਬੋਤਲਾਂ ਵਿੱਚੋਂ ਨੁਕਸਾਨਦਾਇਕ ਤੱਤ ਪਾਣੀ ਵਿੱਚ ਆ ਸਕਦੇ ਹਨ। ਧੁੱਪ ਵਿੱਚ ਲੰਬੇ ਸਮੇਂ ਲਈ ਰੱਖੀਆਂ ਬੋਤਲਾਂ ਵਿੱਚ ਬਹੁਤ ਛੋਟੇ ਮਾਈਕ੍ਰੋਪਲਾਸਟਿਕ ਕਣਾਂ ਦੀ ਮੌਜੂਦਗੀ ਵੀ ਵੱਧ ਸਕਦੀ ਹੈ। ਹਾਲਾਂਕਿ ਹਰ ਸਥਿਤੀ ਵਿੱਚ ਇਹ ਮਾਤਰਾ ਇਕੋ ਜਿਹੀ ਨਹੀਂ ਹੁੰਦੀ, ਪਰ ਲੰਬੇ ਸਮੇਂ ਲਈ ਅਜਿਹੇ ਤੱਤਾਂ ਦਾ ਸਰੀਰ ਵਿੱਚ ਜਾਣਾ ਸਿਹਤ ਲਈ ਉਚਿੱਤ ਨਹੀਂ ਮੰਨਿਆ ਜਾਂਦਾ।
ਇਸ ਤੋਂ ਇਲਾਵਾ, ਖਾਣ-ਪੀਣ ਦੀਆਂ ਕਈ ਚੀਜ਼ਾਂ ਪਲਾਸਟਿਕ ਦੇ ਪੈਕਟਾਂ ਵਿੱਚ ਆਉਂਦੀਆਂ ਹਨ, ਜਿਨ੍ਹਾਂ ਵਿੱਚ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ ਤਾਂ ਜੋ ਉਹਨਾਂ ਨੂੰ ਤਾਜ਼ਾ ਰੱਖਿਆ ਜਾ ਸਕੇ। ਨਾਈਟ੍ਰੋਜਨ ਆਪਣੇ ਆਪ ਵਿੱਚ ਆਮ ਤੌਰ ‘ਤੇ ਸੁਰੱਖਿਅਤ ਹੁੰਦੀ ਹੈ। ਪਰ ਪੈਕਟ ਉੱਚ ਤਾਪਮਾਨ ਜਾਂ ਧੁੱਪ ਵਿੱਚ ਲੰਬੇ ਸਮੇਂ ਲਈ ਰੱਖੇ ਜਾਣ, ਤਾਂ ਪੈਕਿੰਗ ਦੀ ਗੁਣਵੱਤਾ ਅਤੇ ਖਾਣੇ ਦੀ ਤਾਜ਼ਗੀ ਤੇ ਅਸਰ ਪੈ ਸਕਦਾ ਹੈ।
ਸਿਹਤ ਮਾਹਿਰ ਅਕਸਰ ਇਹ ਸਲਾਹ ਦਿੰਦੇ ਹਨ ਕਿ ਜਿੱਥੇ ਤੱਕ ਸੰਭਵ ਹੋਵੇ, ਖਾਣ ਵਾਲੇ ਤਾਜ਼ਾ ਅਤੇ ਘਰੇਲੂ ਪਦਾਰਥਾਂ ਨੂੰ ਤਰਜੀਹ ਦਿੱਤੀ ਜਾਵੇ। ਜਿਵੇਂ ਕਿ ਨਿੰਬੂ ਪਾਣੀ, ਲੱਸੀ ਜਾਂ ਸੱਤੂ ਵਰਗੀਆਂ ਡਰਿੰਕਸ ਆਦਿ। ਇਹ ਨਾ ਸਿਰਫ਼ ਸਰੀਰ ਨੂੰ ਤਾਜ਼ਗੀ ਦਿੰਦੀਆਂ ਹਨ, ਸਗੋਂ ਸਾਡੇ ਲਈ ਸਿਹਤਮੰਦ ਹੁੰਦੀਆਂ ਹਨ।
ਜਦੋਂ ਵੀ ਬਾਜ਼ਾਰ ਤੋਂ ਡਰਿੰਕਸ ਖਰੀਦਣ ਦੀ ਗੱਲ ਆਉਂਦੀ ਹੈ, ਤਾਂ ਕੁਝ ਸਧਾਰਣ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ—ਜਿਵੇਂ ਕਿ ਉਹ ਬੋਤਲਾਂ ਖਰੀਦੀਆਂ ਜਾਣ ਜਿਹੜੀਆਂ ਧੁੱਪ ਵਿੱਚ ਲੰਬੇ ਸਮੇਂ ਲਈ ਨਾ ਰੱਖੀਆਂ ਗਈਆਂ ਹੋਣ ਅਤੇ ਠੰਡੇ ਜਾਂ ਛਾਂ ਵਾਲੇ ਸਥਾਨ ਤੇ ਸਹੀ ਤਰੀਕੇ ਨਾਲ ਸਟੋਰ ਕੀਤੀਆਂ ਗਈਆਂ ਹੋਣ।
ਭਾਵੇਂ ਮੈਨੂੰ ਵਿਗਿਆਨ ਦੀ ਬਹੁਤ ਡੂੰਘੀ ਜਾਣਕਾਰੀ ਨਹੀਂ ਹੈ, ਪਰ ਜਿੰਨਾ ਕੁ ਮੈਂ ਪੜ੍ਹਿਆ ਅਤੇ ਸਮਝਿਆ ਹੈ, ਉਸ ਦੇ ਆਧਾਰ ਤੇ ਇਹ ਕਹਿ ਸਕਦਾ ਹਾਂ ਕਿ ਗਰਮੀਆਂ ਵਿੱਚ ਪਲਾਸਟਿਕ ਬੋਤਲਾਂ ਵਾਲੀਆਂ ਡਰਿੰਕਸ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ। ਅਸੀਂ ਅਕਸਰ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਬੋਤਲ ਕਿੰਨਾ ਸਮਾਂ ਧੁੱਪ ਵਿੱਚ ਪਈ ਰਹੀ ਹੈ ਜਾਂ ਕਿਵੇਂ ਸਟੋਰ ਕੀਤੀ ਗਈ ਹੈ। ਇਸ ਲਈ ਪੂਰੀ ਤਰ੍ਹਾਂ ਡਰਨ ਦੀ ਲੋੜ ਨਹੀਂ, ਪਰ ਜਾਗਰੂਕ ਰਹਿਣਾ ਅਤੇ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾਉਣਾ ਸਾਡੇ ਲਈ ਲਾਭਦਾਇਕ ਹੋ ਸਕਦਾ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਮੋਬਾ 8427791277

Leave a Reply

Your email address will not be published. Required fields are marked *

Copyright © All rights reserved. | Newsphere by AF themes.