August 17, 2026

Justice News

ਅਵਾਮ ਦੀ ਆਵਾਜ਼

100 ਦਿਨਾਂ ਟੀਬੀ ਮੁਹਿੰਮ ਹੇਠ ਐਕਟਿਵ ਕੇਸ ਫਾਈਂਡਿੰਗ ਕੈਂਪਾਂ ਰਾਹੀਂ ਟੀਬੀ ਮੁਕਤੀ ਵੱਲ ਮਜ਼ਬੂਤ ਕਦਮ – ਸਿਵਲ ਸਰਜਨ 

 

ਲੁਧਿਆਣਾ
( ਵਿਜੇ ਭਾਂਬਰੀ )–
ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੀ 100 ਦਿਨਾਂ ਟੀਬੀ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵੱਲੋਂ ਐਕਟਿਵ ਕੇਸ ਫਾਈਂਡਿੰਗ ਕੈਂਪ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮੁਹਿੰਮ ਦੇ ਅਧੀਨ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਤਖਰਾਂ, ਪੁਨੀਆ ਵਿੱਚ ਅਤੇ ਬਲਾਕ ਸਾਹਨੇਵਾਲ ਦੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਮੰਗਲੀ ਉੱਚੀ ਅਤੇ ਮੰਗਲੀ ਨੀਚੀ ਵਿੱਚ ਵਿਸ਼ੇਸ਼ ਸਕ੍ਰੀਨਿੰਗ ਕੈਂਪ ਸਫਲਤਾਪੂਰਵਕ ਆਯੋਜਿਤ ਕੀਤੇ ਗਏ।
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਟੀਬੀ ਦੇ ਮਰੀਜ਼ਾਂ ਦੀ ਸ਼ੁਰੂਆਤੀ ਪਛਾਣ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਹੈ, ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੈਂਪਾਂ ਦੌਰਾਨ ਮੌਕੇ ‘ਤੇ ਹੀ ਐਕਸ-ਰੇ ਸਕ੍ਰੀਨਿੰਗ ਕੀਤੀ ਗਈ ਅਤੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਅਤੇ ਫਾਲੋਅੱਪ ਲਈ ਰਜਿਸਟ੍ਰੇਸ਼ਨ ਕੀਤਾ ਗਿਆ।
ਡਾ. ਰਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀਬੀ ਦੇ ਲੱਛਣਾਂ ਜਿਵੇਂ ਕਿ ਲੰਬੇ ਸਮੇਂ ਤੱਕ ਖਾਂਸੀ, ਬੁਖਾਰ, ਵਜ਼ਨ ਘਟਣਾ ਆਦਿ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਾਂਚ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਟੀਬੀ ਦੇ ਫੈਲਣ ਦੇ ਤਰੀਕਿਆਂ, ਬਚਾਅ ਦੇ ਉਪਾਅ ਅਤੇ ਪੂਰੇ ਇਲਾਜ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੀਬੀ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ ਅਤੇ ਸਮੇਂ ਸਿਰ ਇਲਾਜ ਨਾਲ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ ‘ਤੇ ਬਿਨਾਂ ਦੇਰੀ ਨੇੜਲੇ ਸਿਹਤ ਕੇਂਦਰ ‘ਤੇ ਸੰਪਰਕ ਕੀਤਾ ਜਾਵੇ।ਡਾ. ਰਮਨਦੀਪ ਕੌਰ ਨੇ ਦੱਸਿਆ ਕਿ 100 ਦਿਨਾਂ ਟੀਬੀ ਮੁਹਿੰਮ ਦੇ ਤਹਿਤ ਜ਼ਿਲ੍ਹੇ ਭਰ ਵਿੱਚ ਇਸ ਤਰ੍ਹਾਂ ਦੇ ਕੈਂਪ ਵੱਡੇ ਪੱਧਰ ‘ਤੇ ਲਗਾਏ ਜਾ ਰਹੇ ਹਨ, ਜਿਸ ਨਾਲ ਹਰ ਸੰਭਾਵਿਤ ਮਰੀਜ਼ ਤੱਕ ਪਹੁੰਚ ਬਣਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਟੀਬੀ ਮੁਕਤ ਸਮਾਜ ਦੀ ਸਥਾਪਨਾ ਲਈ ਸਾਂਝੀ ਕੋਸ਼ਿਸ਼ਾਂ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ।ਸਿਹਤ ਵਿਭਾਗ ਵੱਲੋਂ ਜ਼ਮੀਨੀ ਪੱਧਰ ‘ਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਟੀਬੀ ਮਰੀਜ਼ ਬਿਨਾਂ ਪਛਾਣ ਅਤੇ ਇਲਾਜ ਤੋਂ ਨਾ ਰਹਿ ਜਾਵੇ। ਇਹ ਮੁਹਿੰਮ ਟੀਬੀ ਮੁਕਤ ਪੰਜਾਬ ਅਤੇ ਟੀਬੀ ਮੁਕਤ ਭਾਰਤ ਦੇ ਲਕਸ਼ ਵੱਲ ਇੱਕ ਮਹੱਤਵਪੂਰਨ ਕਦਮ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.