August 17, 2026

Justice News

ਅਵਾਮ ਦੀ ਆਵਾਜ਼

ਮਿਹਨਤ ਦੀ ਪਰਿਭਾਸ਼ਾ — ਮੇਰੇ ਪਾਪਾ

 

ਕਹਿੰਦੇ ਹਨ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੰਨੀ ਮਿਹਨਤ ਕਰਨੀ ਚਾਹੀਦੀ ਹੈ ਕਿ ਕੱਲ੍ਹ ਨੂੰ ਜਦੋਂ ਉਸਦੇ ਬੱਚੇ ਨੂੰ ਪੁੱਛਿਆ ਜਾਵੇ, “ਤੂੰ ਕਿੰਨਾ ਮਿਹਨਤੀ ਬਣੇਗਾ?” ਤਾਂ ਉਹ ਕਿਸੇ ਹੋਰ ਦੀ ਉਦਾਹਰਨ ਦੇਣ ਦੀ ਬਜਾਏ ਮਾਣ ਨਾਲ ਕਹੇ, “ਮੈਂ ਆਪਣੇ ਪਾਪਾ ਵਰਗਾ ਮਿਹਨਤੀ ਬਣਨਾ ਚਾਹੁੰਦਾ ਹਾਂ।”
ਮੇਰੇ ਲਈ ਮਿਹਨਤ ਦੀ ਸਭ ਤੋਂ ਵੱਡੀ ਮਿਸਾਲ ਮੇਰੇ ਪਾਪਾ ਹਨ।
ਮੇਰੇ ਪਾਪਾ ਪੇਸ਼ੇ ਨਾਲ ਦਰਜ਼ੀ ਰਹੇ ਹਨ। ਇਕ ਸਧਾਰਨ ਜਿਹੀ ਦੁਕਾਨ, ਇਕ ਪੁਰਾਣੀ ਸਿਲਾਈ ਮਸ਼ੀਨ ਅਤੇ ਬੇਅੰਤ ਮਿਹਨਤ ਉਹਨਾਂ ਦੀ ਪਹਿਚਾਣ ਰਹੀ ਹੈ। ਸਾਰੀ ਉਮਰ ਉਹਨਾਂ ਨੇ ਆਪਣੇ ਹੱਥਾਂ ਦੀ ਕਲਾ ਅਤੇ ਇਮਾਨਦਾਰੀ ਨਾਲ ਮਿਹਨਤ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ। ਉਹਨਾਂ ਦੀ ਜ਼ਿੰਦਗੀ ਨੇ ਮੈਨੂੰ ਇਹ ਸਿਖਾਇਆ ਕਿ ਇਨਸਾਨ ਦੀ ਅਸਲੀ ਪਛਾਣ ਉਸਦੀ ਦੌਲਤ ਨਹੀਂ, ਉਸਦੀ ਮਿਹਨਤ ਅਤੇ ਇਮਾਨਦਾਰੀ ਹੁੰਦੀ ਹੈ।
ਅੱਜ ਵੀ ਉਮਰ ਦੇ ਇਸ ਪੜਾਅ ਵਿੱਚ ਉਹ ਘਰ ਬੈਠ ਕੇ ਆਰਾਮ ਕਰਨਾ ਪਸੰਦ ਨਹੀਂ ਕਰਦੇ। ਕਦੇ ਕਦੇ ਉਹ ਦੁਕਾਨ ਵੱਲ ਚਲੇ ਜਾਂਦੇ ਹਨ, ਸਿਰਫ਼ ਇਸ ਲਈ ਨਹੀਂ ਕਿ ਕੋਈ ਕੰਮ ਕਰਨਾ ਹੈ, ਪਰ ਇਸ ਲਈ ਕਿ ਮਿਹਨਤ ਉਹਨਾਂ ਦੀ ਆਦਤ ਬਣ ਚੁੱਕੀ ਹੈ। ਉਹਨਾਂ ਲਈ ਮਿਹਨਤ ਸਿਰਫ਼ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਨਹੀਂ, ਸਗੋਂ ਜੀਵਨ ਜਿਊਣ ਦਾ ਤਰੀਕਾ ਹੈ।
ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਮੇਰੇ ਮਨ ਵਿੱਚ ਤਾਜ਼ਾ ਹਨ। ਮੈਂ ਕਦੇ ਆਪਣੇ ਪਾਪਾ ਨੂੰ ਆਰਾਮ ਨਾਲ ਸੌਂਦੇ ਹੋਏ ਨਹੀਂ ਦੇਖਿਆ। ਸਵੇਰ ਤੋਂ ਸ਼ਾਮ ਤੱਕ ਉਹ ਦੁਕਾਨ ‘ਤੇ ਬੈਠ ਕੇ ਕੱਪੜੇ ਸਿਉਂਦੇ ਰਹਿੰਦੇ ਸਨ। ਸ਼ਾਮ ਨੂੰ ਘਰ ਆ ਕੇ ਖਾਣਾ ਖਾਂਦੇ ਅਤੇ ਫਿਰ ਕਈ ਵਾਰ ਰਾਤ ਦੇ ਦੇਰ ਤੱਕ ਸਿਲਾਈ ਕਰਦੇ ਰਹਿੰਦੇ।
ਜਦੋਂ ਮੈਂ ਛੋਟਾ ਸੀ, ਮੈਂ ਅਕਸਰ ਸੋਚਦਾ ਸੀ ਕਿ ਪਾਪਾ ਇੰਨਾ ਕੰਮ ਕਿਉਂ ਕਰਦੇ ਹਨ। ਪਰ ਉਸ ਵੇਲੇ ਮੈਂ ਇਹ ਗੱਲ ਸਮਝ ਨਹੀਂ ਸਕਦਾ ਸੀ ਕਿ ਉਹ ਸਿਰਫ਼ ਕੱਪੜੇ ਸਿਲਾਈ ਨਹੀਂ ਕਰ ਰਹੇ, ਸਗੋਂ ਸਾਡੇ ਸੁਪਨਿਆਂ ਨੂੰ ਵੀ ਸਿਲ ਰਹੇ ਹਨ।
ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਰਾਤ ਨੂੰ ਸੌਂ ਜਾਂਦਾ ਸੀ, ਪਾਪਾ ਅਜੇ ਵੀ ਸਿਲਾਈ ਮਸ਼ੀਨ ‘ਤੇ ਬੈਠੇ ਕੰਮ ਕਰ ਰਹੇ ਹੁੰਦੇ ਸਨ। ਅਤੇ ਜਦੋਂ ਮੈਂ ਸਵੇਰੇ ਉੱਠਦਾ ਸੀ, ਉਹ ਪਹਿਲਾਂ ਹੀ ਉੱਠ ਕੇ ਦੁਬਾਰਾ ਕੰਮ ਵਿੱਚ ਲੱਗ ਜਾਂਦੇ ਸਨ। ਉਹਨਾਂ ਦੀ ਜ਼ਿੰਦਗੀ ਵਿੱਚ ਆਰਾਮ ਲਈ ਬਹੁਤ ਘੱਟ ਸਮਾਂ ਸੀ, ਪਰ ਉਹਨਾਂ ਨੇ ਕਦੇ ਵੀ ਇਸ ਗੱਲ ਦੀ ਸ਼ਿਕਾਇਤ ਨਹੀਂ ਕੀਤੀ।
ਸਮਾਂ ਬੀਤਦਾ ਗਿਆ ਅਤੇ ਅਸੀਂ ਵੱਡੇ ਹੁੰਦੇ ਗਏ। ਹੌਲੀ-ਹੌਲੀ ਮੈਨੂੰ ਇਹ ਸਮਝ ਆਉਣ ਲੱਗੀ ਕਿ ਉਹਨਾਂ ਦੀ ਮਿਹਨਤ ਦੇ ਪਿੱਛੇ ਇਕ ਵੱਡਾ ਸੁਪਨਾ ਸੀ — ਆਪਣੇ ਬੱਚਿਆਂ ਨੂੰ ਕਾਬਿਲ ਬਣਾਉਣਾ। ਉਹਨਾਂ ਨੇ ਕਦੇ ਆਪਣੇ ਸੁਪਨਿਆਂ ਬਾਰੇ ਨਹੀਂ ਸੋਚਿਆ, ਸਗੋਂ ਹਮੇਸ਼ਾ ਸਾਡੇ ਭਵਿੱਖ ਨੂੰ ਹੀ ਆਪਣੀ ਮੰਜ਼ਿਲ ਬਣਾਇਆ।ਅੱਜ ਜਦੋਂ ਕੋਈ ਮੈਨੂੰ ਮਿਹਨਤੀ ਕਹਿੰਦਾ ਹੈ, ਤਾਂ ਮੇਰੇ ਦਿਲ ਵਿੱਚ ਇਕ ਅਜਿਹਾ ਅਹਿਸਾਸ ਹੁੰਦਾ ਹੈ ਕਿ ਇਹ ਸਾਰੀ ਸਿੱਖਿਆ ਮੈਨੂੰ ਮੇਰੇ ਪਾਪਾ ਤੋਂ ਹੀ ਮਿਲੀ ਹੈ। ਮੇਰੀ ਜ਼ਿੰਦਗੀ ਵਿੱਚ ਜਿੰਨੀ ਵੀ ਮਿਹਨਤ ਕਰਨ ਦੀ ਆਦਤ ਹੈ, ਉਹ ਉਹਨਾਂ ਦੀ ਹੀ ਦੇਣ ਹੈ। ਮੇਰੀ ਥੋੜ੍ਹੀ ਬਹੁਤ ਕਾਮਯਾਬੀ ਦੇ ਪਿੱਛੇ ਜੇ ਕਿਸੇ ਦਾ ਸਭ ਤੋਂ ਵੱਡਾ ਯੋਗਦਾਨ ਹੈ, ਤਾਂ ਉਹ ਮੇਰੇ ਪਾਪਾ ਦੀ ਮਿਹਨਤ ਹੈ। ਉਹਨਾਂ ਨੇ ਦਿਨ ਨੂੰ ਦਿਨ ਅਤੇ ਰਾਤ ਨੂੰ ਰਾਤ ਨਾ ਸਮਝਦੇ ਹੋਏ ਸਾਡੀ ਖਾਤਰ ਮਿਹਨਤ ਕੀਤੀ। ਉਹਨਾਂ ਦੀ ਕੁਰਬਾਨੀ ਅਤੇ ਸੰਘਰਸ਼ ਹੀ ਸਾਡੇ ਲਈ ਰਸਤਾ ਬਣੇ।
ਅੱਜ ਦੇ ਸਮੇਂ ਵਿੱਚ ਜਦੋਂ ਕਈ ਲੋਕ ਕਾਮਯਾਬੀ ਨੂੰ ਸ਼ਾਰਟਕੱਟ ਨਾਲ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਮੇਰੇ ਪਾਪਾ ਵਰਗੇ ਸਧਾਰਨ ਪਰ ਮਹਾਨ ਲੋਕ ਸਾਨੂੰ ਇਹ ਸਿਖਾਉਂਦੇ ਹਨ ਕਿ ਅਸਲੀ ਕਾਮਯਾਬੀ ਸਿਰਫ਼ ਮਿਹਨਤ ਨਾਲ ਹੀ ਮਿਲਦੀ ਹੈ। ਮਿਹਨਤ ਹੀ ਉਹ ਵਿਰਾਸਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ ਅਤੇ ਇਨਸਾਨ ਨੂੰ ਮਜ਼ਬੂਤ ਬਣਾਉਂਦੀ ਹੈ।
ਮੇਰੇ ਲਈ ਮਿਹਨਤ ਦੀ ਪਰਿਭਾਸ਼ਾ ਕੋਈ ਕਿਤਾਬ ਨਹੀਂ, ਕੋਈ ਅਤੇ ਨਾ ਹੀ ਕੋਈ ਮਸ਼ਹੂਰ ਸ਼ਖਸੀਅਤ ਹੈ।
ਮੇਰੇ ਲਈ ਮਿਹਨਤ ਦੀ ਅਸਲ ਪਰਿਭਾਸ਼ਾ ਮੇਰੇ ਪਾਪਾ ਹਨ।
ਪਵਨ ਕੁਮਾਰ ਅੱਤਰੀ (ਕਪੂਰਥਲਾ)

Leave a Reply

Your email address will not be published. Required fields are marked *

Copyright © All rights reserved. | Newsphere by AF themes.