August 17, 2026

Justice News

ਅਵਾਮ ਦੀ ਆਵਾਜ਼

ਸੀਸੀਏ ਪੰਜਾਬ ਸਰਕਲ ਦੇ ਦਫ਼ਤਰ ਨੇ ਲਾਈਫ ਸਰਟੀਫਿਕੇਟ ਕੈਂਪ ਦਾ ਕੀਤਾ ਆਯੋਜਨ

ਲੁਧਿਆਣਾ

( ਜਸਟਿਸ ਨਿਊਜ਼ ਸਰਵਿਸ  )

ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (ਸੀਸੀਏ), ਪੰਜਾਬ ਸਰਕਲ ਦੇ ਦਫ਼ਤਰ ਵੱਲੋਂ ਬੀਐੱਸਐੱਨਐੱਲ ਜੀਐੱਮਟੀਡੀ ਦਫ਼ਤਰ, ਭਾਰਤ ਨਗਰ ਚੌਂਕ, ਲੁਧਿਆਣਾ ਵਿਖੇ ਲਾਈਫ ਸਰਟੀਫਿਕੇਟ (ਐੱਲਸੀ) ਕੈਂਪ ਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਪੈਨਸ਼ਨਰਾਂ ਦੀ ਸਹੂਲਤ ਅਤੇ ਉਨ੍ਹਾਂ ਦੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਨਾ ਸੀ। ਇਸ ਮੌਕੇ ਲਗਭਗ 60 ਪੈਨਸ਼ਨਰਾਂ ਨੇ ਇਸ ਕੈਂਪ ਵਿੱਚ ਭਾਗ ਲਿਆ।

ਇਹ ਕੈਂਪ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨ ਅਤੇ ਪੈਨਸ਼ਨਰਾਂ, ਸੀਨੀਅਰ ਨਾਗਰਿਕਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਸਬੰਧੀ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਮੌਕੇ ‘ਤੇ ਹੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪੈਨਸ਼ਨ ਸਬੰਧੀ ਮਾਮਲਿਆਂ, ਦਸਤਾਵੇਜ਼ੀ ਲੋੜਾਂ ਅਤੇ ਪੈਨਸ਼ਨ ਪ੍ਰਕਿਰਿਆਵਾਂ ਬਾਰੇ ਮਾਰਗ-ਦਰਸ਼ਨ ਕੀਤਾ ਗਿਆ।

ਡਿਜ਼ੀਟਲ ਸੇਵਾਵਾਂ ਜਿਵੇਂ ਕਿ ਜੀਵਨ ਪ੍ਰਮਾਣ, ਆਨਲਾਈਨ ਪੈਨਸ਼ਨ ਸੇਵਾਵਾਂ ਅਤੇ ਡਿਜ਼ੀਟਲ ਇੰਡੀਆ ਹੇਠ ਹੋਰ ਨਾਗਰਿਕ-ਕੇਂਦਰਿਤ ਪਹਿਲਾਂ ਬਾਰੇ ਵੀ ਜਾਗਰੂਕ ਕੀਤਾ ਗਿਆ, ਜਿਸ ਨਾਲ ਪੈਨਸ਼ਨਰ ਘਰ ਬੈਠੇ ਹੀ ਸੇਵਾਵਾਂ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ, ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਵੀ ਭਾਗੀਦਾਰਾਂ ਨਾਲ ਸਾਂਝੀ ਕੀਤੀ ਗਈ।

ਪੈਨਸ਼ਨਰਾਂ ਨੂੰ ਸਾਈਬਰ ਧੋਖਾਧੜੀ ਅਤੇ ਡਿਜ਼ੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਗਿਆ, ਜਿਸ ਵਿੱਚ ਠੱਗੀ ਵਾਲੀਆਂ ਕਾਲਾਂ/ਸੁਨੇਹਿਆਂ ਤੋਂ ਬਚਾਅ ਅਤੇ ਨਿੱਜੀ ਅਤੇ ਬੈਂਕਿੰਗ ਜਾਣਕਾਰੀ ਦੀ ਸੁਰੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਪੈਨਸ਼ਨਰ ਐਸੋਸੀਏਸ਼ਨਾਂ ਨੇ ਸ਼੍ਰੀ ਵਿਜੇਂਦਰ ਐੱਨ. ਟੰਡਨ, ਸੀਸੀਏ ਪੰਜਾਬ ਦੇ ਕੰਮ ਅਤੇ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਮੇਸ਼ਾ ਤੁਰੰਤ ਹੱਲ ਕੀਤਾ ਜਾਂਦਾ ਹੈ। ਭਾਗ ਲੈਣ ਵਾਲੇ ਪੈਨਸ਼ਨਰਾਂ ਨੇ ਇਸ ਪਹਿਲ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਦਫ਼ਤਰਾਂ ਦੇ ਵਾਰ-ਵਾਰ ਚੱਕਰ ਘਟਾਉਂਦੇ ਹਨ ਅਤੇ ਸੇਵਾਵਾਂ ਨੂੰ ਹੋਰ ਸੌਖਾ ਅਤੇ ਪਾਰਦਰਸ਼ੀ ਬਣਾਉਂਦੇ ਹਨ।
ਸੀਸੀਏ ਪੰਜਾਬ ਦੀ ਟੀਮ ਭਵਿੱਖ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਆਊਟਰੀਚ ਕੈਂਪ ਆਯੋਜਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪੈਨਸ਼ਨਰਾਂ ਨੂੰ ਸਮੇਂ ਸਿਰ, ਕੁਸ਼ਲ ਅਤੇ ਸੁਰੱਖਿਅਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.