August 17, 2026

Justice News

ਅਵਾਮ ਦੀ ਆਵਾਜ਼

ਸਾਹਨੇਵਾਲ ਕਾਂਗਰਸ ‘ਚ ਬਗਾਵਤ ਦੀ ਚਿੰਗਾਰੀ ਭੜਕੀ — ਸੀਨੀਅਰ ਆਗੂਆਂ ਵੱਲੋਂ ਬਾਜਵਾ ਖਿਲਾਫ ਖੁੱਲ੍ਹੀ ਜੰਗ ਦਾ ਐਲਾਨ “ਬਾਹਰੀ ਨਹੀਂ, ਸਥਾਨਕ ਨੂੰ ਟਿਕਟ ਦਿਓ” — +2027 ਚੋਣਾਂ ਤੋਂ ਪਹਿਲਾਂ ਹਾਈ ਕਮਾਂਡ ਨੂੰ ਤਿੱਖੀ ਚੇਤਾਵਨੀ

ਲੁਧਿਆਣਾ
(ਬੂਟਾ ਕੋਹਾੜਾ )
ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਕਾਂਗਰਸ ਪਾਰਟੀ ਅੰਦਰੂਨੀ ਟਕਰਾਅ ਹੁਣ ਖੁੱਲ੍ਹੇ ਬਗਾਵਤੀ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਸਾਬਕਾ ਜ਼ਿਲਾ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੇ ਮੁੱਖ ਦਫ਼ਤਰ ਵਿੱਚ ਇਕੱਠੇ ਹੋਏ, ਜਿੱਥੇ ਮਾਹੌਲ ਪੂਰੀ ਤਰ੍ਹਾਂ ਸਿਆਸੀ ਤਣਾਅ ਨਾਲ ਭਰਿਆ ਨਜ਼ਰ ਆਇਆ।
ਇਸ ਮੌਕੇ ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਸੁਖਜੀਤ ਸਿੰਘ ਸੁੱਖੀ ਹਰਾ, ਸੀਨੀਅਰ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਯੂਥ ਆਗੂ ਲੱਕੀ ਸੰਧੂ , ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ, ਸੀਨੀਅਰ ਆਗੂ ਸਤਿੰਦਰ ਸਿੰਘ ਤਾਜਪੁਰੀ,  ਸਾਬਕਾ ਸਰਪੰਚ ਜੋਰਾ ਸਿੰਘ ਗਰੇਵਾਲ, ਇੰਟਕ ਜ਼ਿਲਾ ਪ੍ਰਧਾਨ ਐਸ.ਪੀ.ਐਸ ਗਿੱਲ ਅਤੇ ਯੂਥ ਆਗੂ ਬੱਬੀ ਮੁੰਡੀਆਂ ਸਮੇਤ ਹੋਰ ਆਗੂਆਂ ਨੇ ਹਲਕੇ ਦੀ ਸਿਆਸੀ ਸਥਿਤੀ ‘ਤੇ ਗੰਭੀਰ ਚਰਚਾ ਕੀਤੀ। ਇਕੱਠ ਦੌਰਾਨ ਆਗੂਆਂ ਨੇ ਇਕਸੁਰ ਹੋ ਕੇ ਵਿਕਰਮ ਬਾਜਵਾ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਦੋਸ਼ ਲਗਾਇਆ ਕਿ ਬਾਹਰੀ ਚਿਹਰਿਆਂ ਨੂੰ ਥੋਪਣ ਦੀ ਨੀਤੀ ਨੇ ਕਾਂਗਰਸ ਨੂੰ ਹਲਕੇ ਵਿੱਚ ਲਗਾਤਾਰ ਕਮਜ਼ੋਰ ਕੀਤਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਿਛਲੇ ਲਗਭਗ 25 ਸਾਲਾਂ ਤੋਂ ਸਥਾਨਕ ਆਗੂਆਂ ਦੀ ਅਣਦੇਖੀ ਕਾਰਨ ਪਾਰਟੀ ਹਾਰ ਦਾ ਸਿਲਸਿਲਾ ਨਹੀਂ ਤੋੜ ਸਕੀ।
ਆਗੂਆਂ ਨੇ ਦਲੀਲ ਦਿੱਤੀ ਕਿ ਵਿਕਰਮ ਬਾਜਵਾ ਦੀਆਂ ਲਗਾਤਾਰ ਚੋਣੀ ਹਾਰਾਂ ਨੇ ਨਾ ਸਿਰਫ ਪਾਰਟੀ ਦੀ ਪਕੜ ਕਮਜ਼ੋਰ ਕੀਤੀ ਹੈ, ਸਗੋਂ ਵਰਕਰਾਂ ਦੇ ਮਨੋਬਲ ‘ਤੇ ਵੀ ਅਸਰ ਪਾਇਆ ਹੈ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਸੀਨੀਅਰ ਆਗੂਆਂ ਦੀ ਅਣਗਹਿਲੀ ਅਤੇ ਅੰਦਰੂਨੀ ਧੜੇਬੰਦੀ ਨੇ ਪਾਰਟੀ ਦੇ ਅਧਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਕਈ ਨਿਸ਼ਠਾਵਾਨ ਵਰਕਰ ਪਾਰਟੀ ਤੋਂ ਦੂਰ ਹੋ ਚੁੱਕੇ ਹਨ।
ਹਾਈ ਕਮਾਂਡ ਨੂੰ ਤਿੱਖਾ ਸੰਦੇਸ਼ ਦਿੰਦਿਆਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ 2027 ਦੀਆਂ ਚੋਣਾਂ ਲਈ ਵੀ ਹਲਕੇ ਦੇ ਆਪਣੇ ਅਤੇ ਵਫ਼ਾਦਾਰ ਆਗੂ ਨੂੰ ਟਿਕਟ ਨਾ ਦਿੱਤੀ ਗਈ, ਤਾਂ ਕਾਂਗਰਸ ਨੂੰ ਇੱਕ ਵਾਰ ਫਿਰ ਭਾਰੀ ਸਿਆਸੀ ਨੁਕਸਾਨ ਝੇਲਣਾ ਪੈ ਸਕਦਾ ਹੈ।
ਇਸ ਦੌਰਾਨ ਸਾਰੇ ਆਗੂਆਂ ਨੇ ਆਪਸੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿਵਾਇਆ ਕਿ ਜੇ ਸਥਾਨਕ ਉਮੀਦਵਾਰ ਨੂੰ ਮੌਕਾ ਦਿੱਤਾ ਜਾਂਦਾ ਹੈ, ਤਾਂ ਉਹ ਇਕਜੁੱਟ ਹੋ ਕੇ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਉਤਰਣਗੇ ਅਤੇ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.