ਅੰਮ੍ਰਿਤਸਰ
(ਰਣਜੀਤ ਮਸੌਣ/ਕੁਸ਼ਾਲ/ਬਲਦੇਵ)
ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਲਈ ਸੁਨਹਿਰਾ ਮੌਕਾ, ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ.ਰੁਪਿੰਦਰ ਪਾਲ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਅਗਨੀਵੀਰ ਆਰਮੀ ਦੀ ਭਰਤੀ ਦੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਰੋਜ਼ਗਾਰ ਅਫ਼ਸਰ ਸ਼੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਇਸ ਵਿੱਚ ਉਮਰ ਸੀਮਾ 18 ਤੋਂ 22 ਸਾਲ ਅਤੇ 12ਵੀਂ ਪਾਸ ਪ੍ਰਾਰਥੀ ਅਪਲਾਈ ਕਰ ਸਕਦੇ ਹਨ। ਪ੍ਰਾਰਥੀ ਆਰਮੀ ਦੇ ਨਿਯਮਾਂ ਅਨੁਸਾਰ ਫਿਜਿਕਲੀ ਫਿਟ ਹੋਣੇ ਚਾਹੀਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਦੀ ਉਮਰ ਸੀਮਾ 21 ਸਾਲ ਤੋਂ ਵੱਧਾ ਕੇ 22 ਸਾਲ ਤੱਕ ਕਰ ਦਿੱਤੀ ਗਈ ਹੈ। ਚਾਹਵਾਨ ਪ੍ਰਾਰਥੀ ਇੱਕੋ ਵਾਰ ਵਿੱਚ ਦੋ ਵੱਖ-ਵੱਖ ਪੋਸਟਾਂ ਵਿੱਚ ਵੀ ਅਪਲਾਈ ਕਰ ਸਕਦੇ ਹਨ। ਕਰੀਅਰ ਕਾਉਂਸਲਰ ਸ਼੍ਰੀਮਤੀ ਭਾਰਤੀ ਸ਼ਰਮਾ ਨੇ ਕਿਹਾ ਕਿ ਆਰਮੀ ਵਿੱਚ ਭਰਤੀ ਦੇ ਚਾਹਵਾਨ ਪ੍ਰਾਰਥੀ www.joinindianarmy.nic.in ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਉਕਤ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿੱਚ ਖ਼ੁਦ ਆ ਕੇ ਮਿਲ ਸਕਦੇ ਹਨ ਅਤੇ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕਰ ਸਕਦੇ ਹਨ।
Leave a Reply