ਪਿਛਲੇ ਕੁਝ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ, ਖ਼ਾਸ ਕਰਕੇ ਬ੍ਰਿਟੇਨ ਅਤੇ ਪਾਕਿਸਤਾਨ ਵਿੱਚ ਸਾਹਮਣੇ ਆ ਰਹੀਆਂ ਕੁਝ ਘਟਨਾਵਾਂ ਨੇ “K2K” ਅਰਥਾਤ “ਕੌਰ ਤੋਂ ਖਾਨ” ਦੀ ਚਰਚਾ ਨੂੰ ਮੁੜ ਕੇਂਦਰ ਵਿੱਚ ਲਿਆ ਦਿੱਤਾ ਹੈ। ਮੁਟਿਆਰ ਸਿੱਖ ਕੁੜੀਆਂ ਨੂੰ ਪਹਿਲਾਂ ਪਿਆਰ ਅਤੇ ਭਰੋਸੇ ਦੇ ਜਾਲ ਵਿੱਚ ਫਸਾ ਕੇ, ਗਰੂਮਿੰਗ, ਬਲੈਕਮੇਲ ਅਤੇ ਫਿਰ ਮਨੋਵਿਗਿਆਨਕ ਦਬਾਅ ਅਤੇ ਧਾਰਮਿਕ ਪ੍ਰਭਾਵ ਰਾਹੀਂ ਉਨ੍ਹਾਂ ਦੀ ਪਹਿਚਾਣ ਬਦਲਣ ਦੀ ਕੋਸ਼ਿਸ਼ ਨਾਲ ਜੁੜੇ ਇਹ ਮਾਮਲੇ ਕੇਵਲ ਧਾਰਮਿਕ ਪਹਿਚਾਣ ਹੀ ਨਹੀਂ, ਸਗੋਂ ਮਹਿਲਾ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਨੈਤਿਕਤਾ ਲਈ ਵੀ ਗੰਭੀਰ ਪ੍ਰਸ਼ਨ ਖੜ੍ਹੇ ਕਰ ਰਹੇ ਹਨ।
ਨੌਜਵਾਨ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਗਰੂਮਿੰਗ ਗੈਂਗਾਂ ਦੇ ਪਿੱਛੇ ਕੁਝ ਇਸਲਾਮਿਕ ਕੱਟੜਪੰਥੀਆਂ ਦੀ ਭੂਮਿਕਾ ਬਾਰੇ ਸ਼ਨਾਖ਼ਤ ਇੱਕ ਗੰਭੀਰ ਵਿਸ਼ਵ ਪੱਧਰੀ ਚਿੰਤਾ ਦਾ ਵਿਸ਼ਾ ਹੈ।ਇਹਨਾਂ ਮਾਮਲਿਆਂ ਨੇ ਸਾਨੂੰ ਇੱਕ ਹੋਰ ਗੰਭੀਰ ਸਚਾਈ ਵੱਲ ਧਿਆਨ ਦਿਵਾਇਆ ਹੈ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਨੌਜਵਾਨ ਪੀੜ੍ਹੀ ਸਿਰਫ਼ ਸਮਾਜਕ ਜਾਂ ਧਾਰਮਿਕ ਚੁਨੌਤੀਆਂ ਨਾਲ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਦੀਆਂ ਖ਼ਤਰਨਾਕ ਚਾਲਾਂ ਨਾਲ ਵੀ ਸਾਹਮਣਾ ਕਰ ਰਹੀ ਹੈ।ਇੱਕ ਘਟਨਾ, ਜੋ ਜਨਵਰੀ 2026 ਵਿੱਚ ਬ੍ਰਿਟੇਨ ਦੇ ਪੱਛਮੀ ਲੰਡਨ ਵਿੱਚ ਵਾਪਰੀ, ਜਿਸ ਨੇ ਇਸ ਚਿੰਤਾ ਨੂੰ ਹੋਰ ਗਹਿਰਾ ਕਰ ਦਿੱਤਾ। ਲਗਭਗ ਦੋ ਸੌ ਬ੍ਰਿਟਿਸ਼ ਸਿੱਖ ਇੱਕ 16 ਸਾਲਾ ਕੁੜੀ ਨੂੰ ਬਚਾਉਣ ਲਈ ਇਕੱਠੇ ਹੋਏ, ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਨੂੰ ਇੱਕ 34 ਸਾਲਾ ਵਿਅਕਤੀ ਨੇ ਹਾਊਨਸਲੋ ਦੇ ਇੱਕ ਫਲੈਟ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਕਈ ਸਾਲਾਂ ਤੋਂ ਮਨੋਵਿਗਿਆਨਕ ਤਰੀਕਿਆਂ ਨਾਲ ਉਸ ‘ਤੇ ਧਰਮ ਪਰਿਵਰਤਨ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਇਹ ਸਿਰਫ਼ ਇਕ ਘਟਨਾ ਨਹੀਂ, ਸਗੋਂ ਇੱਕ ਵੱਡੇ ਪ੍ਰਸ਼ਨ ਵੱਲ ਇਸ਼ਾਰਾ ਕਰਦੀ ਹੈ ਕਿ, ਕੀ ਆਧੁਨਿਕ ਲੋਕਤੰਤਰਿਕ ਸਮਾਜਾਂ ਵਿੱਚ ਘੱਟ ਗਿਣਤੀਆਂ ਦੀਆਂ ਬੇਟੀਆਂ ਸੱਚਮੁੱਚ ਸੁਰੱਖਿਅਤ ਹਨ?
ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ 1997 ਤੋਂ ਹੀ ਦਰਜ ਹੋ ਰਹੀਆਂ ਹਨ। 2010 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ ਅਤੇ ਯੂਰਪ ਵਿੱਚ ਵੱਸਦੇ ਕੁਝ ਸਿੱਖ ਪਰਿਵਾਰਾਂ ਨੇ ਖ਼ੁਲਾਸਾ ਕੀਤਾ ਕਿ ਕੁਝ ਨੌਜਵਾਨ ਕੁੜੀਆਂ ਨੂੰ ਸੋਸ਼ਲ ਮੀਡੀਆ, ਕਾਲਜਾਂ ਜਾਂ ਦੋਸਤੀ ਦੇ ਰਿਸ਼ਤਿਆਂ ਰਾਹੀਂ ਫਸਾਇਆ ਜਾ ਰਿਹਾ ਹੈ।
ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਹਾਲਾਤ ਬ੍ਰਿਟੇਨ ਤੋਂ ਵੀ ਬਦਤਰ ਤੇ ਚਿੰਤਾਜਨਕ ਹੈ, ਜਿੱਥੇ ਘਟ ਗਿਣਤੀਆਂ ਦੀਆਂ ਬੇਟੀਆਂ ਨਾਲ ਜੁੜੀਆਂ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਕਈ ਵਾਰ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।
ਇਸ ਸੰਦਰਭ ਵਿੱਚ ਭਾਰਤੀ ਨਾਗਰਿਕ ਸਰਬਜੀਤ ਕੌਰ ਦਾ ਮਾਮਲਾ ਹਾਲੀਆ ਸਮੇਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣਿਆ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਪੰਜਾਬ ਤੋਂ ਗੁਰਦੁਆਰਾ ਦਰਸ਼ਨਾਂ ਲਈ ਪਾਕਿਸਤਾਨ ਗਈ ਸਰਬਜੀਤ ਕੌਰ ਬਾਰੇ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ “ਨੂਰ” ਨਾਮ ਰੱਖ ਲਿਆ ਅਤੇ ਪਾਕਿਸਤਾਨੀ ਨਾਗਰਿਕ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਤਿੱਖਾ ਰੋਸ ਪੈਦਾ ਹੋਇਆ। ਕਈ ਲੋਕਾਂ ਨੇ ਇਸ ਨੂੰ ਸਿੱਖ ਪਹਿਚਾਣ ਲਈ ਚਿੰਤਾਜਨਕ ਮੰਨਦਿਆਂ ਸਰਬਜੀਤ ਬਾਰੇ ਕੜੀ ਪ੍ਰਤੀਕਿਰਿਆ ਦਿੱਤੀ।
ਜੇਕਰ ਕਿਸੇ ਨੌਜਵਾਨ ਕੁੜੀ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਫਸਾਇਆ ਜਾਵੇ, ਫਿਰ ਨਿੱਜੀ ਜਾਣਕਾਰੀ ਜਾਂ ਤਸਵੀਰਾਂ ਦੇ ਆਧਾਰ ‘ਤੇ ਬਲੈਕਮੇਲ ਕਰਕੇ ਉਸ ਦੀ ਪਹਿਚਾਣ ਅਤੇ ਧਰਮ ਬਦਲਣ ਲਈ ਮਜਬੂਰ ਕੀਤਾ ਜਾਵੇ, ਤਾਂ ਇਹ ਸਿਰਫ਼ ਇਕ ਵਿਅਕਤੀ ਦੀ ਤਰਾਸਦੀ ਨਹੀਂ ਰਹਿੰਦੀ—ਇਹ ਪੂਰੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।
ਇਸ ਤੋਂ ਪਹਿਲਾਂ 2019 ਵਿੱਚ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਧੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਦਾ ਨਾਮ ਆਇਸ਼ਾ ਰੱਖ ਕੇ ਮੁਹੰਮਦ ਹਸਨ ਨਾਲ ਨਿਕਾਹ ਕਰਾਇਆ ਗਿਆ। ਇਸ ਮਾਮਲੇ ਨੇ ਵਿਸ਼ਵ ਪੱਧਰ ‘ਤੇ ਚਿੰਤਾ ਪੈਦਾ ਕੀਤੀ ਸੀ।
ਇਸ ਤੋਂ ਬਾਅਦ ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਨਾਬਾਲਗ ਧੀ ਬੁਲਬੁਲ ਕੌਰ ਦੇ ਅਗਵਾ ਹੋਣ ਦੀ ਘਟਨਾ ਨੇ ਵੀ ਸਿੱਖ ਭਾਈਚਾਰੇ ਨੂੰ ਗਹਿਰੇ ਝਟਕੇ ਦਿੱਤੇ ਸਨ।
ਪਾਕਿਸਤਾਨ ਦਾ ਨਿਜ਼ਾਮ ਧਰਮ ਪਰਿਵਰਤਨ ਦੇ ਮਾਮਲਿਆਂ ਪ੍ਰਤੀ ਬੇਬਸ ਅਤੇ ਲਾਚਾਰ ਦਿੱਖ ਰਿਹਾ ਹੈ । ਜਿਸ ਕਾਰਨ ਘਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ’ਚ ਪੂਰੀ ਤਰਾਂ ਨਾਕਾਮ ਹੋ ਚੁੱਕਿਆ ਹੈ। ਪਾਕਿਸਤਾਨ ’ਚ 18 ਸਾਲ ਤੋਂ ਘਟ ਉਮਰ ਵਾਲਿਆਂ ਦੇ ਧਰਮ ਪਰਿਵਰਤਨ ਨੂੰ ਗੈਰ ਕਾਨੂੰਨੀ ਠਹਿਰਾਉਣ ਦੇ ਮਕਸਦ ਨਾਲ ਬਣਾਏ ਗਏ ’ਧਰਮ ਪਰਵਰਤਨ ਵਿਰੋਧੀ ਕਾਨੂੰਨ ਬਿੱਲ’ ਨੂੰ ਵਿਸ਼ੇਸ਼ ਸੰਸਦੀ ਕਮੇਟੀ ਨੇ ਕੁਝ ਸਾਲ ਪਹਿਲਾਂ ਮੌਲਵੀਆਂ, ਕੱਟੜਪੰਥੀਆਂ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਵਿਰੋਧ ਕਾਰਨ ਰੱਦ ਕਰਦਿਆਂ ਘਟ ਗਿਣਤੀਆਂ ਨੂੰ ਪੂਰੀ ਤਰਾਂ ਖੂੰਜੇ ਲਗਾ ਦਿੱਤਾ ਸੀ। ਇਸ ਨਾਲ ਘਟ ਗਿਣਤੀਆਂ ਦੇ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਦਾ ਕੌਮਾਂਤਰੀ ਪੱਧਰ ’ਤੇ ਝੂਠਾ ਰਾਗ ਅਲਾਪਣ ਵਾਲੇ ਪਾਕਿਸਤਾਨ ਦੀ ਸਾਰੀ ਸਚਾਈ ਸਾਹਮਣੇ ਆ ਗਈ ਸੀ।
ਉਕਤ ਸੰਸਦੀ ਮੀਟਿੰਗ ਦੌਰਾਨ ਘਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹਿੰਦੂ ਸਿੱਖ ਸੰਸਦ ਮੈਂਬਰਾਂ ਦਾ ਪੱਖ ਤਾਂ ਸੁਣਿਆ ਨਹੀਂ ਗਿਆ ਪਰ ਸਿੰਧ ’ਚ ਜਬਰੀ ਧਰਮ ਪਰਿਵਰਤਨ ਲਈ ਦੋਸ਼ੀ ਮੌਲਵੀ ਨੂੰ ਬ੍ਰੀਫਿੰਗ ਲਈ ਉਚੇਚਾ ਸੱਦਿਆ ਗਿਆ। ਜਿਨ੍ਹਾਂ ਲਈ ਧਰਾਤਲ ਨਾ ਕੇਵਲ ’ਨਾਗਵਾਰ’ ਹੈ, ਸਗੋਂ ਇਸ ਵਿਸ਼ੇ ’ਤੇ ਕਾਨੂੰਨ ਬਣਾਉਣਾ ਇਸਲਾਮ ਅਤੇ ਸ਼ਰੀਅਤ ਦੇ ਵਿਰੁੱਧ ਕਰਾਰ ਦਿੱਤਾ ਗਿਆ। ਹਿੰਦੂਆਂ ਪ੍ਰਤੀ ਅਜਿਹਾ ਨਕਾਰਾਤਮਿਕ ਵਤੀਰਾ ਇਹ ਦੱਸਦਾ ਹੈ ਕਿ ਉਨ੍ਹਾਂ ਲਈ ਘਟ ਗਿਣਤੀਆਂ ਦੀ ਸੁਰੱਖਿਆ ਕੋਈ ਗੰਭੀਰ ਮੁੱਦਾ ਨਹੀਂ ।
ਘਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਇਸੇ ਤਰਾਂ ਦਾ ਬਿੱਲ 2013 ਤੇ 2016 ’ਚ ਸੂਬਾ ਸਿੰਧ ਦੀ ਅਸੈਂਬਲੀ ’ਚ ਲਿਆਂਦਾ ਗਿਆ, ਫਿਰ 2019 ’ਚ ਤਾਂ ਇਸ ਨੂੰ ਪਾਸ ਤਕ ਕੀਤਾ ਗਿਆ ਪਰ ਤੁਰੰਤ ਬਾਅਦ ਹੀ ਸੂਬਾ ਗਵਰਨਰ ਵੱਲੋਂ ਇਹ ਕਹਿੰਦਿਆਂ ਰੱਦ ਕਰ ਦਿੱਤਾ ਗਿਆ ਕਿ ਇਸਲਾਮ ’ਚ ਧਰਮ ਪਰਵਰਤਨ ਕਰਾਉਣਾ ਗੁਨਾਹ ਨਹੀਂ ਸਗੋਂ ਸਵਾਬ ਭਾਵ ਪੁੰਨ ਦਾ ਕੰਮ ਹੈ । ਧਰਮ ਪਰਿਵਰਤਨ ਲਈ ਜੋ ਧੱਕਾ ਕੀਤਾ ਜਾ ਰਿਹਾ ਹੈ ਉਹ ਇਸਲਾਮ ਦੀ ’ਸੇਵਾ’ ਹਨ।
ਸਿੱਖ ਧਰਮ ਵਿੱਚ “ਕੌਰ” ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਆਦਰਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਦਿਆਂ ਸਿੱਖ ਮਹਿਲਾ ਨੂੰ “ਕੌਰ” ਦਾ ਸਨਮਾਨ ਦਿੱਤਾ, ਜੋ ਸਮਾਨਤਾ, ਆਤਮ-ਗੌਰਵ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ।
ਇਸ ਲਈ ਜਦੋਂ ਕਿਸੇ ਸਿੱਖ ਬੇਟੀ ਦੀ ਪਹਿਚਾਣ ਨੂੰ ਧੋਖੇ, ਦਬਾਅ ਜਾਂ ਜ਼ਬਰ ਰਾਹੀਂ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਇਹ ਸਿਰਫ਼ ਇੱਕ ਵਿਅਕਤੀ ਦਾ ਮਸਲਾ ਨਹੀਂ ਰਹਿੰਦਾ—ਇਹ ਸਮਾਜਕ ਮਰਿਆਦਾ, ਸਭਿਆਚਾਰਕ ਅਸਤਿਤਵ ਅਤੇ ਧਾਰਮਿਕ ਪਹਿਚਾਣ ਨਾਲ ਜੁੜਿਆ ਮਾਮਲਾ ਬਣ ਜਾਂਦਾ ਹੈ।
ਪਰ “K2K” ਦੀ ਚਰਚਾ ਨੂੰ ਕੇਵਲ ਧਾਰਮਿਕ ਟਕਰਾਅ ਦੇ ਤੌਰ ‘ਤੇ ਵੀ ਨਹੀਂ ਦੇਖਣਾ ਚਾਹੀਦਾ। ਜੇ ਕਿਸੇ ਨਾਬਾਲਗ ਜਾਂ ਨੌਜਵਾਨ ਕੁੜੀ ਨੂੰ ਗਰੂਮਿੰਗ, ਧੋਖੇ, ਮਨੋਵਿਗਿਆਨਕ ਦਬਾਅ ਜਾਂ ਬਲੈਕਮੇਲ ਰਾਹੀਂ ਪ੍ਰਭਾਵਿਤ ਕੀਤਾ ਜਾਂਦਾ ਹੈ, ਤਾਂ ਇਹ ਸਿੱਧਾ ਮਹਿਲਾ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਵੀ ਬਣ ਜਾਂਦਾ ਹੈ।
ਸਿੱਖ ਇਤਿਹਾਸ ਸਾਨੂੰ ਅਨਿਆਇ ਦੇ ਵਿਰੁੱਧ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ। ਗੁਰੂ ਤੇਗ਼ ਬਹਾਦਰ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਪਰੰਪਰਾ ਨੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਸਧਾਰਨ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਅੱਜ ਵੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜਿੱਥੇ ਵੀ ਕਿਸੇ ਦੀ ਪਹਿਚਾਣ, ਆਜ਼ਾਦੀ ਜਾਂ ਮਰਿਆਦਾ ਨੂੰ ਖ਼ਤਰਾ ਹੋਵੇ, ਉੱਥੇ ਸਚਾਈ ਅਤੇ ਨਿਆਂ ਦੀ ਆਵਾਜ਼ ਬੁਲੰਦ ਕੀਤੀ ਜਾਵੇ।
“ਕੌਰ ਤੋਂ ਖਾਨ” ਦੀ ਚਰਚਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਮਹਿਲਾ ਦੀ ਆਜ਼ਾਦੀ, ਧਾਰਮਿਕ ਪਹਿਚਾਣ ਅਤੇ ਮਨੁੱਖੀ ਮਰਿਆਦਾ ਕਿਸੇ ਵੀ ਸਭਿਆਚਾਰਕ ਸਮਾਜ ਦੀ ਸਭ ਤੋਂ ਵੱਡੀ ਕਸੌਟੀ ਹੁੰਦੀ ਹੈ।
ਜੇ ਅਸੀਂ ਇਸ ਕਸੌਟੀ ‘ਤੇ ਖਰੇ ਉੱਤਰਨਾ ਚਾਹੁੰਦੇ ਹਾਂ ਤਾਂ ਸਮਾਜ, ਰਾਜ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਅਜਿਹੀਆਂ ਪ੍ਰਵਿਰਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ।
ਸਵਾਲ ਅਜੇ ਵੀ ਖੜ੍ਹਾ ਹੈ — ਕੀ ਦੁਨੀਆ ਵਿੱਚ ਸਿੱਖ ਬੇਟੀਆਂ ਸੱਚਮੁੱਚ ਸੁਰੱਖਿਅਤ ਹਨ?
ਅਤੇ ਜੇ ਨਹੀਂ, ਤਾਂ ਕੀ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ?
Leave a Reply