August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਰਕਾਰ ਬਜਟ ‘ਤੇ ਪਵਨ ਦੀਵਾਨ ਦਾ ਤਿੱਖਾ ਹਮਲਾ: ਸਭ ਤੋਂ ਖਰਾਬ, ਖੋਖਲਾ ਅਤੇ ਦ੍ਰਿਸ਼ਟੀਹੀਣ ਬਜਟ ਦੱਸਿਆ 

 

ਲੁਧਿਆਣਾ

( ਜਸਟਿਸ ਨਿਊਜ਼  )

ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਸੂਬੇ ਦੇ ਇਤਿਹਾਸ ਦੇ ਸਭ ਤੋਂ ਖਰਾਬ ਬਜਟਾਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸਰਕਾਰ ਦੀ ਵਿੱਤੀ ਸੋਚ ‘ਤੇ ਭਰੋਸਾ ਖੋ ਚੁੱਕੇ ਹਨ ਅਤੇ ਇਹ ਬਜਟ ਉਨ੍ਹਾਂ ਦੀ ਨਿਰਾਸ਼ਾ ਨੂੰ ਹੋਰ ਵਧਾਉਂਦਾ ਹੈ।ਦੀਵਾਨ ਨੇ ਬਜਟ ‘ਤੇ ਪ੍ਰਤੀਕਿਰਿਆ ਦਿੰਦਿਆਂ, ਇਸਨੂੰ ਨਿਰਾਸ਼ਾਜਨਕ, ਹਤਾਸ਼ ਕਰਨ ਵਾਲਾ ਅਤੇ ਭਰਮ ਪੈਦਾ ਕਰਨ ਵਾਲਾ ਦੱਸਦਿਆਂ, ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਲਈ ਝੂਠਾਂ ਦਾ ਇੱਕ ਪੁਲੰਦਾ ਹੈ। ਉਨ੍ਹਾਂ ਨੇ ਸੂਬੇ ‘ਤੇ ਵੱਧ ਰਹੇ ਕਰਜ਼ੇ ਦਾ ਜ਼ਿਕਰ ਕਰਦਿਆਂ, ਆਪ ਸਰਕਾਰ ‘ਤੇ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਵਿਜ਼ਨ ਵਾਲੀਆਂ ਨੀਤੀਆਂ ਅਪਣਾਉਣ ਦਾ ਦੋਸ਼ ਲਗਾਇਆ, ਜਿਸ ਨਾਲ ਪੰਜਾਬ ਦੀ ਅਰਥ ਵਿਵਸਥਾ ਕਮਜ਼ੋਰ ਹੋ ਗਈ ਹੈ।ਆਪ ਦੇ “ਬਦਲਾਵ” ਦੇ ਨਾਰੇ ‘ਤੇ ਤੰਜ਼ ਕੱਸਦਿਆਂ, ਦੀਵਾਨ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਇਸਨੂੰ ਕੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਵਿੱਤੀ ਮਾੜੇ ਪ੍ਰਬੰਧਾਂ ਦਾ ਅਖੀਰਕਾਰ ਭਾਰ ਆਮ ਲੋਕਾਂ ‘ਤੇ ਪਵੇਗਾ ਅਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਹੋਇਆ ਨੁਕਸਾਨ ਪੂਰਾ ਕਰਨ ਵਿੱਚ ਸਾਲ ਲੱਗ ਜਾਣਗੇ।

ਉਨ੍ਹਾਂ ਨੇ ਬਜਟ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਬੇਰੰਗ ਕਰਾਰ ਦਿੰਦਿਆਂ, ਕਿਹਾ ਕਿ ਇਹ ਇੱਕ ਸ਼ਰਮਨਾਕ ਗੱਲ ਹੈ ਕਿ ਕਿਸਾਨ ਪ੍ਰਧਾਨ ਸੂਬੇ ਵਿੱਚ ਕਿਸਾਨਾਂ ਲਈ ਕੋਈ ਢੁੱਕਵੇਂ ਕਦਮ ਨਹੀਂ ਐਲਾਨੇ ਗਏ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਉਦਯੋਗਿਕ ਖੇਤਰ ਲਈ ਵੀ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ।ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 18 ਸਾਲ ਤੋਂ ਉੱਪਰ ਦੀਆਂ ਆਮ ਵਰਗ ਦੀਆਂ ਮਹਿਲਾਵਾਂ ਨੂੰ 1,000 ਰੁਪਏ ਅਤੇ ਐੱਸਸੀ ਵਰਗ ਦੀਆਂ ਮਹਿਲਾਵਾਂ ਨੂੰ 1,500 ਰੁਪਏ ਮਹੀਨਾ ਦੇਣ ਦੇ ਐਲਾਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਦੀਵਾਨ ਨੇ ਇਸ ਯੋਜਨਾ ਦੇ ਸਮੇਂ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਚਾਰ ਸਾਲ ਤੱਕ ਇਸ ਸਰਕਾਰ ਨੇ ਮਹਿਲਾਵਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ।ਉਨ੍ਹਾਂ ਕਿਹਾ ਕਿ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਹੁਣ ਸਰਕਾਰ ਨੂੰ ਅਚਾਨਕ ਆਪਣਾ ਵਾਅਦਾ ਯਾਦ ਆ ਗਿਆ ਹੈ। ਜੇਕਰ ਸਰਕਾਰ ਸੱਚਮੁੱਚ ਗੰਭੀਰ ਹੁੰਦੀ ਤਾਂ ਪਿਛਲੇ ਚਾਰ ਸਾਲਾਂ ਦੇ ਬਕਾਇਆ ਪੈਸੇ ਵੀ ਦੇਣ ਦਾ ਐਲਾਨ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਇਸ ਸਿਆਸਤ ਪ੍ਰੇਰਿਤ’ ਕਦਮ ਨੂੰ ਸਮਝਣ ਲਈ ਕਾਫ਼ੀ ਸਿਆਣੀਆਂ ਹਨ।ਦੀਵਾਨ ਨੇ ਇਹ ਵੀ ਕਿਹਾ ਕਿ ਟੈਕਸ ਭਰਨ ਵਾਲਿਆਂ ਅਤੇ ਕੁਝ ਹੋਰ ਵਰਗਾਂ ਨੂੰ ਯੋਜਨਾ ਤੋਂ ਬਾਹਰ ਰੱਖਣ ਨਾਲ ਇਸਦਾ ਸਾਰਿਆਂ ਲਈ ਸਕੀਮ ਹੋਣ ਦਾਅਵਾ ਖਤਮ ਹੋ ਜਾਂਦਾ ਹੈ।

ਜਦਕਿ ਪਿਛਲੇ ਬਜਟਾਂ ਵਿੱਚ ਕੀਤੀਆਂ ਘੋਸ਼ਣਾਵਾਂ ਦੀ ਮੌਜੂਦਾ ਹਾਲਤ ‘ਤੇ ਸਵਾਲ ਚੁੱਕਦਿਆਂ, ਦੀਵਾਨ ਨੇ ਆਪ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਦੌਰ ਦੇ ਸਾਰੇ ਬਜਟਾਂ ਵਿੱਚ ਕੀਤੀਆਂ ਘੋਸ਼ਣਾਵਾਂ ‘ਤੇ ਇੱਕ “ਵਾਈਟ ਪੇਪਰ” ਜਾਰੀ ਕਰੇ। ਉਨ੍ਹਾਂ ਕਿਹਾ ਕਿ ਯੂ-ਟਰਨ, ਟੁੱਟੇ ਵਾਅਦੇ, ਝੂਠ ਅਤੇ ਦੋਹਰਾਪਣ ਇਸ ਸਰਕਾਰ ਦੀ ਪਹਚਾਣ ਬਣ ਚੁੱਕੇ ਹਨ। ਹੁਣ ਇਹ ਸਰਕਾਰ ਪੰਜਾਬ ਦੇ ਤਿੰਨ ਕਰੋੜ ਲੋਕਾਂ ਅੱਗੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ।ਦੀਵਾਨ ਨੇ ਦੋਹਰਾਇਆ ਕਿ ਆਪ ਸਰਕਾਰ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਸ਼ਾਨ ਅਤੇ ਖੁਸ਼ਹਾਲੀ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੇਗੀ, ਤਾਂ ਸਾਡੀ ਪਹਿਲੀ ਤਰਜੀਹ ਪੰਜਾਬ ਦੀ ਡਗਮਗਾਉਂਦੀ ਅਰਥਵਿਵਸਥਾ ਨੂੰ ਸਥਿਰ ਕਰਨਾ, ਵਿੱਤੀ ਅਨੁਸ਼ਾਸਨ ਮੁੜ ਕਾਇਮ ਕਰਨਾ ਅਤੇ ਸੂਬੇ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਵਾਪਸ ਲਿਆਉਣਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਸੀ ਸਰਕਾਰ ਦੀ ਲੋੜ ਹੈ ਜੋ ਵਾਅਦੇ ਪੂਰੇ ਕਰੇ, ਸਰੋਤਾਂ ਦਾ ਜ਼ਿੰਮੇਵਾਰੀ ਨਾਲ ਪ੍ਰਬੰਧ ਕਰੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰੇ, ਨਾ ਕਿ ਸਿਰਫ਼ ਲੋਕਲੁਭਾਵਣੇ ਹਥਕੰਡਿਆਂ ਵਿੱਚ ਲੱਗੀ ਰਹੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.