August 17, 2026

Justice News

ਅਵਾਮ ਦੀ ਆਵਾਜ਼

ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਵਿਖੇ 37ਵਾਂ ਸਲਾਨਾ ਸਮਾਗਮ 8 ਮਾਰਚ ਨੂੰ

ਫਗਵਾੜਾ
(ਸ਼ਿਵ ਕੌੜਾ)
ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਅਤੇ ਸੰਗੀਤ ਅਕੈਡਮੀ ਸਪਰੋੜ ਵਿਖੇ ਇਲਾਕੇ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਸਦਕਾ 37ਵਾਂ ਸਲਾਨਾ ਧਾਰਮਿਕ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਆਸ਼ਰਮ ਦੇ ਸੰਚਾਲਕ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 2:30 ਵਜੇ ਤੱਕ ਕੀਰਤਨ ਦਰਬਾਰ ਸਜੇਗਾ। ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ ਜਥੇ ਅਤੇ ਧਾਰਮਿਕ ਪ੍ਰਚਾਰਕ ਗੁਰਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਪਹੁੰਚ ਰਹੇ ਵੱਖ-ਵੱਖ ਸੰਤ ਮਹਾਪੁਰਖਾਂ ਵਿੱਚ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਨੰਦੇੜ ਵਾਲੇ, ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸ਼੍ਰੀ ਆਨੰਦਪੁਰ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਪੰਡਵਾ ਵਾਲੇ, ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ, ਸੰਤ ਬਾਬਾ ਤੀਰਥ ਸਿੰਘ 8ਵੀਂ ਅੰਸ ਬੰਸ ਭਾਈ ਜੀਵਨ ਸਿੰਘ ਜੀ ਤੋਂ ਇਲਾਵਾ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ, ਭਾਈ ਸਨਬੀਰ ਸਿੰਘ ਜਲੰਧਰ, ਬਾਬਾ ਸੂਬਾ ਸਿੰਘ ਅਤੇ ਸ਼ਮਸ਼ੇਰ ਸਿੰਘ ਚੰਦੂਆਣਾ ਸਾਹਿਬ, ਭਾਈ ਜੈਦੀਪ ਸਿੰਘ ਕਥਾ ਵਾਚਕ ਫਗਵਾੜਾ, ਭਾਈ ਜਗਦੀਪ ਸਿੰਘ ਆਨੰਦਪੁਰ ਸਾਹਿਬ, ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜੱਥਾ ਜਲੰਧਰ ਅਤੇ ਨੇਤਰਹੀਣ ਬਿਰਧ ਆਸ਼ਰਮ ਸੰਗੀਤ ਅਕੈਡਮੀ ਦੇ ਬੱਚੇ ਵੀ ਸਮਾਗਮ ਵਿੱਚ ਹਾਜਰੀ ਭਰਦੇ ਹੋਏ ਸੰਗਤਾਂ ਨੂੰ ਪ੍ਰਚਾਰਕਾਂ ਵੱਲੋਂ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਵਰਖਾ ਕਰਦੇ ਹੋਏ ਗੁਰਬਾਣੀ ਨਾਲ ਜੋੜਨਗੇ। ਧਾਰਮਿਕ ਕਵੀ ਦਰਬਾਰ ਵੀ ਹੋਵੇਗਾ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਲਾਨਾ ਸਮਾਗਮ ਦੌਰਾਨ ਡਾ. ਮਿੱਤਰਾ ਅੱਖਾਂ ਦਾ ਹਸਪਤਾਲ ਫਗਵਾੜਾ ਦੇ ਸਹਿਯੋਗ ਸਦਕਾ ਅੱਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਡਾ. ਸੰਦੀਪ ਸ਼ਰਮਾ ਹੋਮਿਓਪੈਥੀ, ਡਾ. ਵਸੀਮ ਅਹਿਮਦ (ਖਾਨ ਹਸਪਤਾਲ) ਹੱਡੀ ਰੋਗਾਂ ਦੇ ਮਾਹਿਰ, ਡਾ. ਅਮਨਦੀਪ ਕੌਰ ਐਮ.ਡੀ. (ਸੁਪਰ ਸਪੈਸ਼ਲਿਟੀ ਹਸਪਤਾਲ) ਲੋੜਵੰਦ ਮਰੀਜਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ ਦਵਾਈਆਂ ਦੇਣਗੇ। ਬਲੱਡ ਬੈਂਕ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ, ਉਹਨਾਂ ਨੇ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਫਰੀ ਮੈਡੀਕਲ ਕੈਂਪ ਦਾ ਲਾਭ ਉਠਾਇਆ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.