October 1, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਖ਼ਬਰਾਂ

ਪੰਜਾਬ ਗੁਰੂਆਂ ਦੀ ਧਰਤੀ, ਤਪ-ਤਿਆਗ ਅਤੇ ਕੁਰਬਾਨੀ ਦੀ ਭੂਮੀ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਵਿੱਚ ਇੱਕ ਸਾਲ ਵਿੱਚ 60 ਵਾਅਦੇ ਕੀਤੇ ਪੂਰੇ, 120 ‘ਤੇ ਤੇਜ਼ੀ ਨਾਲ ਕੰਮ ਜਾਰੀ, ਹੁਣ ਪੰਜਾਬ ਵਿੱਚ ਵੀ ਹੈ ਬਦਲਾਅ ਦੀ ਵਾਰੀ – ਮੁੱਖ ਮੰਤਰੀ

ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ -ਮੁੱਖ ਮੰਤਰੀ

ਚੰਡੀਗੜ੍ਹ

( ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿੱਚ ਸੈਣੀ ਸਮਾਜ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ  ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਇਹ ਤਪ, ਤਿਆਗ ਅਤੇ ਕੁਰਬਾਨੀ ਦੀ ਭੂਮੀ ਹੈ। ਉਨ੍ਹਾਂ ਕਿਹਾ ਕਿ ਵੰਡ ਦੀ ਪੀੜ ਝੱਲਣ ਦੇ ਬਾਵਜੂਦ ਇੱਥੋਂ ਦੇ ਲੋਕਾਂ ਨੇ ਕਦੇ ਵੀ ਨਿਰਾਸ਼ਾ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੱਤਾ ਅਤੇ ਆਤਮ-ਵਿਸ਼ਵਾਸ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾਇਆ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਦੀਆਂ ਆਉਣ ਵਾਲੀਆਂ ਚੋਣਾਂ ਸਿਰਫ਼ ਸਰਕਾਰ ਬਦਲਣ ਦੀਆਂ ਚੋਣਾਂ ਨਹੀਂ ਹਨ, ਇਹ ਚੋਣਾਂ ਪੰਜਾਬ ਦੀ ਸਿਆਸੀ ਦਿਸ਼ਾ ਬਦਲਣ ਅਤੇ ਸਮਾਜ ਨੂੰ ਸਨਮਾਨ ਦਿਵਾਉਣ ਦਾ ਮੌਕਾ ਹਨ।

ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆ ਕੇ ਉਹ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ। ਹਾਜ਼ਰ ਜਨਸਮੂਹ ਨੂੰ ਨਮਨ ਕਰਦਿਆਂ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੇ ਰਾਹ ‘ਤੇ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ, “ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੈਣੀ ਸਮਾਜ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ। ਮੇਰੇ ਵਰਗੇ ਇੱਕ ਛੋਟੇ ਜਿਹੇ ਕਾਰਜਕਰਤਾ ਨੂੰ ਮੁੱਖ ਮੰਤਰੀ ਬਣਾ ਕੇ ਸਮਾਜ ਨੂੰ ਤਾਕਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਉਹ ਆਪਣਾ ਦੂਜਾ ਬਜਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ 217 ਸੰਕਲਪਾਂ ਵਿੱਚੋਂ 60 ਪੂਰੇ ਕੀਤੇ ਜਾ ਚੁੱਕੇ ਹਨ ਅਤੇ 120 ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਕਿਡਨੀ ਦੇ ਮਰੀਜ਼ਾਂ ਨੂੰ ਸਾਰੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਬਜ਼ੁਰਗਾਂ ਨੂੰ ਹਰ ਮਹੀਨੇ ਦੀ 10 ਤਾਰੀਖ ਤੱਕ ਪੈਨਸ਼ਨ ਘਰ ਬੈਠੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਲਾਡੋ ਲਛਮੀ’ ਯੋਜਨਾ ਤਹਿਤ ਔਰਤਾਂ ਨੂੰ 2100 ਰੁਪਏ ਦਿੱਤੇ ਜਾ ਰਹੇ ਹਨ। ਕਿਸਾਨਾਂ ਦੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਖਰੀਦੀਆਂ ਜਾ ਰਹੀਆਂ ਹਨ ਅਤੇ 48 ਘੰਟਿਆਂ ਵਿੱਚ ਭੁਗਤਾਨ ਯਕੀਨੀ ਬਣਾਇਆ ਗਿਆ ਹੈ। ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਵੀ ਕਿਸਾਨਾਂ ਨੂੰ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਜਿਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਪਲਾਟ ਮੁਹੱਈਆ ਕਰਵਾਏ ਜਾ ਰਹੇ ਹਨ। ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨ ‘ਤੇ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕ ਵੀ ਪ੍ਰਦਾਨ ਕੀਤੇ ਗਏ ਹਨ।

ਪੰਜਾਬ ਦੀ ਸੱਤਾ ਕੁਝ ਹੱਥਾਂ ਵਿੱਚ ਰਹਿਣ ਕਾਰਨ ਵਿਕਾਸ ਪ੍ਰਭਾਵਿਤ ਹੋਇਆ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸੱਤਾ ਕੁਝ ਹੱਥਾਂ ਤੱਕ ਸਿਮਟਣ ਕਾਰਨ ਵਿਕਾਸ ਪ੍ਰਭਾਵਿਤ ਹੋਇਆ ਹੈ। ਹੁਣ ਰਾਜਨੀਤੀ ਦੀ ਦਿਸ਼ਾ ਬਦਲਣ ਦਾ ਸਮਾਂ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਓ.ਬੀ.ਸੀ. (OBC) ਵਰਗ ਇੱਕਜੁੱਟ ਹੋ ਕੇ ਨਿਰਣਾਇਕ ਭੂਮਿਕਾ ਨਿਭਾਏਗਾ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਵੇਗਾ ਤਾਂ ਜੋ ਪੰਜਾਬ ਨੂੰ ਫਿਰ ਤੋਂ ਰੰਗਲਾ ਅਤੇ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 31 ਫੀਸਦੀ ਓ.ਬੀ.ਸੀ. ਵਰਗ ਹੈ, ਇਹ ਮਿਲ ਕੇ ਰਾਜਨੀਤੀ ਦੀ ਧੁਰੀ ਬਣਨ ਅਤੇ ਰਾਜਨੀਤਿਕ ਭੂਮਿਕਾ ਨਿਭਾਉਣ। ਸ੍ਰੀ ਸੈਣੀ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ। ਬੇਰੁਜ਼ਗਾਰੀ, ਨਸ਼ਾ, ਅਪਰਾਧ ਅਤੇ ਪਲਾਇਨ (ਹਿਜਰਤ) ਨਾਲ ਜੂਝ ਰਹੇ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਦਾ ਹੁਣ ਵਕਤ ਆ ਗਿਆ ਹੈ। ਇਸ ਕਾਰਜ ਵਿੱਚ ਸੈਣੀ ਸਮਾਜ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ।

ਮੁੱਖ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤੰਜ ਕੱਸਦਿਆਂ ਕਿਹਾ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਵੋਟ ਚੋਰੀ ਦੇ ਦੋਸ਼ ਲਾਏ, ਪਰ ਇਨ੍ਹਾਂ ਦੋਸ਼ਾਂ ਨੂੰ ਜਨਤਾ ਨੇ ਸਿਰੇ ਤੋਂ ਖਾਰਜ ਕਰਨ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਨੇ ਸੈਣੀ ਸਮਾਜ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਨੇ ਆਜ਼ਾਦੀ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਸਰਦਾਰ ਮਹਿੰਗਾ ਸਿੰਘ ਅਤੇ ਸ੍ਰੀ ਹਰੀ ਸਿੰਘ ਸੈਣੀ ਨੂੰ ਸਮਾਜ ਦੇ ਹੀਰੇ ਦੱਸਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਉਨ੍ਹਾਂ ਕਿਹਾ ਕਿ ਸੈਣੀ ਸਮਾਜ ਮਾਨਵਤਾ ਦੀ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਰਿਹਾ ਹੈ। ਪੰਜਾਬ ਵਿੱਚ ਹੜ੍ਹਾਂ ਦੇ ਸਮੇਂ ਸਮਾਜ ਦੇ ਲੋਕਾਂ ਨੇ ਵੱਧ-ਚੜ੍ਹ ਕੇ ਸਹਾਇਤਾ ਕੀਤੀ। ਚੰਡੀਗੜ੍ਹ ਦੇ ਪ੍ਰਸਿੱਧ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਵਿੱਚ ਕਲਾ ਅਤੇ ਸੱਭਿਆਚਾਰ ਦੀ ਅਮਿੱਟ ਛਾਪ ਛੱਡੀ ਹੈ।

ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ, ਅਖਿਲ ਭਾਰਤੀ ਸੈਣੀ ਸਭਾ ਦੇ ਪ੍ਰਧਾਨ ਦਿਲਬਾਗ ਸਿੰਘ ਸੈਣੀ ਅਤੇ ਪ੍ਰਬੰਧਕ ਜਗਦੀਸ਼ ਸੈਣੀ, ਰਘੁਵੀਰ ਸਿੰਘ ਸੈਣੀ, ਲਵਲੀ ਸੈਣੀ, ਪ੍ਰਵੀਨ ਕੁਮਾਰ ਸੈਣੀ, ਹਰਵੀਰ ਸਿੰਘ, ਦਰਬਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

ਸਲਸਵਿਹ/2026

 

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਹੋਲੀ ਮਿਲਣ ਸਮਾਰੋਹ ਵਿੱਚ ਦਿੱਤਾ ਇੱਕਜੁਟਤਾ ਅਤੇ ਵਿਕਾਸ ਦਾ ਸੰਦੇਸ਼

22 ਮਾਰਚ ਨੂੰ ਬਾਦਸ਼ਾਹਪੁਰ ਵਿਧਾਨਸਭਾ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ – ਰਾਓ ਨਰਬੀਰ ਸਿੰਘ

ਚੰਡੀਗੜ੍ਹ,

(  ਜਸਟਿਸ ਨਿਊਜ਼  )

ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੱਲੋਂ ਐਤਵਾਰ ਨੂੰ ਐਸ.ਪੀ.ਆਰ. ਰੋਡ ਸਥਿਤ ਅਨਮੋਲ ਕਨਵੈਂਸ਼ਨ ਸੈਂਟਰ ਵਿੱਚ ਹੋਲੀ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।

ਸਮਾਰੋਹ ਵਿੱਚ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਮੌਜੂਦ ਲੋਕਾਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸੁਖ, ਸ਼ਾਂਤੀ, ਖੁਸ਼ਹਾਲੀ ਅਤੇ ਨਵੀਂ ਊਰਜਾ ਦਾ ਸੰਚਾਰ ਕਰੇ। ਉਨ੍ਹਾਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਆਪਸੀ ਪਿਆਰ, ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਵਿਤਕਰੇ, ਕੁੜੱਤਣ ਅਤੇ ਮਨਮੁਟਾਅ ਨੂੰ ਭੁਲਾ ਕੇ ਇੱਕ-ਦੂਜੇ ਨੂੰ ਗਲੇ ਲਗਾਉਣ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਖ-ਵੱਖ ਰੰਗ ਮਿਲ ਕੇ ਹੋਲੀ ਨੂੰ ਸੁੰਦਰ ਬਣਾਉਂਦੇ ਹਨ, ਉਸੇ ਤਰ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਨਾਲ ਹੀ ਖੇਤਰ ਅਤੇ ਸੂਬੇ ਦਾ ਸੰਤੁਲਿਤ ਵਿਕਾਸ ਸੰਭਵ ਹੈ। ਹੋਲੀ ਦਾ ਸੰਦੇਸ਼ ਆਪਸੀ ਏਕਤਾ, ਸਦਭਾਵਨਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਅਤੇ ਸਾਨੂੰ ਇਸੇ ਭਾਵਨਾ ਨਾਲ ਸਮਾਜ ਅਤੇ ਸੂਬੇ ਦੇ ਵਿਕਾਸ ਵਿੱਚ ਆਪਣੀ ਸਰਗਰਮ ਭੂਮਿਕਾ ਯਕੀਨੀ ਬਣਾਉਣੀ ਚਾਹੀਦੀ ਹੈ।

22 ਮਾਰਚ ਨੂੰ ਬਾਦਸ਼ਾਹਪੁਰ ਵਿਧਾਨ ਸਭਾ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬਣੇ 15 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਜਨਤਾ ਨੇ ਜਿਸ ਵਿਸ਼ਵਾਸ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸਰਕਾਰ ਨੂੰ ਤੀਜੀ ਵਾਰ ਸਮਰਥਨ ਦਿੱਤਾ ਹੈ, ਉਸ ਵਿਸ਼ਵਾਸ ‘ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਨਹਿਤ ਨਾਲ ਜੁੜੀਆਂ ਮੰਗਾਂ ਨੂੰ ਪੜਾਅਵਾਰ ਤਰੀਕੇ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਹੀ ਹੈ ਅਤੇ ਕੀਤੇ ਗਏ ਸਾਰੇ ਐਲਾਨਾ ਨੂੰ ਅਮਲੀ ਰੂਪ ਦੇਣ ਦੀ ਦਿਸ਼ਾ ਵਿੱਚ ਲਗਾਤਾਰ ਕਾਰਜਸ਼ੀਲ ਹੈ।

ਰਾਓ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਵਿਧਾਨ ਸਭਾ ਵਾਰ ਰੈਲੀਆਂ ਅਤੇ ਜਨਸਭਾਵਾਂ ਆਯੋਜਿਤ ਕਰਕੇ ਵਿਕਾਸ ਕਾਰਜਾਂ ਦਾ ਐਲਾਨ ਕਰ ਰਹੇ ਹਨ। ਨਾਲ ਹੀ ਪਿਛਲੇ 15 ਮਹੀਨਿਆਂ ਵਿੱਚ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 22 ਮਾਰਚ ਨੂੰ ਮੁੱਖ ਮੰਤਰੀ ਸਵੇਰੇ 11 ਵਜੇ ਪਟੌਦੀ ਵਿਧਾਨ ਸਭਾ ਖੇਤਰ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 2 ਵਜੇ ਬਾਦਸ਼ਾਹਪੁਰ ਵਿਧਾਨ ਸਭਾ ਖੇਤਰ ਵਿੱਚ ਜਨਸਭਾ ਅਤੇ ਰੈਲੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਵੇਗਾ।

ਬਾਦਸ਼ਾਹਪੁਰ ਵਿਧਾਨ ਸਭਾ ਨਾਲ ਜੁੜੇ ਵਿਕਾਸ ਕਾਰਜਾਂ ਦੀ ਸੂਚੀ ਅਗਲੇ 5 ਦਿਨਾਂ ਵਿੱਚ ਦਫ਼ਤਰ ਭੇਜਣਾ ਯਕੀਨੀ ਕਰਨ ਨਾਗਰਿਕ

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਬਾਦਸ਼ਾਹਪੁਰ ਵਿਧਾਨ ਸਭਾ ਖੇਤਰ ਦੇ ਆਰ.ਡਬਲਯੂ.ਏ. (RWA), ਗ੍ਰਾਮ ਪੰਚਾਇਤਾਂ ਅਤੇ ਸੂਝਵਾਨ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ  ਕਿਹਾ ਕਿ ਮੁੱਖ ਮੰਤਰੀ ਪੱਧਰ ‘ਤੇ ਪ੍ਰਵਾਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਸੂਚੀ ਅਗਲੇ 5 ਦਿਨਾਂ ਦੇ ਅੰਦਰ ਉਨ੍ਹਾਂ ਦੇ ਦਫ਼ਤਰ ਵਿੱਚ ਭੇਜਣਾ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਪ੍ਰਾਪਤ ਮੰਗਾਂ ਦੀ ਭੌਤਿਕ (ਫਿਜ਼ੀਕਲ) ਰਿਪੋਰਟ ਤਿਆਰ ਕਰਵਾਈ ਜਾਵੇਗੀ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਅਧਿਕਾਰਤ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਸਬੰਧਤ ਪ੍ਰੋਜੈਕਟਾਂ ਨੂੰ ਜਲਦੀ ਪ੍ਰਵਾਨਗੀ ਦਿਵਾ ਕੇ ਜ਼ਮੀਨ ‘ਤੇ ਉਤਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪਾਰਦਰਸ਼ੀ, ਜਵਾਬਦੇਹ ਅਤੇ ਨਤੀਜਾਮੁਖੀ ਪ੍ਰਸ਼ਾਸਨ ਦੇਣਾ ਹੈ। ਹਰੇਕ ਖੇਤਰ ਦੇ ਸੰਤੁਲਿਤ ਅਤੇ ਸਰਵਪੱਖੀ ਵਿਕਾਸ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਜਨਤਾ ਦੀਆਂ ਉਮੀਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.