August 17, 2026

Justice News

ਅਵਾਮ ਦੀ ਆਵਾਜ਼

ਖੰਨਾ ਦੇ ਇਤਿਹਾਸ ਦਾ ਸੁਨਿਹਰਾ ਅਧਿਆਇ: ‘ਪੰਜਾਬ ਸਖੀ ਸ਼ਕਤੀ ਮੇਲਾ-2026’ ਬਣਿਆ ਪ੍ਰਸ਼ਾਸਨਕ ਕਾਬਲੀਅਤ ਅਤੇ ਲੋਕ ਭਾਗੀਦਾਰੀ ਦਾ ਸ਼ਾਨਦਾਰ ਮਾਡਲ-ਐਸ.ਡੀ.ਐਮ ਸਵਾਤੀ ਟਿਵਾਣਾ 

ਖੰਨਾ, ਲੁਧਿਆਣਾ
:(ਜਸਟਿਸ ਨਿਊਜ਼)
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਖੰਨਾ ਤੋਂ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਦੀ ਮਿਹਨਤ ਸਦਕਾ ਖੰਨਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੱਗਿਆ ‘ਪੰਜਾਬ ਸਖੀ ਸ਼ਕਤੀ ਮੇਲਾ-2026’, ਜਿਸਨੂੰ  “ਖੰਨਾ ਕਾਰਨੀਵਾਲ” ਵੀ ਕਿਹਾ ਜਾ ਰਿਹਾ ਹੈ, ਸਿਰਫ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਪ੍ਰਸ਼ਾਸਨਕ ਦੂਰਅੰਦੇਸ਼ੀ, ਸੁਚੱਜੇ ਪ੍ਰਬੰਧ ਅਤੇ ਲੋਕ ਭਾਗੀਦਾਰੀ ਦਾ  ਉਦਾਹਰਨ ਬਣ ਕੇ ਸਾਹਮਣੇ ਆਇਆ ਹੈ। ਪਿਛਲੇ ਚਾਰ ਦਿਨਾਂ ਤੋਂ ਦੁਸਹਿਰਾ ਗਰਾਊਂਡ ਵਿੱਚ ਚੱਲ ਰਿਹਾ ਇਹ ਮੇਲਾ ਬੇਹੱਦ ਸੁਖਾਵੇਂ ਅਤੇ ਸੁਰੱਖਿਅਤ ਮਾਹੌਲ ਵਿੱਚ ਸਫਲਤਾਪੂਰਵਕ ਅੱਗੇ ਵੱਧ ਰਿਹਾ ਹੈ।
ਇਸ ਇਤਿਹਾਸਕ ਮੇਲੇ ਦੀ ਸਫਲਤਾ ਦੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਜੀਤ ਬੈਂਸ ਅਤੇ ਉਪ ਮੰਡਲ ਮਜਿਸਟਰੇਟ (ਐੱਸ.ਡੀ.ਐੱਮ) ਸ਼੍ਰੀਮਤੀ ਸਵਾਤੀ ਟਿਵਾਣਾ ਦੀ ਯੋਗ ਅਗਵਾਈ ਹੈ, ਜਿਨ੍ਹਾਂ ਨੇ ਪ੍ਰਸ਼ਾਸਨ ਦੇ ਹਰ ਵਿਭਾਗ ਨਾਲ ਸੁਮੇਲ ਬਣਾ ਕੇ ਪ੍ਰਬੰਧਕੀ ਪ੍ਰਣਾਲੀ ਨੂੰ ਮਜ਼ਬੂਤ ਢੰਗ ਨਾਲ ਲਾਗੂ ਕੀਤਾ। ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਅਤੇ ਨਿਗਰਾਨੀ ਕਾਰਨ ਮੇਲਾ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਉੱਧਰ ਸੁਰੱਖਿਆ ਪ੍ਰਬੰਧਾਂ ਵੱਲੋਂ ਵੀ ਖੰਨਾ ਪ੍ਰਸ਼ਾਸਨ ਨੇ ਮਿਸਾਲ ਕਾਇਮ ਕੀਤੀ ਹੈ। ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਦੇਖਰੇਖ ਹੇਠ ਖੰਨਾ ਪੁਲਿਸ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ, ਟ੍ਰੈਫਿਕ ਕੰਟਰੋਲ, ਐਮਰਜੈਂਸੀ ਸਹਾਇਤਾ, ਸੀ.ਸੀ.ਟੀ.ਵੀ ਨਿਗਰਾਨੀ ਅਤੇ ਮਹਿਲਾ ਸੁਰੱਖਿਆ ਵਰਗੇ ਹਰ ਪਹਿਲੂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸੇ ਕਾਰਨ ਖੰਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹਰ ਰੋਜ਼ ਹਜ਼ਾਰਾਂ ਲੋਕ ਸੁਰੱਖਿਅਤ ਮਾਹੌਲ ਚ  ਮੇਲੇ ਦਾ ਆਨੰਦ ਲੈ ਰਹੇ ਹਨ।
15 ਹਜ਼ਾਰ ਦਰਸ਼ਕਾਂ ਨਾਲ ਗੂੰਜਿਆ ਦੁਸਹਿਰਾ ਗਰਾਊਂਡ
ਮੇਲੇ ਦੇ ਚੌਥੇ ਦਿਨ ਮੰਗਲਵਾਰ ਦੀ ਰਾਤ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਲਾਭ ਹੀਰਾ ਅਤੇ ਗਾਇਕਾ ਹੁਸਨਪ੍ਰੀਤ ਕੌਰ ਦੀ ਜੋੜੀ ਨੇ ਆਪਣੇ ਹਿੱਟ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਉਨ੍ਹਾਂ ਨੂੰ ਸੁਣਨ ਲਈ ਕਰੀਬ 15 ਹਜ਼ਾਰ ਦਰਸ਼ਕ ਦੁਸਹਿਰਾ ਗਰਾਊਂਡ ਵਿੱਚ ਇਕੱਠੇ ਹੋਏ। ਸਰੋਤਿਆਂ ਨੇ ਪੰਜਾਬੀ ਸੱਭਿਆਚਾਰਕ ਧੁਨਾਂ ‘ਤੇ ਭੰਗੜਾ ਪਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਹ ਦ੍ਰਿਸ਼ ਖੰਨਾ ਦੇ ਇਤਿਹਾਸ ਵਿੱਚ ਯਾਦਗਾਰ ਬਣ ਗਿਆ।
*ਰੁਜ਼ਗਾਰ ਅਤੇ ਆਤਮਨਿਰਭਰਤਾ ਵੱਲ ਵੱਡਾ ਕਦਮ*
ਐਸ.ਡੀ.ਐਮ ਸਵਾਤੀ ਟਿਵਾਣਾ ਨੇ ਦੱਸਿਆ ਕਿ ਮੇਲੇ ਵਿੱਚ ਭਾਰਤ ਭਰ ਤੋਂ ਆਏ ਵਪਾਰੀਆਂ, ਦੁਕਾਨਦਾਰਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਨੁਮਾਇੰਦਿਆਂ ਨੇ ਕਰੀਬ 250 ਵੱਖ-ਵੱਖ ਸਟਾਲਾਂ ਲਾਈਆਂ ਹਨ, ਜਿਨ੍ਹਾਂ ਵਿੱਚੋਂ 180 ਸਟਾਲਾਂ ਸੈਲਫ ਹੈਲਪ ਗਰੁੱਪਾਂ ਦੀਆਂ ਹਨ। ਇਹ ਗੱਲ ਖੰਨਾ ਪ੍ਰਸ਼ਾਸਨ ਦੀ ਦੂਰਅੰਦੇਸ਼ੀ ਅਤੇ ਮਹਿਲਾ ਸਸ਼ਕਤੀਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਕੱਲੇ ਸ਼ੈਲਫ਼ ਹੈਲਪ ਗਰੁੱਪਾਂ ਨੇ ਪਹਿਲੇ ਤਿੰਨ ਦਿਨਾਂ ਵਿੱਚ ਹੀ ਕਰੀਬ 15 ਲੱਖ ਰੁਪਏ ਦੀ ਵਿਕਰੀ ਦਰਜ ਹੋਈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਕਿਉਂਕਿ ਇਸ ਸਖੀ ਸ਼ਕਤੀ ਮੇਲੇ ਦਾ ਮਕਸਦ ਵੀ ਸ਼ੈਲਫ਼ ਹੈਲਪ ਗਰੁੱਪਾਂ ਨੂੰ ਪ੍ਰਫੁੱਲਿਤ ਕਰਨਾ ਹੈ। ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਇਹ ਮੇਲਾ ਸਿਰਫ ਮਨੋਰੰਜਨ ਦਾ ਕੇਂਦਰ ਨਹੀਂ, ਸਗੋਂ ਸਥਾਨਕ ਰੁਜ਼ਗਾਰ ਅਤੇ ਛੋਟੇ ਉਦਯੋਗਾਂ ਲਈ ਵੱਡਾ ਮੰਚ ਵੀ ਬਣਿਆ ਹੈ। ਸੈਲਫ ਹੈਲਪ ਗਰੁੱਪਾਂ ਦੀਆਂ ਉਤਪਾਦਾਂ ਨੂੰ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਨੇ ਪ੍ਰਸ਼ਾਸਨ ਦੇ ਯਤਨਾਂ ਨੂੰ ਸਫਲਤਾ ਦੀ ਮੋਹਰ ਲਗਾਈ ਹੈ।
ਬੱਚਿਆਂ ਲਈ ਸਿੱਖਣ ਦਾ ਜੀਵੰਤ ਮੰਚ
ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖਾਸ ਤੌਰ ‘ਤੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਮੇਲੇ ਵਿੱਚ ਦਾਖਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਇੱਥੇ ਲਿਆ ਕੇ ਭਾਰਤ ਦੀਆਂ ਵੱਖ-ਵੱਖ ਕਲਾਕ੍ਰਿਤੀਆਂ, ਹਸਤਸ਼ਿਲਪ ਅਤੇ ਸੈਲਫ ਹੈਲਪ ਗਰੁੱਪਾਂ ਦੇ ਕੰਮਕਾਜ ਬਾਰੇ ਜਾਣੂ ਕਰਵਾਉਣ। ਇਹ ਮੇਲਾ ਬੱਚਿਆਂ ਲਈ ਇੱਕ ਜੀਵੰਤ ਪਾਠਸ਼ਾਲਾ ਸਾਬਤ ਹੋ ਰਿਹਾ ਹੈ, ਜਿੱਥੇ ਉਹ ਸੱਭਿਆਚਾਰ, ਉਦਯੋਗ ਅਤੇ ਸਮਾਜਿਕ ਸਹਿਯੋਗ ਦੇ ਮਾਡਲ ਨੂੰ ਨੇੜੇ ਤੋਂ ਦੇਖ ਰਹੇ ਹਨ।
ਪਰਿਵਾਰਾਂ ਲਈ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ
ਝੂਲੇ, ਖਾਣ-ਪੀਣ ਦੇ ਸਟਾਲ, ਹਸਤਸ਼ਿਲਪ ਪ੍ਰਦਰਸ਼ਨੀਆਂ ਅਤੇ ਹਰ ਰੋਜ਼ ਪੰਜਾਬ ਦੇ ਨਾਮਵਰ ਗਾਇਕਾਂ ਦੀਆਂ ਪੇਸ਼ਕਾਰੀਆਂ – ਇਹ ਸਭ ਕੁਝ ਇੱਕ ਹੀ ਥਾਂ ‘ਤੇ ਉਪਲਬਧ ਹੋਣ ਕਾਰਨ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚ ਰਹੇ ਹਨ। ਬੱਚੇ ਝੂਲਿਆਂ ਦਾ ਆਨੰਦ ਮਾਣ ਰਹੇ ਹਨ। ਪਰਿਵਾਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਲੁਤਫ਼ ਲੈ ਰਹੇ ਹਨ।ਇਸ ਮੇਲੇ ਨਾਲ ਜੁੜੀ ਹਰ ਛੋਟੀ-ਵੱਡੀ ਵਿਵਸਥਾ ਖੰਨਾ ਪ੍ਰਸ਼ਾਸਨ ਦੀ ਸੁਚੱਜੀ ਯੋਜਨਾ ਅਤੇ ਸਖ਼ਤ ਨਿਗਰਾਨੀ ਦਾ ਨਤੀਜਾ ਹੈ। ਸਫ਼ਾਈ, ਪਾਣੀ ਦੀ ਉਪਲਬਧਤਾ, ਮੈਡੀਕਲ ਸਹਾਇਤਾ ਅਤੇ ਟ੍ਰੈਫਿਕ ਕੰਟਰੋਲ ਵਰਗੇ ਪ੍ਰਬੰਧ ਲੋਕਾਂ ਨੂੰ ਸੁਖਦ ਅਨੁਭਵ ਪ੍ਰਦਾਨ ਕਰ ਰਹੇ ਹਨ।
ਪ੍ਰਸ਼ਾਸਨ ਲਈ ਮਾਣ ਦਾ ਪਲ
ਕੁੱਲ ਮਿਲਾ ਕੇ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਖੰਨਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦਾ ਜੀਵੰਤ ਸਬੂਤ ਹੈ। ਐਸ.ਡੀ.ਐਮ ਸਵਾਤੀ ਟਿਵਾਣਾ ਦੀ ਯੋਗ ਅਗਵਾਈ, ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਕੜੀ ਸੁਰੱਖਿਆ ਅਤੇ ਸਾਰੇ ਵਿਭਾਗਾਂ ਦੀ ਸਾਂਝੀ ਮਿਹਨਤ ਨੇ ਇਸ ਮੇਲੇ ਨੂੰ ਇਤਿਹਾਸਕ ਸਫਲਤਾ ਬਖ਼ਸ਼ੀ ਹੈ।
ਖੰਨਾ ਸ਼ਹਿਰ ਲਈ ਇਹ ਮੇਲਾ ਮਾਣ ਅਤੇ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ। ਪ੍ਰਸ਼ਾਸਨ ਦੇ ਢੁਕਵੇਂ ਪ੍ਰਬੰਧਾਂ ਅਤੇ ਦੂਰਦਰਸ਼ੀ ਸੋਚ ਦੇ ਚਲਦਿਆਂ ਲੋਕ ਸੁਖਾਵੇਂ ਮਾਹੌਲ ਵਿੱਚ ਮੇਲੇ ਦਾ ਆਨੰਦ ਮਾਣ ਰਹੇ ਹਨ। ਇਹ ਮੇਲਾ ਸਿਰਫ ਇੱਕ ਸਮਾਗਮ ਨਹੀਂ, ਸਗੋਂ ਖੰਨਾ ਦੇ ਪ੍ਰਸ਼ਾਸਨਕ ਕਾਬਲੀਅਤ ਅਤੇ ਸਾਂਝੀ ਕੋਸ਼ਿਸ਼ਾਂ ਦੀ ਚਮਕਦਾਰ ਮਿਸਾਲ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.