ਆਇਆ ਬਸੰਤ ਪਾਲ਼ਾ ਉਡੰਤ…!


ਡਾ. ਨਿਸ਼ਾਨ ਸਿੰਘ ਰਾਠੌਰ

ਬਸੰਤ ਰੁੱਤ ਨੂੰ ਕੁਦਰਤ ਦੀ ਮਿੱਠੀ ਅਤੇ ਖ਼ੂਬਸੂਰਤ ਨਿਆਮਤ ਕਿਹਾ ਜਾਂਦਾ ਹੈ। ਇਸ ਰੁੱਤ ਵਿੱਚ ਠੰਢ ਦਾ ਪ੍ਰਭਾਵ ਸਹਿਜੇ- ਸਹਿਜੇ ਘੱਟਣ ਲੱਗਦਾ ਹੈ ਅਤੇ ਦਰਖਤਾਂ ’ਤੇ ਹਰੇ ਪੱਤੇ ਆਉਣ ਲੱਗਦੇ ਹਨ। ਰੁੱਖ਼ਾਂ ਦੀਆਂ ਟਾਹਣੀਆਂ ਹਰੀਆਂ- ਭਰੀਆਂ ਹੋ ਜਾਂਦੀਆਂ ਹਨ। ਬੂਟਿਆਂ ਤੇ ਫੁੱਲ ਖਿੜਨ ਲੱਗਦੇ ਹਨ। ਇਸ ਰੁੱਤ ਦਾ ਸਮਾਂ ਫਰਵਰੀ ਦੇ ਅੱਧ ਤੋਂ ਲੇ ਕੇ ਅਪ੍ਰੈਲ ਦੇ ਆਖ਼ਰ ਤਕ ਮੰਨਿਆ ਜਾਂਦਾ ਹੈ। ਇਸ ਰੁੱਤ ਵਿੱਚ ਵਾਤਾਵਰਣ ਵਿੱਚ ਠੰਢੀ ਮਿੱਠੀ ਪਉਣ ਦੇ ਝੋਕੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੰਦੇ ਹਨ ਅਤੇ ਧਰਤੀ ਨਵੀਨ ਰੰਗਤ ਨਾਲ ਰੰਗੀਨ ਅਤੇ ਖ਼ੂਬਸੂਰਤ ਦਿੱਸਣ ਲੱਗਦੀ ਹੈ। ‘ਆਇਆ ਬਸੰਤ ਪਾਲ਼ਾ ਉਡੰਤ’ ਵਾਲੀ ਪੰਗਤੀ ਇਸੇ ਖੁਸ਼ਗਵਾਰ ਮੌਸਮ ਨੂੰ ਦਰਸਾਉਂਦੀ ਹੈ। ਇਸ ਰੁੱਤ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ “ਮੌਸਮਾਂ ਦੀ ਰਾਣੀ” ਵੀ ਕਿਹਾ ਜਾਂਦਾ ਹੈ। ਖ਼ੈਰ,

 ਖ਼ਾਸ ਗੱਲ ਇਹ ਹੈ ਕਿ ਇਸ ਥਾਂ ’ਤੇ ਕੇਵਲ ਮੌਸਮ (ਰੁੱਤ) ਦੀ ਤਬਦੀਲੀ ਦੀ ਹੀ ਗੱਲ ਨਹੀਂ ਕੀਤੀ ਜਾਂਦੀ ਬਲਕਿ ਮਨੁੱਖੀ ਜੀਵਨ ਵਿੱਚ ਨਵੀਨ ਤਾਜ਼ਗੀ, ਉਮੀਦ ਅਤੇ ਉਤਸ਼ਾਹ ਦਾ ਸੰਕੇਤ ਦਿੱਤਾ ਗਿਆ ਹੁੰਦਾ ਹੈ। ਬਸੰਤ ਰੁੱਤ ਦੇ ਆਗਮਨ ਮੌਕੇ ਚਾਰੇ ਪਾਸੇ (ਖੇਤਾਂ ਵਿੱਚ) ਹਰਿਆਲੀ ਛਾ ਜਾਂਦੀ ਹੈ। ਰੁੱਖਾਂ, ਬੂਟਿਆਂ ’ਤੇ ਬੈਠ ਕੇ ਪੰਛੀ ਚਹਿਕਦੇ ਹਨ। ਸਰੋਂ ਦੇ ਪੀਲੇ ਫੁੱਲ ਖੇਤਾਂ ਨੂੰ ਸੋਨੇ ਰੰਗਾ ਕਰਕੇ ਚਮਕਾ ਦਿੰਦੇ ਹਨ। ਹਵਾ ਵਿੱਚ ਮਿੱਠੀ– ਮਿੱਠੀ ਸੁਗੰਧੀ ਫੈਲ ਜਾਂਦੀ ਹੈ। ਕਹਿਰ ਦੀ ਠੰਢ ਦੀ ਥਾਂ ’ਤੇ ਕੋਸੀ– ਕੋਸੀ ਧੁੱਪ ਪਿੰਡੇ ਨੂੰ ਨਿੱਘ ਦੇਣ ਲੱਗਦੀ ਹੈ। ਲੋਕ ਧੁੱਪ ਵਿੱਚ ਬੈਠ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਲੈਣ ਲੱਗਦੇ ਹਨ। ਭਾਰੀ– ਮੋਟੇ ਕੱਪੜੇ ਸੁਆਣੀਆਂ ਪੈਟੀਆਂ- ਟਰੰਕਾਂ ਵਿੱਚ ਸੰਭਾਲਣ ਲੱਗਦੀਆਂ ਹਨ ਅਤੇ ਹਲਕੇ ਕੱਪੜੇ ਤੇ ਚਾਦਰਾਂ- ਖੇਸ ਕੱਢਣ ਲੱਗਦੀਆਂ ਹਨ। ਕੋਟੀਆਂ- ਸਵੈਟਰ ਤਹਿ ਕਰਕੇ ਸਾਂਭੇ ਜਾਣ ਲੱਗਦੇ ਹਨ ਅਤੇ ਅੱਧੀਆਂ ਬਾਹਵਾਂ ਵਾਲੇ ਕੁੜਤੇ- ਪਜਾਮੇ ਧੁੱਪ ਵਿੱਚ ਰੱਖੇ ਜਾਣ ਲੱਗਦੇ ਹਨ।

ਬਸੰਤ ਰੁੱਤ ਕੇਵਲ ਮੌਸਮ ਦੀ ਤਬਦੀਲੀ ਦੀ ਰੁੱਤ ਨਹੀਂ ਕਹੀ ਜਾ ਸਕਦੀ ਬਲਕਿ ਇਸ ਨੂੰ ਲੋਕ ਜੀਵਨ ਵਿੱਚ ਨਵ- ਊਰਜਾ ਦੇ ਸੰਚਾਰ ਦੀ ਰੁੱਤ ਵੀ ਕਿਹਾ ਜਾ ਸਕਦਾ ਹੈ। ਇਸ ਰੁੱਤ ਵਿੱਚ ਲੋਕ ਵਿਆਹ- ਸ਼ਾਦੀਆਂ ਕਰਨ ਲੱਗਦੇ ਹਨ, ਭਾਵ (ਉੱਤਰ ਭਾਰਤ ਵਿੱਚ) ਖ਼ਾਸ ਕਰਕੇ ਪੰਜਾਬ- ਹਰਿਆਣੇ ਵਿੱਚ ਇਹ ਵਿਆਹਾਂ ਦਾ ਸੀਜਨ ਹੁੰਦਾ ਹੈ। ਲੋਕ ਰੰਗ- ਬਿਰੰਗੇ ਕੱਪੜੇ ਪਾਉਣ ਲੱਗਦੇ ਹਨ ਅਤੇ ਲੋਕ- ਗੀਤਾਂ ਦੇ ਗਾਇਨ ਨਾਲ ਮਾਹੌਲ ਖੁਸ਼ਗਵਾਰ ਹੋ ਜਾਂਦਾ ਹੈ। ਮਨੁੱਖ ਆਪਣੇ ਨਿੱਤ ਦੇ ਅਕੇਵੇਂ ਤੋਂ ਛੁੱਟਕਾਰਾ ਪਾ ਲੈਂਦਾ ਹੈ। ਆਪਸ ਵਿੱਚ ਮੋਹ- ਮੁਹੱਬਤ ਦਾ ਸੰਚਾਰ ਹੋਣ ਲੱਗਦਾ ਹੈ। ਨਾਰਾਜ਼ਗੀਆਂ ਦੂਰ ਹੋਣ ਲੱਗਦੀਆਂ ਹਨ। ਲੋਕ ਇੱਕ- ਦੂਜੇ ਦੀ ਫਿਕਰ ਕਰਨ ਲੱਗਦੇ ਹਨ ਕਿਉਂਕਿ ਖੁਸ਼ੀਆਂ ਦੇ ਮੌਕੇ ਆਪਣੇ- ਪਿਆਰਿਆਂ ਨਾਲ ਹੀ ਸੋਭਦੇ ਹਨ। ਇਸ ਲਈ ਲੋਕ ਇੱਕ- ਦੂਜੇ ਦੀ ਨਾਰਾਜ਼ਗੀ ਦੂਰ ਕਰਕੇ ਪ੍ਰੇਮ ਦਾ ਸਬੂਤ ਦਿੰਦੇ ਹਨ ਅਤੇ ਖੁਸ਼ੀਆਂ ਮਾਣਦੇ ਹਨ।

ਪੰਜਾਬੀ ਸੱਭਿਆਚਾਰ ਵਿੱਚ ਬਸੰਤ ਰੁੱਤ:

ਬਸੰਤ ਰੁੱਤ ਪੰਜਾਬੀ ਸੱਭਿਆਚਾਰ, ਮਨੁੱਖ ਦੇ ਮਨੋਵਿਗਿਆਨ ਅਤੇ ਕੁਦਰਤ (ਤਿੰਨਾਂ) ਨੂੰ ਇੱਕੋ ਥਾਵੇਂ ਜੋੜ ਕੇ ਰੱਖਣ ਵਾਲੀ ਰੁੱਤ ਹੁੰਦੀ ਹੈ। ਕੁਦਰਤ (ਮੌਸਮ) ਪੱਖੋਂ ਵਿਚਾਰ ਕਰਨ ਨਾਲ ਇਹ ਰੁੱਤ ਨਵ- ਊਰਜਾ ਦੇ ਸੰਚਾਰ ਅਤੇ ਬਦਲਾਓ ਦੀ ਰੁੱਤ ਕਹੀ ਜਾਂਦੀ ਹੈ। ਹਿੰਦੀ ਸਾਹਿਤ ਦੇ ਸ਼ਬਦਕੋਸ਼ ਅਨੁਸਾਰ ਭਾਰਤ ਛੇ ਰੁੱਤਾਂ ਦੀ ਭੂਮੀ ਹੈ: ਹੇਮੰਤ, ਸਿਸ਼ਿਰ, ਬਸੰਤ, ਗ੍ਰੀਸ਼ਮ (ਗਰਮੀ), ਵਰਖ਼ਾ ਅਤੇ ਸ਼ਰਦ (ਠੰਢ)। ਇਸ ਦੇ ਮੁਤਾਬਿਕ ਬਸੰਤ ਰੁੱਤ ਸਰਦੀ ਅਤੇ ਗਰਮੀ ਦੇ ਵਿਚਾਲੇ ਇੱਕ ਕੜੀ ਵੱਜੋਂ ਕੰਮ ਕਰਦੀ ਹੈ (ਭਾਵ) ਸਰਦੀ ਪੂਰੀ ਤਰ੍ਹਾਂ ਗਈ ਨਹੀਂ ਹੁੰਦੀ ਅਤੇ ਗਰਮੀ ਪੂਰੀ ਤਰ੍ਹਾਂ ਆਈ ਨਹੀਂ ਹੁੰਦੀ। ਇਸ ਰੁੱਤ ਦੇ ਆਗਮਨ ਨਾਲ ਕੁਦਰਤ ਆਪਣੇ ਨਵੇਂ ਪਹਿਰਾਵੇ ਵਿੱਚ ਆਉਣ ਲੱਗਦੀ ਹੈ। ਭਾਵ ਰੁੱਖਾਂ- ਬੂਟਿਆਂ ’ਤੇ ਨਵੇਂ ਪੱਤੇ ਆਉਣ ਲੱਗਦੇ ਹਨ। ਖੇਤਾਂ ਵਿੱਚ ਹਰਿਆਲੀ ਛਾ ਜਾਂਦੀ ਹੈ। ਕੁਲ ਮਿਲਾ ਕੇ ਕੁਦਰਤ ਆਪਣੇ ਰੂਪ ਨੂੰ ਸ਼ਿੰਗਾਰ ਲੈਂਦੀ ਹੈ।

ਸਾਹਿਤਕ ਪ੍ਰਸੰਗ ਵਿੱਚ ਬਸੰਤ ਰੁੱਤ:

ਪੰਜਾਬੀ ਸਾਹਿਤ ਵਿੱਚ ਬਸੰਤ ਦੀ ਰੁੱਤ ਨੂੰ “ਮਿਲਾਪ ਦੀ ਰੁੱਤ” ਵੱਜੋਂ ਸਿਰਜਿਆ ਜਾਂਦਾ ਹੈ। ਇਹ ਰੁੱਤ ਹੈ ਜਦੋਂ ਪ੍ਰੇਮੀ- ਪ੍ਰਮਿਕਾ (ਪਤੀ- ਪਤਨੀ) ਇੱਕ– ਦੁਜੇ ਨਾਲ ਮਿਲਾਪ ਦੀ ਅਵਸਥਾ ਵਿੱਚ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਸੰਤ ਵਿੱਚ ਮਿਲਾਪ ਦੀ ਅਵਸਥਾ ਨੂੰ ਸਿਰਜਿਆ ਗਿਆ ਹੈ। ਇੱਥੇ ਗੁਰੂ ਸਾਹਿਬ ਜੀਵ ਰੂਪੀ ਇਸਤਰੀ ਅਤੇ ਪ੍ਰਭੂ- ਪਿਤਾ ਪ੍ਰਮਾਤਮਾ ਦੇ ਮਿਲਾਪ ਦੀ ਅਵਸਥਾ ਨੂੰ ਬਿਆਨ ਕਰਦੇ ਹਨ।

ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ।।

ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 791)

ਗੁਰੂ ਅੰਗਦ ਦੇਵ ਜੀ ਆਖਦੇ ਹਨ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਕੰਤ (ਮਾਲਕ) ਭਾਵ ਪ੍ਰਮਾਤਮਾ ਉਨ੍ਹਾਂ ਦੇ ਘਰ ਹਨ ਉਨ੍ਹਾਂ ਦੀ ਬਸੰਤ ਰੁੱਤ ਚੱਲ ਰਹੀ ਹੈ ਭਾਵ ਇਹ ਮਿਲਾਪ ਦੀ ਰੁੱਤ ਹੈ/ ਮਿਲਾਪ ਦੀ ਅਵਸਥਾ ਹੈ। ਇਸ ਰੁੱਤ ਵਿੱਚ ਪ੍ਰਭੂ- ਪਿਤਾ ਪ੍ਰਮਾਤਮਾ ਨਾਲ ਮਿਲਾਪ ਸਹਿਜਤਾ ਨਾਲ ਸੰਭਵ ਹੁੰਦਾ ਹੈ। ਕੁਦਰਤ ਖੇੜੇ ਦੀ ਅਵਸਥਾ ਵਿੱਚ ਹੁੰਦੀ ਹੈ।

ਮਉਲੀ ਧਰਤੀ ਮਉਲਿਆ ਆਕਾਸੁ।।

ਘਟਿ ਘਟਿ ਮਉਲਿਆ ਆਤਮੁ ਪਰਗਾਸੁ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1193)

ਅਤੇ

ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ।।

ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 791)

ਭਾਵ ਬਸੰਤ ਦੀ ਰੁੱਤ ਆਉਣ ਨਾਲ ਹਰ ਇੱਕ ਪਾਸਾ ਖਿੜ ਪੈਂਦਾ ਹੈ। ਚਾਰੇ ਪਾਸੇ ਰੱਬ ਦੀ ਦ੍ਰਿਸ਼ਟੀ ਨਾਲ ਖਿੜਿਆ ਵਾਤਾਵਰਣ ਮਨਮੋਹਕ ਦ੍ਰਿਸ਼ ਨੂੰ ਪੈਦਾ ਕਰਦਾ ਹੈ।

ਸੂਫ਼ੀ ਸਾਹਿਤ ਵਿੱਚ ਪੀਲੇ ਰੰਗ ਨੂੰ ਪ੍ਰੇਮ ਦੇ ਚਾਨਣ ਅਤੇ ਰੱਬੀ ਨੂਰ ਵੱਜੋਂ ਜਾਣਿਆ ਜਾਂਦਾ ਹੈ ਅਤੇ ਹਰੇ ਰੰਗ (ਭਾਵ ਹਰਿਆਲੀ) ਨੂੰ ਜੀਵਨ ਦੀ ਆਸ, ਲੋਕਾਂ ਦੀ ਗਿਣਤੀ ਅਤੇ ਉਮੀਦ ਦੀ ਕਿਰਨ ਵੱਜੋਂ ਚਿੱਤਰਿਆ ਜਾਂਦਾ ਰਿਹਾ ਹੈ।

ਸਕਲ ਬਣ ਫੂਲੇ ਅੰਬਰ ਭਏ, ਬਸੰਤ ਆਯੋ ਰੇ। (ਅਮੀਰ ਖੁਸਰੋ)

ਅਤੇ

ਇਸ਼ਕ ਦੀ ਹਵਾ ਵੱਗੇ ਤਾਂ ਦਿਲ ਦਾ ਬਾਗ ਖਿੜ ਪੈਂਦਾ ਹੈ। (ਸ਼ਾਹ ਨਿਆਜ਼ੀ)

ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਬਸੰਤ ਰੁੱਤ ਨੂੰ ਵਿਸ਼ੇਸ਼ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਇਆ ਜਾਂਦਾ ਰਿਹਾ ਹੈ ਤੇ ਇਸ ਨਾਲ ਖੇੜੇ ਅਤੇ ਮਿਲਾਪ ਦੀ ਅਵਸਥਾ ਨੂੰ ਚਿੱਤਰਿਆ ਜਾਂਦਾ ਰਿਹਾ ਹੈ।

 ਮਨੋਵਿਗਿਆਨਕ ਪੜਚੋਲ:

ਮਨੁੱਖ ਦਾ ਜੀਵਨ ਭੱਜਦੌੜ ਭਰਿਆ ਜੀਵਨ ਹੈ। ਅੱਜ ਮਨੁੱਖ ਕੋਲ਼ ਸਹੁਲਤਾਂ ਭਾਵੇਂ ਵੱਧ ਗਈਆਂ ਹਨ ਪਰ, ਮਾਨਸਿਕ ਸਕੂਨ ਕਿੱਧਰੇ ਗੁਆਚ ਗਿਆ ਜਾਪਦਾ ਹੈ। ਰੁੱਤਾਂ ਦੀ ਤਬਦੀਲੀ ਮਨੁੱਖ ਦੇ ਮਨ ਅੰਦਰ ਪੈਦਾ ਹੁੰਦੇ ਅਕੇਵੇਂ ਨੂੰ ਦੂਰ ਕਰਦੀ ਹੈ ਅਤੇ ਸੰਕੇਤਕ ਰੂਪ ਵਿੱਚ ਸਿੱਖਿਆ ਵੀ ਦਿੰਦੀ ਹੈ ਕਿ ਕੋਈ ਵੀ ਚੀਜ਼ (ਦੁੱਖ- ਸੁੱਖ) ਸਦੀਵੀਂ ਨਹੀਂ ਹਨ। ਜਿਸ ਪ੍ਰਕਾਰ ਗਰਮੀ ਤੋਂ ਬਾਅਦ ਸਰਦੀ ਆਉਂਦੀ ਹੈ ਉਵੇਂ ਹੀ ਸਰਦੀ ਤੋਂ ਬਾਅਦ ਗਰਮੀ ਵੀ ਆਉਣਾ ਕੁਦਰਤ ਦਾ ਨਿਯਮ ਹੈ। ਕਿਸੇ ਮਨੁੱਖ ਦੇ ਜੀਵਨ ਵਿੱਚ ਜੇਕਰ ਦੁੱਖਾਂ ਦੇ ਪਹਾੜ ਹਨ ਤਾਂ ਉਹ ਛੇਤੀ ਹੀ ਸਮਾਪਤ ਵੀ ਹੋ ਜਾਣੇ ਹੁੰਦੇ ਹਨ। ਕੁਦਰਤ ਜਿਸ ਤਰ੍ਹਾਂ ਰੁੱਤਾਂ ਨੂੰ ਇੱਕੋ ਵਰਗਾ ਨਹੀਂ ਰੱਖਦੀ ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸਥਿਤੀਆਂ/ ਅਵਸਥਾਵਾਂ ਵੀ ਹਮੇਸ਼ਾ ਇੱਕੋ ਵਰਗੀਆਂ ਨਹੀਂ ਰਹਿੰਦੀਆਂ। ਬਸੰਤ ਰੁੱਤ ਦੀ ਰੰਗੀਨਤਾ ਮਨੁੱਖ ਦੇ ਜੀਵਨ ਅੰਦਰ ਚਮਕ ਅਤੇ ਊਰਜਾ ਦਾ ਸੰਚਾਰ ਕਰਦੀ ਹੈ।

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਬਸੰਤ ਰੁੱਤ ਮਨੁੱਖ ਦੇ ਜੀਵਨ ਵਿੱਚ ਜਿੱਥੇ ਕੁਦਰਤੀ ਬਦਲਾਓ ਨੂੰ ਰੂਪਮਾਨ ਕਰਦੀ ਹੈ ਉੱਥੇ ਹੀ ਸੱਭਿਆਚਾਰਕ ਪਰਿਪੇਖ, ਸਮਾਜਿਕ ਸੰਦਰਭ, ਮਨੋਵਿਗਿਆਨਕ ਦ੍ਰਿਸ਼ਟੀ ਅਤੇ ਸਾਹਿਤਕ ਪ੍ਰਸੰਗ ਨੂੰ ਵੀ ਬਿਆਨਦੀ ਹੈ। ਇਹ ਰੁੱਤ ਮਨੁੱਖ ਦੇ ਜੀਵਨ ਵਿੱਚ ਨਵ- ਚੇਤਨਾ ਦਾ ਸੰਚਾਰ ਕਰਦੀ ਹੈ। ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ ਤੋਂ ਰਾਹਤ ਮਹਿਸੂਸ ਕਰਦਾ ਹੈ ਅਤੇ ਉਸਨੂੰ ਰੱਬ ਦੀ ਨਿਆਮਤ (ਕੁਦਰਤ) ਨਾਲ ਇੱਕ- ਮਿੱਕ ਹੋਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਬਣਦਾ ਹੈ। ਜੀਵਨ ਵਿੱਚ ਖੁਸ਼ੀ ਅਤੇ ਖੇੜੇ ਦਾ ਅਹਿਸਾਸ ਹੁੰਦਾ ਹੈ।

*****

# 1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)

ਸੰਪਰਕ: 90414-98009.

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin