August 17, 2026

Justice News

ਅਵਾਮ ਦੀ ਆਵਾਜ਼

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੀਟ ਮਾਰਕੀਟ ਖੰਨਾ ‘ਚ ‘ਸਰਕਾਰ ਤੁਹਾਡੇ ਦੁਆਰ’  ਕੈਂਪ ਲਗਾ ਕੇ ਲੋਕਾਂ ਨੂੰ ਦਿੱਤਾ ਗਿਆ ਲੋਕ ਭਲਾਈ ਸਕੀਮਾਂ ਦਾ ਲਾਭ

ਖੰਨਾ, ਲੁਧਿਆਣਾ
(ਜਸਟਿਸ ਨਿਊਜ਼)
ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਦੌਰਾਨ ਇੱਕ ਨਵੀਂ, ਇਨਕਲਾਬੀ ਅਤੇ ਲੋਕ-ਹਿਤੈਸ਼ੀ ਪਹਿਲਕਦਮੀ ਤਹਿਤ ਖੰਨਾ ਸ਼ਹਿਰ ਦੇ ਸਭ ਤੋਂ ਵੱਡੇ ਨਸ਼ਾ ਤਸਕਰੀ ਦੇ ਹੋਟ ਸਪੋਟ ਮੀਟ ਮਾਰਕੀਟ ਇਲਾਕੇ ਨੂੰ ਗੋਦ ਲਿਆ ਗਿਆ ਸੀ ਤਾਂ ਜੋ ਇੱਥੇ ਰਹਿੰਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜ ਕੇ ਪੂਰੀ ਤਰ੍ਹਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਉਪ ਮੰਡਲ ਮੈਜਿਸਟਰੇਟ ਖੰਨਾ ਸਵਾਤੀ ਟਿਵਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਆਦੇਸ਼ ਅਨੁਸਾਰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਮੀਟ ਮਾਰਕੀਟ ਖੰਨਾ ਦੇ ਇਲਾਕੇ ਵਿੱਚ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਮੀਟ ਮਾਰਕੀਟ ਇਲਾਕੇ ਦੇ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਸਾਫ਼-ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਸਿਹਤ ਵਿਭਾਗ ਵੱਲੋਂ ਇਸ ਇਲਾਕੇ ਦੇ ਹਰੇਕ ਪਰਿਵਾਰ ਦਾ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਬਣਾਏ ਗਏ ਹਨ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਇਸ ਇਲਾਕੇ ਦੇ ਲੋਕਾਂ ਦਾ ਚੈੱਕਅੱਪ ਕਰਕੇ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਇਸ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ, ਸੀਨੀਅਰ ਸਿਟੀਜ਼ਨ ਕਾਰਡ, ਅਨੁਸੂਚਿਤ ਜਾਤੀ ਸਰਟੀਫਿਕੇਟ, ਆਧਾਰ ਅਪਡੇਟ ਅਤੇ ਹੋਰ ਵੱਖ-ਵੱਖ ਸਬੰਧਤ ਇਸ ਇਲਾਕੇ ਦੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਗਿਆ।
ਸਵਾਤੀ ਟਿਵਾਣਾ ਨੇ ਦੱਸਿਆ ਕਿ ਘਰਾਂ ਵਿੱਚ ਸਾਫ ਸਫਾਈ ਦੀ ਮੁਹਿੰਮ ਚਲਾਈ ਗਈ। ਘਰ-ਘਰ ਡਸਟਬਿਨ ਮੁਹੱਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਫੜ ਕੇ ਨਸਬੰਦੀ ਕਰਨ ਲਈ ਲਿਜਾਇਆ ਜਾ ਰਿਹਾ ਹੈ। ਮੀਟ ਮਾਰਕੀਟ ਖੰਨਾ ਵਿਚਲੇ ਟੋਭੇ ਦੀ ਸਾਫ਼-ਸਫ਼ਾਈ ਕਰਵਾ ਕੇ ਇਸ ਨੂੰ ਇੱਕ ਪਾਰਕ ਵਿੱਚ ਤਬਦੀਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਮੀਟ ਮਾਰਕੀਟ ਖੰਨਾ ਦੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ ਅਤੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹਨਾਂ ਲੋਕਾਂ ਨੂੰ ਸਮਾਜ ਪ੍ਰਤੀ ਜਿੰਮੇਵਾਰੀਆਂ ਲਈ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਜਦੋਂ ਤੋਂ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਗੋਦ ਲਿਆ ਗਿਆ ਹੈ ਉਦੋਂ ਤੋਂ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਥੋਂ ਦੇ ਵਸਨੀਕਾ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।
ਐਸ.ਡੀ.ਐਮ ਖੰਨਾ ਨੇ ਦੱਸਿਆ ਕਿ ਇਹ ਪਹਿਲ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਆਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ ਕਿਉਂਕਿ ਮੀਟ ਮਾਰਕੀਟ ਦਾ ਇਹ ਇਲਾਕਾ ਵਿਕਾਸ ਪੱਖੋਂ, ਜਾਗਰੂਕਤਾ ਪੱਖੋਂ ਪੱਛੜਿਆ ਹੋਇਆ ਹੈ। ਸੋ ਇਸ ਦੇ ਵਿਕਾਸ ਲਈ ਸਰਕਾਰੀ ਸਹੂਲਤਾਂ ਨੂੰ ਇਹਨਾਂ ਲੋਕਾਂ ਦੇ ਘਰ-ਘਰ ਪਹੁੰਚਾਉਣ ਦਾ ਟੀਚਾ ਹੈ। ਸਭ ਤੋਂ ਪਹਿਲਾਂ ਕੰਮ ਸਾਫ-ਸਫਾਈ ਦਾ ਸ਼ੁਰੂ ਕੀਤਾ ਗਿਆ ਹੈ। ਜਿੱਥੇ ਲੋਕ ਕੂੜਾ ਕਰਕਟ ਸੁੱਟਦੇ ਸਨ ਉਨ੍ਹਾਂ ਥਾਵਾਂ ਨੂੰ ਸਾਫ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਨਾਲ ਮਿਲ ਕੇ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਕਿੰਨੇ ਬੱਚੇ ਸਕੂਲਾਂ ਵਿੱਚ ਦਾਖਲ ਹਨ, ਕਿੰਨੇ ਦਾਖਲ ਨਹੀਂ ਹਨ ਅਤੇ ਕਿੰਨੇ ਸਕੂਲ ਵਿੱਚ ਦਾਖਲ ਹੋਣ ਵਾਲੇ ਹਨ ਤਾਂ ਜੋ ਪੜ੍ਹਾਈ ਤੋਂ ਵਾਂਝੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰਾ ਨਿੱਜੀ ਮੰਨਣਾ ਹੈ ਕਿ ਪੜ੍ਹਾਈ ਕਰਕੇ ਹੀ ਬੰਦਾ ਸਮਾਜ ਵਿੱਚ ਅੱਗੇ ਵਧ ਸਕਦਾ ਹੈ ਸੋ ਵਿਦਿਆ ਗ੍ਰਹਿਣ ਕਰਨਾ ਸਭ ਦਾ ਸਮਾਨ ਅਧਿਕਾਰ ਹੈ। ਸੋ ਸਾਡਾ ਤਿੰਨ ਚੀਜ਼ਾਂ ‘ਤੇ ਫੋਕਸ ਹੈ ਕਿ ਇੱਥੇ ਸਾਫ ਸਫਾਈ ਹੋਵੇ, ਵਿਦਿਆ ਦਾ ਪ੍ਰਸਾਰ ਹੋਵੇ, ਨੌਜਵਾਨ ਬੱਚੇ ਗਲਤ ਸੰਗਤ ਵਿੱਚ ਨਾ ਪੈਣ ਅਤੇ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜਾਰ ਸਕਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.